ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਨਰਾਇਣ ਸਿੰਘ ਚੌਰਾ ਵੱਲੋਂ ਕੀਤੇ ਗਏ ਜਾਨਲੇਵਾ ਹਮਲੇ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਨੂੰ ਮੁਸਤੈਦੀ ਨਾਲ ਡੱਕਣ ਵਾਲੇ ਏਐੱਸਆਈ ਜਸਬੀਰ ਸਿੰਘ ਨੇ ਆਖਿਆ ਕਿ ਸੁਖਬੀਰ ਬਾਦਲ ਦੀ ਸੁਰੱਖਿਆ ਵਿੱਚ ਤਾਇਨਾਤ ਕੀਤੇ ਜਾਣ ਤੋਂ ਪਹਿਲਾਂ ਹੀ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਸਾਰਾ ਕੁੱਝ ਸਮਝਾਇਆ ਸੀ।
ਮਰਿਆਦਾ ਦੇ ਮੱਦੇਨਜ਼ਰ ਨਹੀਂ ਕਰ ਸਕਦੇ ਸੰਗਤ ਦੀ ਚੈਕਿੰਗ
ਏਐੱਸਆਈ ਜਸਬੀਰ ਸਿੰਘ ਮੁਤਾਬਿਕ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਵਿੱਚ ਤਾਇਨਾਤ ਕਰਦਿਆਂ ਹਰ ਵੇਲੇ ਸ਼ਰਾਰਤੀ ਅਨਸਰਾਂ ਤੋਂ ਚੌਕਸ ਰਹਿਣ ਲਈ ਆਖਿਆ ਸੀ। ਇਸ ਦੌਰਾਨ ਉਹ ਬੀਤੇ ਦਿਨ ਤੋਂ ਹੀ ਪੂਰੀ ਮੁਸਤੈਦੀ ਦੇ ਨਾਲ ਆਪਣੀ ਡਿਊਟੀ ਨਿਭਾ ਰਹੇ ਸਨ। ਉਨ੍ਹਾਂ ਆਖਿਆ ਕਿ ਦਰਬਾਰ ਸਾਹਿਬ ਦੀ ਮਰਿਆਦਾ ਕਰਕੇ ਉਹ ਸੰਗਤ ਦੀ ਚੈਕਿੰਗ ਨਹੀਂ ਕਰ ਸਕਦੇ ਇਸ ਲਈ ਮੁਲਜ਼ਮ ਨਰਾਇਣ ਸਿੰਘ ਚੌਰਾ ਪਿਸਤੌਲ ਅੰਦਰ ਲੈਕੇ ਆਉਣ ਵਿੱਚ ਕਾਮਯਾਬ ਰਿਹਾ।
ਸ਼ੱਕ ਪੈਣ ਉੱਤੇ ਮੁਸਤੈਦੀ ਨਾਲ ਕਾਬੂ ਕੀਤਾ ਮੁਲਜ਼ਮ
ਏਐੱਸਆਈ ਜਸਬੀਰ ਸਿੰਘ ਨੇ ਅੱਗੇ ਆਖਿਆ ਕਿ ਬਹੁਤ ਸਾਰੀ ਸੰਗਤ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਲਈ ਆ ਜਾ ਰਹੀ ਸੀ ਅਤੇ ਇਸ ਦੌਰਾਨ ਜਦੋਂ ਉਹ ਸੁਖਬੀਰ ਬਾਦਲ ਨਾਲ਼ ਖੜ੍ਹੇ ਸਨ ਤਾਂ ਉਨ੍ਹਾਂ ਨੂੰ ਦਸਤਾਰ ਧਾਰੀ ਸ਼ਖ਼ਸ ਉੱਤੇ ਸ਼ੱਕ ਹੋਇਆ ਜੋ ਇੱਕਦਮ ਸੁਖਬੀਰ ਬਾਦਲ ਵੱਲ ਵੱਧ ਰਿਹਾ ਸੀ। ਇਸ ਦੌਰਾਨ ਮੁਲਜ਼ਮ ਨੇ ਆਪਣੇ ਡੱਬ ਵਿੱਚੋਂ ਪਿਸਤੌਲ ਕੱਢ ਕੇ ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਤੇਜ਼ੀ ਨਾਲ ਉਸ ਵੱਲ ਭੱਜ ਕੇ ਬਾਂਹ ਫੜ੍ਹ ਲਈ ਅਤੇ ਟ੍ਰੇਨਿੰਗ ਮੁਤਾਬਿਕ ਮੁਲਜ਼ਮ ਦੀ ਬਾਂਹ ਨੂੰ ਫੜ੍ਹ ਕੇ ਹਵਾ ਵੱਲ ਕਰ ਦਿੱਤਾ। ਬਾਂਹ ਹਵਾ ਵੱਲ ਹੋਣ ਕਾਰਣ ਫਾਇਰ ਤਾਂ ਹੋਇਆ ਪਰ ਇਹ ਦਰਬਾਰ ਸਾਹਿਬ ਦੀ ਕੰਧ ਵਿੱਚ ਵੱਜਾ,ਇਸ ਤੋਂ ਬਾਅਦ ਬਾਕੀ ਮੁਲਾਜ਼ਮਾਂ ਨੇ ਰਲ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਗੰਨ ਵੀ ਮੌਕੇ ਤੋਂ ਹੀ ਬਰਾਮਦ ਕਰ ਲਈ ਗਈ।