ਬਰਨਾਲਾ: ਆਮ ਆਦਮੀ ਪਾਰਟੀ ਵੱਲੋਂ ਬਰਨਾਲਾ ਵਿਖੇ ਭਾਜਪਾ ਅਤੇ ਗ੍ਰਹਿ ਮੰਤਰੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਅਮਿਤ ਸ਼ਾਹ ਵੱਲੋਂ ਡਾ. ਅੰਬੇਡਕਰ ਪ੍ਰਤੀ ਕੀਤੀ ਟਿੱਪਣੀ ਖਿਲਾਫ਼ ਰੋਸ ਜ਼ਾਹਿਰ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਗ੍ਰਹਿ ਮੰਤਰੀ ਦੀ ਟਿੱਪਣੀ ਨੂੰ ਸ਼ਰਮਨਾਮ ਅਤੇ ਨਿੰਦਣਯੋਗ ਦੱਸਿਆ। ਇਸ ਪ੍ਰਦਰਸ਼ਨ ਦੌਰਾਨ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਸੂਬਾ ਐਸਸੀ ਵਿੰਗ ਦੇ ਪ੍ਰਧਾਨ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਿਸ਼ੇਸ਼ ਤੌਰ 'ਤੇ ਪਹੁੰਚੇ।
ਆਪ ਦਾ ਪ੍ਰਦਰਸ਼ਨ
ਇਸ ਮੌਕੇ ਗੱਲਬਾਤ ਕਰਦਿਆਂ ਐਸਸੀ ਵਿੰਗ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਪੰਡੋਰੀ ਅਤੇ ਹੋਰ ਆਗੂਆਂ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਵੱਲੋਂ ਪਾਰਟੀ ਹਾਈਕਮਾਂਡ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੇ ਜਿਲ੍ਹਾ ਹੈਡਕੁਆਟਰਾਂ ਉਪਰ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਡੀਸੀ ਨੂੰ ਮੰਗ ਪੱਤਰ ਸੌਂਪੇ ਗਏ ਹਨ। ਉਹਨਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਦੇਸ਼ ਦੇ ਸੰਵਿਧਾਨ ਨਿਰਮਾਤਾ ਡਾ.ਬੀ ਆਰ ਅੰਬੇਡਕਰ ਪ੍ਰਤੀ ਬਹੁਤ ਮੰਦਭਾਗੀ ਟਿੱਪਣੀ ਕੀਤੀ ਹੈ। ਜੋ ਬਹੁਤ ਸ਼ਰਮਨਾਮ ਅਤੇ ਨਿੰਦਣਯੋਗ ਹੈ।
ਡਾ.ਅੰਬੇਡਕਰ 'ਤੇ ਟਿੱਪਣੀ ਨਿੰਦਣਯੋਗ
ਉਹਨਾਂ ਕਿਹਾ ਕਿ ਡਾ.ਅੰਬੇਡਕਰ ਦੇਸ਼ ਦੇ ਸੰਵਿਧਾਨ ਨਿਰਮਾਤਾ ਦੇ ਨਾਲ ਨਾਲ ਦੇਸ਼ ਦੇ ਕਾਨੂੰਨ ਮੰਤਰੀ ਰਹੇ ਹਨ ਅਤੇ ਦੇਸ਼ ਦੇ ਕਰੋੜਾਂ ਲੋਕ ਉਹਨਾਂ ਨੂੰ ਆਪਣਾ ਪਿਤਾ ਆਖ ਕੇ ਸੰਬੋਧਨ ਕਰਦੇ ਹਨ। ਅਜਿਹੀ ਸਖ਼ਸੀਅਤ ਪ੍ਰਤੀ ਗ੍ਰਹਿ ਮੰਤਰੀ ਦੀ ਟਿੱਪਣੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਜੋ ਲੋਕ ਏਨੀ ਵੱਡੀ ਸਖ਼ਸੀਅਤ ਡਾ.ਅੰਬੇਡਕਰ ਪ੍ਰਤੀ ਅਜਿਹੀ ਟਿੱਪਣੀ ਕਰ ਸਕਦੇ ਹਨ, ਉਹ ਆਮ ਲੋਕਾਂ ਨੂੰ ਕੁੱਝ ਵੀ ਨਹੀਂ ਸਮਝਦੇ। ਉਹਨਾਂ ਕਿਹਾ ਕਿ ਬਾਬਾ ਸਾਹਿਬ ਪ੍ਰਤੀ ਅਜਿਹੀ ਟਿੱਪਣੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
ਇਸ ਟਿੱਪਣੀ ਦੇ ਰੋਸ ਵਜੋਂ ਡੀਸੀ ਬਰਨਾਲਾ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪਿਆ ਹੈ ਅਤੇ ਗ੍ਰਹਿ ਮੰਤਰੀ ਨੂੰ ਇਸ ਟਿੱਪਣੀ ਪ੍ਰਤੀ ਜਨਤਕ ਤੌਰ ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਮਿਤ ਸ਼ਾਹ ਦੀਆਂ ਪੀੜ੍ਹੀ ਵਿੱਚ ਕੋਈ ਵੀ ਵਿਅਕਤੀ ਏਨਾ ਨਹੀਂ ਪੜਿਆ ਹੋਣਾ, ਜਿੰਨਾਂ ਇਕੱਲੇ ਡਾ.ਅੰਬੇਡਕਰ ਪੜ੍ਹੇ ਲਿਖੇ ਸਨ। ਜਿਸ ਕਰਕੇ ਗ੍ਰਹਿ ਮੰਤਰੀ ਨੂੰ ਅਜਿਹੀ ਟਿੱਪਣੀ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ।