ਲੁਧਿਆਣਾ: ਪੰਜਾਬ ਵਿੱਚ ਪਹਿਲਾਂ ਐਨਆਰਆਈ ਲਾੜੇ ਕੁੜੀਆਂ ਨੂੰ ਵਿਦੇਸ਼ ਲਿਜਾਣ ਦੇ ਨਾਂ 'ਤੇ ਵਿਆਹ ਕਰਵਾ ਕੇ ਇੱਥੇ ਹੀ ਛੱਡ ਜਾਂਦੇ ਸਨ, ਪਰ ਸਮਾਂ ਬਦਲਣ ਦੇ ਨਾਲ ਹੁਣ ਕੁੜੀਆਂ ਦੀ ਥਾਂ ਨੌਜਵਾਨ ਇਸ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਵਿੱਚ ਮੁੰਡਿਆਂ ਨਾਲੋਂ ਕੁੜੀਆਂ ਜ਼ਿਆਦਾ ਪੜ੍ਹੀਆਂ ਲਿਖੀਆਂ ਹਨ ਅਤੇ ਪ੍ਰੀਖਿਆ ਦੇ ਨਤੀਜੇ ਵੀ ਅਜਿਹੇ ਹੀ ਆਉਦੇ ਹਨ ਜਿਸ ਕਰਕੇ ਹੁਣ ਵਿਆਹ ਕਰਵਾਉਣ ਤੋਂ ਪਹਿਲਾਂ ਹੀ ਲੜਕੀ ਨੂੰ ਆਈਲੈਟਸ ਕਰਵਾਈ ਜਾਂਦੀ ਹੈ। ਫਿਰ ਸਹੁਰਾ ਪਰਿਵਾਰ ਲੱਖਾਂ ਰੁਪਏ ਖ਼ਰਚ ਕਰਦਾ ਹੈ ਤੇ ਲੜਕੀ ਨੂੰ ਬਾਹਰ ਭੇਜਦਾ ਹੈ। ਕਈ ਲੜਕੀਆਂ ਬਾਹਰ ਜਾ ਕੇ ਆਪਣੇ ਪਤੀ ਨੂੰ ਵਿਦੇਸ਼ ਬੁਲਾਉਣ ਦੀ ਥਾਂ ਉਸ ਨੂੰ ਤਲਾਕ ਦੇ ਪੱਤਰ ਭੇਜ ਦਿੰਦੀਆਂ ਹਨ। ਅਜਿਹੇ ਮਾਮਲਿਆਂ ਵਿੱਚ ਪਿਛਲੇ 5 ਸਾਲਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ।
'ਅਬਨਹੀਂ ਸੰਸਥਾ' ਦੀ ਸ਼ੁਰੂਆਤ: ਅਜਿਹੇ ਮਾਮਲਿਆਂ 'ਚ ਮਦਦ ਕਰਨ ਵਾਲੀ ਲੁਧਿਆਣਾ ਦੀ ਰਜਿਸਟਰਡ ਸੰਸਥਾ ਅਬਨਹੀਂ ਦੀ ਸ਼ੁਰੂਆਤ 2016 ਵਿੱਚ ਹੋਏ ਸੀ। ਇਸ ਦੀ ਸ਼ੁਰੂਆਤ ਕਰਨ ਵਾਲੀ ਸਤਵਿੰਦਰ ਕੌਰ ਸੱਤੀ ਖੁਦ ਐਨਆਰਆਈ ਲਾੜੇ ਦੀ ਧੋਖਾਧੜੀ ਦਾ ਸ਼ਿਕਾਰ ਹੈ। 2009 ਵਿੱਚ ਉਸ ਦਾ ਵਿਆਹ ਐਨਆਰਆਈ ਲਾੜੇ ਨਾਲ ਹੋਇਆ ਸੀ, 2022 ਵਿੱਚ ਤਲਾਕ ਹੋਇਆ। ਸੱਤੀ ਨੇ ਇਨਸਾਫ਼ ਲਈ ਖੁਦ 13 ਸਾਲ ਦੀ ਉਡੀਕ ਕੀਤੀ। ਇਨ੍ਹਾਂ 13 ਸਾਲਾਂ ਵਿੱਚ ਉਸ ਨੂੰ ਮਹਿਸੂਸ ਹੋਇਆ ਕੇ ਪੰਜਾਬ ਵਿੱਚ ਉਸ ਵਰਗੀਆਂ ਹਜ਼ਾਰਾਂ ਮਹਿਲਾਵਾਂ ਨੇ ਜਿਨ੍ਹਾਂ ਨਾਲ ਐਨਆਰਆਈ ਧੋਖਾ ਕਰਕੇ ਚਲੇ ਜਾਂਦੇ ਹਨ ਅਤੇ ਵਿਦੇਸ਼ ਲਿਜਾਉਣ ਦੇ ਉਨ੍ਹਾਂ ਨੂੰ ਸੁਪਨੇ ਵਿਖਾ ਕੇ ਉਨ੍ਹਾਂ ਨਾਲ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਠੱਗੀਆਂ ਮਾਰਦੇ ਹਨ। ਅਜਿਹੀ ਪੀੜ੍ਹਤ ਮਹਿਲਾਵਾਂ ਲਈ ਉਸ ਨੇ ਇਹ ਸੰਸਥਾ ਸ਼ੁਰੂ ਕੀਤੀ ਸੀ ਅਤੇ ਹੁਣ ਤੱਕ ਉਹ 500 ਤੋਂ ਵੱਧ ਧੋਖੇਬਾਜ਼ ਐਨਆਰਆਈ ਲਾੜਿਆਂ ਦੇ ਪਾਸਪੋਰਟ ਰੱਦ ਕਰਵਾ ਚੁੱਕੀ ਹੈ।
ਪੀੜਿਤ ਸੱਤੀ ਦੀ ਕਹਾਣੀ: ਸਤਵਿੰਦਰ ਸੱਤੀ ਨੇ ਦੱਸਿਆ ਕਿ ਮੇਰੇ ਵਰਗੀਆਂ ਕਈ ਅਜਿਹੀਆਂ ਮਹਿਲਾਵਾਂ ਹਨ ਜਿੰਨ੍ਹਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਕਈ ਮਹਿਲਾਵਾਂ ਦੀ ਉਮਰ 60 ਸਾਲ ਤੋਂ ਵਧੇਰੇ ਹੋ ਚੁੱਕੀ ਹੈ, ਪਰ ਅੱਜ ਤੱਕ ਉਨ੍ਹਾਂ ਦੇ ਪਤੀ ਵਿਦੇਸ਼ ਤੋਂ ਵਾਪਿਸ ਨਹੀਂ ਆਏ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦੇ ਕੇਸ ਜਾਂਚ ਕਰਨ ਦੇ ਨਾਲ-ਨਾਲ, ਕੌਂਸਲਿੰਗ ਤੋਂ ਲੈ ਕੇ ਤਲਾਕ ਤੱਕ ਦੇ ਸਾਰੇ ਕੰਮ ਉਨ੍ਹਾਂ ਦੀ ਸੰਸਥਾ ਕਰਵਾਉਂਦੀ ਹੈ ਅਤੇ ਉਨ੍ਹਾਂ ਦੇ ਨਾਲ ਕਈ ਪੀੜਿਤ ਮਹਿਲਾਵਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਐਨਆਰਆਈ ਕੁੜੀਆਂ ਧੋਖੇ ਦੇ ਰਹੀਆਂ ਹਨ। ਅਜਿਹੇ ਕਈ ਮਾਮਲੇ ਉਨ੍ਹਾਂ ਕੋਲ ਸਾਹਮਣੇ ਆ ਰਹੇ ਹਨ।
ਕੇਸ ਸਟਡੀ : ਐਨਆਰਆਈ ਕੁੜੀਆਂ ਵੱਲੋਂ ਆਪਣੇ ਪਤੀ ਨੂੰ ਧੋਖਾ ਦੇਣ ਦੇ ਮਾਮਲੇ ਵੱਧ ਰਹੇ ਹਨ। ਅਜਿਹੇ ਮਾਮਲਿਆਂ ਨੂੰ ਜ਼ਿਆਦਤਰ ਲੜਕੇ ਮੀਡੀਆ ਵਿੱਚ ਲਿਆਉਣ ਤੋਂ ਡਰਦੇ ਹਨ, ਕਿਉਂਕਿ ਉਨ੍ਹਾਂ ਨੂੰ ਬਦਨਾਮੀ ਅਤੇ ਮਜ਼ਾਕ ਦਾ ਪਾਤਰ ਬਣਨ ਦਾ ਡਰ ਸਤਾਉਂਦਾ ਰਹਿੰਦਾ ਹੈ। ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ, ਜਿੱਥੇ ਮਹਿੰਦਰਪਾਲ ਸਿੰਘ ਨੂੰ ਅਮਨਦੀਪ ਕੌਰ ਵੱਲੋਂ ਧੋਖਾ ਦਿੱਤਾ ਗਿਆ ਹੈ।
ਪੀੜਿਤ ਦੀ ਰਿਸ਼ਤੇਦਾਰ ਨੇ ਸਤਵਿੰਦਰ ਕੌਰ ਸੱਤੀ ਨਾਲ ਫੋਨ ਉੱਤੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਸਰੀ ਵਿੱਚ ਬੀਤੇ ਦਿਨੀਂ ਮੌਤ ਹੋ ਗਈ ਹੈ। 45 ਲੱਖ ਰੁਪਏ ਲਾ ਕੇ ਉਨ੍ਹਾਂ ਨੇ ਆਪਣੀ ਨੂੰਹ ਨੂੰ ਕੈਨੇਡਾ ਭੇਜਿਆ ਸੀ, ਪਰ ਉਸ ਨੇ ਵਿਦੇਸ਼ ਜਾਂ ਕੇ ਲੜਕੇ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ, ਜਿਸ ਕਰਕੇ ਲੜਕੇ ਨੂੰ ਪਰਿਵਾਰ ਨੇ ਸੈਰ-ਸਪਾਟਾ ਵੀਜ਼ਾ ਲੱਗਵਾ ਕੇ ਕੈਨੇਡਾ ਭੇਜਿਆ। 2 ਮਹੀਨੇ 4 ਦਿਨ ਬਾਅਦ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਗਈ। ਉਸ ਦੀ ਮੈਡੀਕਲ ਰਿਪੋਰਟ ਵਿੱਚ ਆਇਆ ਕਿ ਕੁੜੀ ਨੇ ਲੜਕੇ ਨੂੰ ਬੇਹੋਸ਼ੀ ਵਾਲੀਆਂ ਗੋਲੀਆਂ ਦਿੱਤੀਆਂ ਸਨ ਜਿਸ ਨਾਲ ਉਸ ਦੀ ਮੌਤ ਹੋ ਗਈ। ਇੱਥੋਂ ਤੱਕ ਕਿ ਉਸ ਦੀ ਲਾਸ਼ ਵੀ ਵਿਦੇਸ਼ ਦੇ ਅੰਦਰ ਲਾਵਾਰਿਸ ਲਾਸ਼ਾਂ ਵਿੱਚ ਰੱਖ ਦਿੱਤੀ ਗਈ। ਉਸ ਦੀ ਪਤਨੀ ਨੇ ਆਪਣੇ ਪਤੀ ਦੀ ਲਾਸ਼ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਪਤਨੀ ਨੇ ਪਰਿਵਾਰ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਹੈ। ਪੀੜਿਤ ਪਰਿਵਾਰ ਨੇ ਆਪਣੇ 3 ਕਿੱਲੇ ਵੇਚ ਕੇ ਲੜਕੇ ਦਾ ਪਹਿਲਾ ਵਿਆਹ ਕੀਤਾ, ਫਿਰ ਨੂੰਹ ਨੂੰ ਬਾਹਰ ਭੇਜਿਆ ਅਤੇ ਫਿਰ ਲੜਕੇ ਨੂੰ ਬਾਹਰ ਭੇਜਿਆ ਅਤੇ ਹੁਣ ਨਾ ਲੜਕਾ ਬਚਿਆ ਅਤੇ ਨਾ ਹੀ ਜ਼ਮੀਨ।
ਸਖ਼ਤ ਕਰਵਾਈ ਦੀ ਲੋੜ: ਸਤਵਿੰਦਰ ਸੱਤੀ ਦਾ ਕਹਿਣਾ ਹੈ ਕਿ ਸਾਡੇ ਵਰਗੀਆਂ ਸੰਸਥਾਵਾਂ ਨੂੰ ਸੰਵਿਧਾਨਿਕ ਤੌਰ ਉੱਤੇ ਮਾਨਤਾ ਦੇ ਕੇ ਕੁੱਝ ਸ਼ਕਤੀਆਂ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਐਨਆਰਆਈ ਦੇ ਖਿਲਾਫ਼ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਦਾ ਪਾਸਪੋਰਟ ਤੱਕ ਰੱਦ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸ਼ਿਕਾਇਤ ਕਰਨ ਲਈ ਉਹ ਆਪਣੇ ਨੇੜਲੇ ਲੋਕਲ ਪੁਲਿਸ ਸਟੇਸ਼ਨ ਜਾਂਦੇ ਹਨ, ਤਾਂ ਉੱਥੋਂ ਕੋਈ ਚੰਗਾ ਰਿਸਪਾਂਸ ਨਾ ਮਿਲਣ ਕਰਕੇ ਨਿਰਾਸ਼ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਦੇ ਅੰਦਰ ਐਨਆਰਆਈ ਥਾਣੇ ਵਿੱਚ ਤੁਰੰਤ ਸ਼ਿਕਾਇਤ ਦੇਣੀ ਚਾਹੀਦੀ ਹੈ ਅਤੇ ਉਹ ਤੁਰੰਤ ਕਾਰਵਾਈ ਵੀ ਕਰਦੇ ਹਨ। ਪਰ, ਉਨ੍ਹਾਂ ਕਿਹਾ ਕਿ ਸਾਡੇ ਰਿਸ਼ਤਿਆਂ ਵਿੱਚ ਅੱਜ ਕਲ੍ਹ ਖੱਟਾਸ ਪੈਦਾ ਹੁੰਦੀ ਜਾ ਰਹੀ ਹੈ। ਪੰਜਾਬ ਦੇ ਵਿੱਚ ਨੌਜਵਾਨ ਬੇਰੁਜ਼ਗਾਰ ਹਨ, ਨਸ਼ੇ ਦੀ ਦਲਦਲ ਦੇ ਵਿੱਚ ਫੱਸਦੇ ਜਾ ਰਹੇ ਹਨ। ਉਨ੍ਹਾਂ ਨੂੰ ਇੱਥੇ ਲੋੜ ਮੁਤਾਬਕ ਕੋਈ ਕੰਮ ਕਰਨ ਲਈ ਤਨਖਾਹ ਵੀ ਨਹੀਂ ਮਿਲਦੀਆਂ ਜਿਸ ਕਰਕੇ ਉਹ ਵਿਦੇਸ਼ਾਂ ਦਾ ਰੁੱਖ ਕਰਦੇ ਹਨ ਅਤੇ ਇਸੇ ਕਾਰਨਾਂ ਕਰਕੇ ਉਹ ਅਕਸਰ ਹੀ ਠੱਗੀ ਦਾ ਸ਼ਿਕਾਰ ਹੁੰਦੇ ਹਨ।