ਲੁਧਿਆਣਾ: ਲੁਧਿਆਣਾ ਦੇ ਪੱਛਮੀ ਹਲਕੇ ਤੋਂ ਮਰਹੂਮ ਐਮਐਲਏ ਗੁਰਪ੍ਰੀਤ ਗੋਗੀ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਦਾ ਪਰਿਵਾਰ ਅੱਜ ਮੀਡੀਆ ਦੇ ਨਾਲ ਰੂਬਰੂ ਹੋਇਆ। ਇਸ ਮੌਕੇ ਉਹਨਾਂ ਨੇ ਆਪਣੇ ਪਰਿਵਾਰ ਦੀ ਗੱਲ ਕਰਦਿਆਂ ਕਿਹਾ ਕਿ ਗੁਰਪ੍ਰੀਤ ਗੋਗੀ ਦੇ ਜਾਣ ਦਾ ਘਾਟਾ ਕੋਈ ਪੂਰਾ ਨਹੀਂ ਕਰ ਸਕਦਾ ਪਰ ਉਹ ਹਲਕੇ ਦੇ ਲੋਕਾਂ ਦੀ ਸੇਵਾ ਦੇ ਲਈ ਹਮੇਸ਼ਾ ਹਾਜ਼ਰ ਰਹਿਣਗੇ।
ਉਹਨਾਂ ਨੇ ਕਿਹਾ ਕਿ ਜਿੰਨੇ ਵੀ ਪ੍ਰੋਜੈਕਟ ਸਨ, ਇਸ ਸਬੰਧੀ ਬੀਤੇ ਦਿਨ ਮੇਅਰ ਉਹਨਾਂ ਦੇ ਘਰ ਆਏ ਸਨ। ਉਹਨਾਂ ਕਿਹਾ ਕਿ ਲੋਕਾਂ ਦੇ ਜੋ ਵੀ ਕੰਮ ਹੋਣਗੇ, ਉਹ ਪਹਿਲ ਦੇ ਅਧਾਰ 'ਤੇ ਕਰਵਾਏ ਜਾਣਗੇ। ਸਾਡਾ ਪੂਰਾ ਪਰਿਵਾਰ ਹਲਕੇ ਦੇ ਲੋਕਾਂ ਦੇ ਲਈ ਵਚਨਬੱਧ ਹੈ ਅਤੇ ਅਸੀਂ ਮਰਹੂਮ ਐਮਐਲਏ ਗੋਗੀ ਦੀ ਕਮੀ ਤਾਂ ਪੂਰੀ ਨਹੀਂ ਕਰ ਸਕਦੇ ਪਰ ਅੱਜ ਵੀ ਲੋਕ ਇੱਕ ਆਸ ਦੇ ਨਾਲ ਸਾਡੇ ਪਰਿਵਾਰ ਵੱਲ ਕੰਮਾਂ ਨੂੰ ਲੈ ਕੇ ਵੇਖਦੇ ਹਨ ਅਤੇ ਅਸੀਂ ਲੋਕਾਂ ਨੂੰ ਇਹ ਵਿਸ਼ਵਾਸ ਦਵਾਉਂਦੇ ਹਨ ਕਿ ਉਹ ਉਹਨਾਂ ਦੇ ਨਾਲ ਖੜ੍ਹੇ ਹਨ।
ਗੋਗੀ ਦੀ ਪਤਨੀ ਤੇ ਉਨ੍ਹਾਂ ਦੇ ਬੇਟੇ ਨੇ ਲੋਕਾਂ ਨਾਲ ਕੀਤੀ ਮੁਲਾਕਾਤ
ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਵੀ ਧਰਮ ਪਤਨੀ ਡਾਕਟਰ ਸੁਖਚੈਨ ਕੌਰ ਗੋਗੀ ਅਤੇ ਉਹਨਾਂ ਦੇ ਬੇਟੇ ਵੱਲੋਂ ਅੱਜ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਹਨਾਂ ਦੇ ਹਲਕੇ ਦੇ ਜਿੱਤੇ ਹੋਏ ਕੌਂਸਲਰ ਵੀ ਪਹੁੰਚੇ ਹੋਏ ਸਨ। ਜਿਸ ਤੋਂ ਬਾਅਦ ਲੁਧਿਆਣਾ ਕੇਂਦਰੀ ਹਲਕੇ ਤੋਂ ਐਮਐਲਏ ਅਸ਼ੋਕ ਪੱਪੀ ਵੀ ਪਹੁੰਚੇ। ਜਿੰਨਾਂ ਨੇ ਕਿਹਾ ਕਿ ਦਿੱਲੀ ਚੋਣਾਂ ਦੇ ਵਿੱਚ ਸਾਰੀ ਪਾਰਟੀ ਰੁੱਝੀ ਹੋਈ ਹੈ। ਉਸ ਤੋਂ ਬਾਅਦ ਜਿਸ ਤਰ੍ਹਾਂ ਅੱਜ ਗੋਗੀ ਦੇ ਘਰ ਉਹ ਆਪ ਪਹੁੰਚੇ ਹਨ ਅਤੇ ਪਰਿਵਾਰ ਨਾਲ ਗੱਲ ਕੀਤੀ ਹੈ।
ਉਹਨਾਂ ਕਿਹਾ ਕਿ ਪਰਿਵਾਰ ਪਹਿਲਾਂ ਵੀ ਜ਼ਿੰਮੇਵਾਰ ਸੀ ਅਤੇ ਹੁਣ ਵੀ ਜ਼ਿੰਮੇਵਾਰੀਆਂ ਲੈ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੱਜ ਅਸੀਂ ਇਕੱਠੇ ਹੋਏ ਹਾਂ, ਇਸੇ ਤਰ੍ਹਾਂ ਪਾਰਟੀ ਪੱਧਰ 'ਤੇ ਵੀ ਸਾਰੇ ਇਕੱਠੇ ਹੋਵਾਂਗੇ। ਉਹਨਾਂ ਕਿਹਾ ਕਿ ਕੋਈ ਨਾ ਕੋਈ ਜਿੰਮੇਵਾਰੀ ਦੀ ਗੱਲ ਜ਼ਰੂਰ ਕੀਤੀ ਜਾਵੇਗੀ। ਇਸ ਦੌਰਾਨ ਉਹਨਾਂ ਦਿੱਲੀ ਚੋਣਾਂ ਦੇ ਵਿੱਚ ਜਿੱਤ ਦਾ ਦਾਅਵਾ ਵੀ ਕੀਤਾ ਤੇ ਕਿਹਾ ਕਿ ਭਾਜਪਾ ਚਾਹੇ ਜਿੰਨੇ ਮਰਜ਼ੀ ਹੱਥਕੰਡੇ ਅਪਣਾ ਲਵੇ ਆਮ ਆਦਮੀ ਪਾਰਟੀ ਦੀ ਚੌਥੀ ਵਾਰ ਦਿੱਲੀ ਦੇ ਵਿੱਚ ਸਰਕਾਰ ਬਣੇਗੀ।