ਲੁਧਿਆਣਾ : ਪੰਜਾਬ ਦੇ ਵਿੱਚ ਅੱਜ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਖੇਮੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਆਮ ਆਦਮੀ ਪਾਰਟੀ ਨੇ ਚਾਰ ਜ਼ਿਮਨੀ ਚੋਣਾਂ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਤਿੰਨ ਤੇ ਕਬਜ਼ਾ ਕਰ ਲਿਆ ਹੈ। ਗਿੱਦੜਬਾਹਾ ਹੋਟ ਸੀਟ ਤੋਂ ਆਮ ਆਦਮੀ ਪਾਰਟੀ ਦੇ ਡਿੰਪੀ ਢਿੱਲੋ, ਚੱਬੇਵਾਲ ਸੀਟ ਤੋਂ ਆਮ ਆਦਮੀ ਪਾਰਟੀ ਦੇ ਇਸ਼ਾਨ ਢਿੱਲੋਂ ਜਦੋਂ ਕਿ ਦੂਜੇ ਪਾਸੇ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਸੁਖਜਿੰਦਰ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਨੂੰ ਮਾਤ ਦੇ ਦਿੱਤੀ ਹੈ। ਹਾਲਾਂਕਿ ਬਰਨਾਲਾ ਦੇ ਵਿੱਚ ਜਰੂਰ ਕਾਂਗਰਸ ਉਲਟ ਫੇਰ ਕਰਨ 'ਚ ਕਾਮਯਾਬ ਰਹੀ। ਇਸ ਸੀਟ ਤੇ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋ 28 ਹਜਾਰ ਤੋਂ ਵੱਧ ਵੋਟਾਂ ਲੈ ਕੇ ਜਿੱਤੇ ਹਨ। ਆਮ ਆਦਮੀ ਪਾਰਟੀ ਦੀ ਉਮੀਦਵਾਰ ਨੂੰ 26000 ਦੇ ਕਰੀਬ ਵੋਟਾਂ ਪਈਆਂ ਜਦੋਂ ਕਿ ਭਾਜਪਾ ਤੀਜੇ ਨੰਬਰ ਤੇ ਰਹੀ ਕੇਵਲ ਢਿੱਲੋਂ ਨੂੰ 17,000 ਵੋਟਾਂ ਪਈਆਂ।
ਵੱਡਾ ਉਲਟ ਫੇਰ
ਚਾਰ ਸੀਟਾਂ ਦੀ ਜ਼ਿਮਨੀ ਚੋਣਾਂ ਨੇ ਪੰਜਾਬ ਦੀ ਸਿਆਸਤ ਤੇ ਵੱਡਾ ਉਲਟ ਫੇਰ ਕਰ ਦਿੱਤਾ ਹੈ ਜਿੱਥੇ ਇੱਕ ਪਾਸੇ ਕਾਂਗਰਸ 2027 ਦੇ ਵਿੱਚ ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਤੋਂ ਬਾਅਦ ਸਰਕਾਰ ਬਣਾਉਣ ਦੇ ਦਾਅਵੇ ਪੇਸ਼ ਕਰ ਰਹੀ ਸੀ। ਉੱਥੇ ਹੀ ਦੂਜੇ ਪਾਸੇ ਜ਼ਿਮਨੀ ਚੋਣਾਂ ਨੇ ਇੱਕ ਵਾਰ ਮੁੜ ਤੋਂ ਲੋਕਾਂ ਦਾ ਰੁਝਾਨ ਆਮ ਆਦਮੀ ਪਾਰਟੀ ਵੱਲ ਵਿਖਾ ਕੇ ਕਾਂਗਰਸ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਜਿੰਨਾਂ ਤਿੰਨ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ, ਇਹ ਤਿੰਨੇ ਹੀ ਵਿਧਾਨ ਸਭਾ ਹਲਕੇ ਕਾਂਗਰਸ ਦਾ ਗੜ੍ਹ ਸਨ। ਹਾਲਾਂਕਿ ਕਾਂਗਰਸ ਵੀ ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਗੜ ਦੇ ਵਿੱਚ ਸੇਂਧਮਾਰੀ ਕਰਨ 'ਚ ਕਾਮਯਾਬ ਰਹੀ। ਅਮਰਿੰਦਰ ਰਾਜਾ ਵੜਿੰਗ ਨੇ ਅਤੇ ਸੁਖਜਿੰਦਰ ਰੰਧਾਵਾ ਦੋਵੇਂ ਹੀ ਕਾਂਗਰਸ ਦੇ ਕਦਾਵਰ ਆਗੂ ਹਨ ਅਤੇ ਦੋਵਾਂ ਨੇ ਆਪਣੀ ਜੱਦੀ ਹਲਕਿਆਂ ਨੂੰ ਬਚਾਉਣ ਦੇ ਲਈ ਧਰਮ ਪਤਨੀ ਨੂੰ ਚੁਣ ਮੈਦਾਨ ਦੇ ਵਿੱਚ ਉਤਾਰਿਆ ਸੀ ਪਰ ਦੋਵੇਂ ਹੀ ਪਤਨੀ ਆਪਣੇ ਪਤੀ ਦੇ ਜੱਦੀ ਹਲਕਿਆਂ ਨੂੰ ਬਚਾਉਣ 'ਚ ਨਾਕਾਮ ਰਹੀਆਂ। ਪਹਿਲਾਂ ਤੋਂ ਹੀ ਆਮ ਆਦਮੀ ਪਾਰਟੀ ਇਨ੍ਹਾਂ ਦੋਵਾਂ ਹੀ ਆਗੂਆਂ ਤੇ ਪਰਿਵਾਰਵਾਦ ਦੇ ਇਲਜ਼ਾਮ ਲਗਾ ਰਹੇ ਸਨ ਅਤੇ ਵੋਟਾਂ ਵੀ ਇਸੇ ਹਿਸਾਬ ਦੇ ਨਾਲ ਪਈਆਂ ਕਿ ਲੋਕਾਂ ਨੇ ਦੋਵਾਂ ਦੀ ਹੀ ਧਰਮ ਪਤਨੀ ਨੂੰ ਨਕਾਰ ਦਿੱਤਾ।
2024 ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਬਦਲਾ
ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਵੇਂ ਕੇਂਦਰ ਦੇ ਅੰਦਰ ਭਾਜਪਾ ਮੁੜ ਤੋਂ ਕਾਬਜ਼ ਰਹੀ ਸੀ ਪਰ ਕਾਂਗਰਸ ਦਾ ਪੰਜਾਬ ਦੇ ਵਿੱਚ ਪ੍ਰਦਰਸ਼ਨ ਲੋਕਾਂ ਦੇ ਦਿਲ ਜਿੱਤਣ ਚ ਕਾਮਯਾਬ ਰਿਹਾ ਸੀ ਪਰ ਇਨ੍ਹਾਂ ਜ਼ਿਮਨੀ ਚੋਣਾਂ ਨੇ ਵੱਡਾ ਫਿਰ ਉਲਟ ਫੇਰ ਕਰ ਦਿੱਤਾ ਹੈ। ਲੋਕ ਸਭਾ ਚੋਣਾਂ 2024 ਦੇ ਪੰਜਾਬ ਨਤੀਜਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 13 ਲੋਕ ਸਭਾ ਸੀਟਾਂ ਵਿੱਚੋਂ ਸੱਤ ਸੀਟਾਂ ਤੇ ਕਾਂਗਰਸ ਕਾਬਜ਼ ਰਹੀ ਸੀ ਜਦੋਂ ਕਿ 3 ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਵਿੱਚ ਆਈਆਂ ਸਨ। ਉੱਥੇ ਹੀ 2 ਆਜ਼ਾਦ ਉਮੀਦਵਾਰ ਜਿੱਤੇ ਸਨ ਅਤੇ ਇੱਕ ਬਠਿੰਡਾ ਦੀ ਲੋਕ ਸਭਾ ਸੀਟ ਬਚਾਉਣ ਦੇ ਵਿੱਚ ਅਕਾਲੀ ਦਲ ਕਾਮਯਾਬ ਰਿਹਾ ਸੀ। ਸੱਤਾ ਤੇ ਕਾਬਜ਼ ਹੋਣ ਦੇ ਬਾਵਜੂਦ ਲੋਕ ਸਭਾ ਚੋਣਾਂ 'ਚ ਨਿਰਾਸ਼ਾ ਜਨਕ ਪ੍ਰਦਰਸ਼ਨ ਆਮ ਆਦਮੀ ਪਾਰਟੀ ਦਾ ਰਿਹਾ ਸੀ ਪਰ ਹੁਣ ਜ਼ਿਮਨੀ ਚੋਣਾਂ ਦੇ ਵਿੱਚ ਚਾਰ ਵਿੱਚੋਂ ਤਿੰਨ ਸੀਟਾਂ 'ਤੇ ਕਾਬਜ਼ ਹੋ ਕੇ ਆਮ ਆਦਮੀ ਪਾਰਟੀ ਇੱਕ ਵਾਰ ਮੁੜ ਤੋਂ ਸੂਬੇ ਦੇ ਵਿੱਚ ਉਭਰੀ ਹੈ। ਇਹ ਚਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਹੋਈਆਂ ਜ਼ਿਮਨੀ ਚੋਣਾਂ ਪਾਰਟੀਆਂ ਲਈ ਵਕਾਰ ਦਾ ਸਵਾਲ ਬੜੀਆਂ ਹੋਈਆਂ ਸਨ। ਅਤੇ ਸਾਰੀਆਂ ਹੀ ਪਾਰਟੀਆਂ ਨੇ ਇਨ੍ਹਾਂ 'ਤੇ ਕਾਬਜ਼ ਹੋਣ ਲਈ ਅੱਡੀ ਚੋਟੀ ਦਾ ਜ਼ੋਰ ਵੀ ਲਾਇਆ ਹੋਇਆ ਸੀ।
ਅਕਾਲੀ ਦਲ ਦੀ ਗੈਰ ਮੌਜੂਦਗੀ
ਹਾਲਾਂਕਿ ਚਾਰ ਜ਼ਿਮਨੀ ਚੋਣਾਂ ਦੇ ਵਿੱਚ ਅਕਾਲੀ ਦਲ ਨੇ ਭਾਗ ਨਹੀਂ ਲਿਆ ਸੀ। ਅਕਾਲੀ ਦਲ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਉਹ ਜ਼ਿਮਨੀ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਣਗੇ ਅਤੇ ਅਕਾਲੀ ਦਲ ਦਾ ਹਾਲਾਂਕਿ ਇਨ੍ਹਾਂ ਚਾਰਾਂ ਸੀਟਾਂ ਤੇ ਵੋਟ ਬੈਂਕ ਮੌਜੂਦ ਸੀ। ਪਰ ਉਹ ਭਾਜਪਾ ਅਤੇ ਕਾਂਗਰਸ ਦੇ ਹੱਕ ਦੇ ਵਿੱਚ ਨਾ ਪੈ ਕੇ ਸੱਤਾ ਧਰਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਚਲਾ ਗਿਆ ਇਸੇ ਕਰਕੇ ਆਮ ਆਦਮੀ ਪਾਰਟੀ ਦੇ ਖਿਮੇ ਦੇ ਵਿੱਚ ਖੁਸ਼ੀ ਦੀ ਲਹਿਰ ਅੱਜ ਵੇਖਣ ਨੂੰ ਮਿਲੀ। ਚੋਣ ਨਤੀਜਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਐਮਐਲਏ ਗੁਰਪ੍ਰੀਤ ਗੋਗੀ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਲੋਕਾਂ ਨੇ ਫਤਵਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਿਸ਼ਵਾਸ ਕੀਤਾ। ਗਿੱਦੜਬਾਹਾ ਸੀਟ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦੇ ਹੋਏ ਉਨ੍ਹਾਂ ਨੂੰ ਕਿਹਾ ਕਿ ਜੋਰ ਲਾਉਣ ਦੇ ਨਾਲ ਕੁਝ ਨਹੀਂ ਹੁੰਦਾ ਜੋਰ ਲਾਉਣ ਦੇ ਨਾਲ ਅਕਸਰ ਹੀ ਰੱਸਾ ਟੁੱਟ ਜਾਂਦਾ ਹੁੰਦਾ ਹੈ ਇਸੇ ਤਰ੍ਹਾਂ ਲੋਕ ਉਨ੍ਹਾਂ ਕੋਲੋਂ ਟੁੱਟ ਗਏ ਅਤੇ ਅੱਜ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਭੁਗਤੇ ਹਨ। ਇਸੇ ਕਰਕੇ ਖੁਸ਼ੀ ਮਨਾਈ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਤੇ ਲੱਡੂ ਵੰਡੇ ਅਤੇ ਖੁਸ਼ੀਆਂ ਸਾਂਝੀਆਂ ਕੀਤੀਆਂ।
ਨਗਰ ਨਿਗਮ ਚੋਣਾਂ
ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ ਦੇ ਨਤੀਜੇ ਆਣ ਤੋਂ ਬਾਅਦ ਹੁਣ ਦਸੰਬਰ ਆਖਰ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਹਨ। ਇਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਦਸੰਬਰ ਆਖਰ ਤੱਕ ਚੋਣਾਂ ਕਰਵਾਉਣ ਦੀ ਗੱਲ ਕਹੀ ਗਈ ਹੈ। ਉੱਥੇ ਹੀ ਦੂਜੇ ਪਾਸੇ ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਸਿੱਧੇ ਤੌਰ 'ਤੇ ਅਫਸਰ ਨਗਰ ਨਿਗਮ ਚੋਣਾਂ 'ਤੇ ਪਵੇਗਾ ਕਿਉਂਕਿ ਪੰਜਾਬ ਚ ਆਮ ਆਦਮੀ ਪਾਰਟੀ ਸੱਤਾ ਧਿਰ ਹੈ ਅਜਿਹੇ 'ਚ 2027 ਦੇ ਅੰਦਰ ਸਰਕਾਰ ਬਣਾਉਣ ਦੇ ਸੁਪਨੇ ਸਜਾ ਕੇ ਬੈਠੀ ਕਾਂਗਰਸ ਲਈ ਹੁਣ ਮੁਕਾਬਲਾ ਹੋਰ ਔਖਾ ਹੋ ਗਿਆ। ਕਿਉਂਕਿ ਜ਼ਿਮਨੀ ਚੋਣਾਂ ਦੇ ਵਿੱਚ ਅਤੇ ਖਾਸ ਕਰਕੇ ਸਥਾਨਕ ਚੋਣਾਂ ਦੇ ਵਿੱਚ ਸੱਤਾ ਧਿਰ ਦਾ ਦਬਦਬਾ ਅਕਸਰ ਹੀ ਵੇਖਣ ਨੂੰ ਮਿਲਦਾ ਹੈ। ਪਰ ਇਹ ਤਾਂ ਹੁਣ ਚੋਣ ਨਤੀਜੇ ਆਉਣ ਤੋਂ ਬਾਅਦ ਹੀ ਸਾਫ ਹੋਵੇਗਾ ਪਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਜਰੂਰ ਪੱਬਾ ਭਾਰ ਹੁਣ ਨਜ਼ਰ ਆ ਰਹੀ ਹੈ ਹਾਲਾਂਕਿ। ਛੇ ਮਹੀਨੇ ਪਹਿਲਾਂ ਸਮੀਕਰਨ ਕੁਝ ਹੋਰ ਸਨ 2024 ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਸੱਤ ਸੀਟਾਂ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਬੈਕਫੁਟ 'ਤੇ ਸੀ ਅਤੇ ਹੁਣ ਚਾਰ ਵਿੱਚੋਂ ਤਿੰਨ ਸੀਟਾਂ ਲੈ ਕੇ ਆਤਮ ਵਿਸ਼ਵਾਸ ਆਮ ਆਦਮੀ ਪਾਰਟੀ ਦਾ ਜਰੂਰ ਵਾਪਸ ਆਇਆ ਹੈ।