ਬਰਨਾਲਾ: ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਲਈ ਸਿਰਫ਼ ਚਾਰ ਦਿਨ ਬਾਕੀ ਹਨ। ਅੱਜ ਬਰਨਾਲਾ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਧਾਲੀਵਾਲ ਦੇ ਹੱਕ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵਲੋਂ ਸ਼ਹਿਰ ਦੇ ਫ਼ਰਵਾਹੀ ਬਾਜ਼ਾਰ ਵਿੱਚ ਰੈਲੀ ਕੀਤੀ ਗਈ। ਇਸ ਦੌਰਾਨ ਉਹਨਾਂ ਸਰਕਾਰ ਦੀਆਂ ਪ੍ਰਾਪਤੀਆਂ ਦਾ ਗੁਣਗਾਣ ਕੀਤਾ ਅਤੇ ਬਰਨਾਲਾ ਸਿਹਤ ਸਹੂਲਤਾਂ ਲਈ ਵੱਡੇ ਵਾਅਦੇ ਕੀਤੇ।
ਸਰਕਾਰ ਨੇ ਕੰਮ ਕੀਤਾ ਤੇ ਵਾਅਦੇ ਪੂਰੇ ਕੀਤੇ
ਇਸ ਮੌਕੇ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਢਾਈ ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੇ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ। 117 ਵਿੱਚੋਂ 92 ਸੀਟਾਂ ਦੇ ਕੇ ਇੱਕ ਇਤਿਹਾਸਕ ਸੀਟ ਦਿੱਤੀ ਸੀ। ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਸਰਕਾਰ ਨੇ ਕੰਮ ਕੀਤਾ ਅਤੇ ਬਹੁਤ ਵਾਅਦੇ ਪੂਰੇ ਕਰ ਦਿੱਤੇ। ਉਹਨਾਂ ਕਿਹਾ ਕਿ 'ਆਪ' ਸਰਕਾਰ ਨੇ ਲੋਕਾਂ ਨੂੰ ਬਿਜਲੀ ਦੇ ਬਿੱਲ ਮੁਫ਼ਤ ਕਰਕੇ ਵੱਡੀ ਸਮੱਸਿਆ ਦਾ ਹੱਲ ਕੀਤਾ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।
ਨੌਜਵਾਨਾਂ ਨੂੰ 48 ਹਜ਼ਾਰ ਸਰਕਾਰੀ ਨੌਕਰੀਆਂ
ਕੇਜਰੀਵਾਲ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਮੁਹੱਲਾ ਕਲੀਨਿਕ ਬਣ ਰਹੇ ਹਨ ਅਤੇ ਸਰਕਾਰੀ ਹਸਪਤਾਲ ਵਧੀਆ ਬਣ ਰਹੇ ਹਨ। ਜਿੱਥੇ ਸਾਰਾ ਇਲਾਜ਼ ਮੁਫ਼ਤ ਕੀਤੇ ਜਾ ਰਹੇ ਹਨ। ਪੂਰੇ ਪੰਜਾਬ ਵਿੱਚ ਸਕੂਲ ਵਧੀਆ ਬਣਾ ਕੇ ਬੱਚਿਆਂ ਨੂੰ ਚੰਗੀ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ। ਰੁਜ਼ਗਾਰ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਹੁਣ ਤੱਕ 48 ਹਜ਼ਾਰ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ। ਪਹਿਲਾਂ ਨੌਕਰੀਆਂ ਸਿਫ਼ਾਰਸ ਦੇ ਆਧਾਰ 'ਤੇ ਮਿਲਦੀਆਂ ਸਨ, ਪ੍ਰੰਤੂ 'ਆਪ' ਸਰਕਾਰ ਦੌਰਾਨ ਨੌਕਰੀ ਲਈ ਕਿਸੇ ਨੂੰ ਸਿਫ਼ਾਰਸ ਜਾਂ ਪੈਸੇ ਨਹੀਂ ਦੇਣੇ ਪਏ।
ਹੁਣ ਨਹੀਂ ਕੋਈ ਟੈਂਕੀਆਂ ਉਪਰ ਚੜ੍ਹਦਾ:ਕੇਜਰੀਵਾਲ
ਉਹਨਾਂ ਕਿਹਾ ਕਿ ਰੁਜ਼ਗਾਰ ਅਤੇ ਰੈਗੂਲਰ ਹੋਣ ਲਈ ਨੌਜਵਾਨ ਟੈਂਕੀਆਂ ਉਪਰ ਚੜ੍ਹੇ ਹੁੰਦੇ ਸਨ। ਹੁਣ ਸਰਕਾਰ ਨੇ ਬਹੁਤ ਸਾਰਿਆਂ ਨੂੰ ਰੈਗੂਲਰ ਕਰ ਦਿੱਤਾ ਹੈ ਅਤੇ ਹੁਣ ਕੋਈ ਵੀ ਟੈਂਕੀ ਉਪਰ ਨਹੀਂ ਚੜ੍ਹਿਆ ਹੈ। ਉਹਨਾਂ ਕਿਹਾ ਕਿ ਢਾਈ ਸਾਲ ਪਹਿਲਾਂ ਬਰਨਾਲਾ ਦੇ ਲੋਕਾਂ ਨੇ ਮੀਤ ਹੇਅਰ ਨੂੰ ਵਿਧਾਇਕ ਬਣਾ ਕੇ ਮੰਤਰੀ ਬਣਾਇਆ ਅਤੇ ਹੁਣ ਮੀਤ ਹੇਅਰ ਮੈਂਬਰ ਪਾਰਲੀਮੈਂਟ ਬਣ ਕੇ ਸੰਸਦ ਵਿੱਚ ਪਹੁੰਚ ਗਿਆ ਹੈ। ਉਹਨਾਂ ਕਿਹਾ ਕਿ ਬਰਨਾਲਾ ਦੇ ਲੋਕਾਂ ਨੂੰ ਆਪਣਾ ਆਸ਼ੀਰਵਾਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਧਾਲੀਵਾਲ ਨੂੰ ਦੇ ਕੇ ਵਿਧਾਨ ਸਭਾ ਭੇਜਣਾ ਹੈ।
ਬਰਨਾਲਾ 'ਚ ਕੀਤੇ ਇਹ ਸਾਰੇ ਕੰਮ
ਉਹਨਾਂ ਕਿਹਾ ਕਿ 35 ਸਾਲ ਤੋਂ ਬਰਨਾਲਾ ਇਲਾਕਾ ਵਿਕਾਸ ਤੋਂ ਅਧੂਰਾ ਰਿਹਾ, ਕਿਉਂਕਿ ਪੰਜਾਬ ਵਿੱਚ ਸਰਕਾਰ ਹੋਰ ਅਤੇ ਬਰਨਾਲਾ ਵਿੱਚ ਹੋਰ ਪਾਰਟੀ ਦਾ ਵਿਧਾਇਕ ਹੁੰਦਾ ਸੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਵਿਧਾਇਕ ਵੀ 'ਆਪ' ਦਾ ਰਿਹਾ। ਜਿਸ ਦੌਰਾਨ ਬਰਨਾਲਾ ਹਲਕੇ ਦਾ ਵੱਡੇ ਪੱਧਰ 'ਤੇ ਵਿਕਾਸ ਹੋਇਆ। ਉਹਨਾਂ ਕਿਹਾ ਕਿ ਪਿਛਲੇ ਢਾਈ ਸਾਲਾਂ ਦੌਰਾਨ ਬਰਨਾਲਾ ਵਿੱਚ ਨਹਿਰੀ ਪਾਣੀ, ਇੰਟਰਲਾਕ, ਗਲੀਆਂ, ਨਾਲੀਆਂ, ਸਕੂਲਾਂ, ਛੱਪੜ, ਲਾਇਬ੍ਰੇਰੀ, ਖੇਡ ਸਟੇਡੀਅਮ, ਸੀਵਰੇਜ ਆਦਿ ਦੇ ਵੱਡੇ ਪੱਧਰ 'ਤੇ ਕੰਮ ਹੋਏ ਹਨ। ਉਹਨਾਂ ਕਿਹਾ ਕਿ ਪਿੰਡ ਸੰਘੇੜਾ ਵਿਖੇ ਵੱਡਾ ਖੇਡ ਸਟੇਡੀਅਮ ਬਣਾਇਆ ਜਾ ਰਿਹਾ ਹੈ, ਜਿਸਦਾ ਕੰਮ ਸ਼ੁਰੂ ਹੋ ਗਿਆ ਹੈ।
ਇਹ ਪ੍ਰੋਜੈਕਟ ਬਰਨਾਲਾ ਦੇ ਹੋ ਚੁੱਕੇ ਪਾਸ
ਉਹਨਾਂ ਕਿਹਾ ਕਿ ਇਕੱਲੇ ਬਰਨਾਲਾ ਸ਼ਹਿਰ ਵਿੱਚ ਪੀਣ ਦੇ ਪਾਣੀ ਅਤੇ ਸੀਵਰੇਜ ਲਈ 87 ਕਰੋੜ ਰੁਪਏ ਦੇ ਪ੍ਰੋਜੈਕਟ ਪਾਸ ਕੀਤੇ ਜਾ ਚੁੱਕੇ ਹਨ। ਹਲਕੇ ਦੀਆਂ ਸਾਰੀਆਂ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬਰਨਾਲਾ ਦੇ ਸਰਕਾਰੀ ਹਸਪਤਾਲ ਦੀਆਂ ਸਾਰੀਆਂ ਘਾਟਾਂ ਦੂਰ ਕੀਤੀਆਂ ਜਾ ਰਹੀਆਂ ਹਨ। ਹਸਪਤਾਲ ਵਿੱਚ ਇੱਕ ਟਰੌਮਾ ਸੈਂਟਰ ਵੀ ਬਣਾਇਆ ਜਾ ਰਿਹਾ ਹੈ। ਬਰਨਾਲਾ ਵਿਖੇ ਇੱਕ ਇੰਡਸਟਰੀਅਲ ਫ਼ੋਕਲ ਪੁਆਇੰਟ ਬਣਾਇਆ ਜਾਵੇਗਾ, ਜਿਸ ਲਈ ਜਗ੍ਹਾ ਚੁਣ ਲਈ ਗਈ ਹੈ। ਕੇਜਰੀਵਾਲ ਨੇ ਕਿਹਾ ਕਿ ਹੁਣ ਬਰਨਾਲਾ ਦੇ ਲੋਕ ਜਿਸ ਦੀ ਪੰਜਾਬ ਵਿੱਚ ਸਰਕਾਰ ਹੈ, ਉਸੇ ਪਾਰਟੀ ਦਾ ਐਮਐਲਏ ਬਣਾਉਣਗੇ। ਜੇਕਰ ਕਿਸੇ ਹੋਰ ਪਾਰਟੀ ਦਾ ਵਿਧਾਇਕ ਚੁਣ ਲਿਆ ਤਾਂ ਉਹ ਵਿਧਾਨ ਸਭਾ ਵਿੱਚ ਸਿਰਫ਼ ਲੜਾਈ ਹੀ ਕਰੇਗਾ, ਜਦਕਿ ਵਿਕਾਸ ਨਹੀਂ ਕਰੇਗਾ। ਇਸ ਕਰਕੇ ਬਰਨਾਲਾ ਦੇ ਲੋਕ ਹਰਿੰਦਰ ਧਾਲੀਵਾਲ ਨੂੰ ਹੀ ਜਿਤਾਉਣ।
ਹਰਿੰਦਰ ਧਾਲੀਵਾਲ ਦੀ ਜਿੱਤ ਲਈ ਮੰਗੀ ਵੋਟ
ਉਹਨਾਂ ਕਿਹਾ ਕਿ ਬਰਨਾਲਾ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ। ਇੱਕ ਵਾਰ ਵੀ ਚੋਣ ਆਮ ਆਦਮੀ ਪਾਰਟੀ ਇੱਥੋਂ ਨਹੀਂ ਹਾਰੀ। ਜਦੋਂ ਤੋਂ 2012 ਤੋਂ ਬਾਅਦ ਆਪ ਨੇ ਚੋਣ ਲੜੀ ਆਮ ਆਦਮੀ ਪਾਰਟੀ ਬਰਨਾਲਾ ਤੋਂ ਜ਼ਰੂਰ ਜਿੱਤੀ ਹੈ। ਬਰਨਾਲਾ ਦੇ ਲੋਕਾਂ ਨੇ ਹਮੇਸ਼ਾ ਸਾਡੀ ਪਾਰਟੀ ਨੁੰ ਪਿਆਰ ਦਿੱਤਾ ਹੈ। ਇਸ ਕਰਕੇ ਬਰਨਾਲਾ ਦੇ ਲੋਕ ਇਸ ਵਾਰ ਮੁੜ ਆਪ ਉਮੀਦਵਾਰ ਹਰਿੰਦਰ ਧਾਲੀਵਾਲ ਨੂੰ ਵੋਟਾਂ ਪਾ ਕੇ ਜਿਤਾਉਣ। ਉਥੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ ਵੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਕੇ ਹਰਿੰਦਰ ਧਾਲੀਵਾਲ ਨੁੰ ਜਿਤਾਉਣ ਦੀ ਅਪੀਲ ਕੀਤੀ।