ਲੁਧਿਆਣਾ : ਬੀਤੇ ਦਿਨੀਂ ਉੱਤਰ ਪ੍ਰਦੇਸ਼ ਦੇ ਪੀਲੀਭੀਤ 'ਚ ਪੰਜਾਬ ਦੇ ਤਿੰਨ ਨੌਜਵਾਨਾਂ ਦਾ ਐਂਨਕਾਉਂਟਰ ਕੀਤਾ ਗਿਆ ਸੀ ਅਤੇ ਦਾਅਵਾ ਕੀਤਾ ਗਿਆ ਕਿ ਇਹਨਾਂ ਨੌਜਵਾਨਾਂ ਨੇ ਗੁਰਦਾਸਪੁਰ 'ਚ ਇੱਕ ਤੋਂ ਬਾਅਦ ਇੱਕ ਬੰਬ ਧਮਾਕੇ ਕੀਤੇ ਸਨ ਅਤੇ ਇਹਨਾਂ ਦੇ ਸਬੰਧ ਖਾਲੀਸਤਾਨ ਨਾਲ ਹਨ। ਉਥੇ ਹੀ ਹੁਣ ਇਸ ਮਾਮਲੇ 'ਚ ਨਵਾਂ ਮੌੜ ਆਇਆ ਹੈ ਅਤੇ ਲੁਧਿਆਣਾ ਦੇ ਪਾਇਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸਵਾਲ ਖੜ੍ਹੇ ਕੀਤੇ ਹਨ।
ਚਿੱਠੀ ਲਿਖ ਕੇ ਕੀਤੀ ਜਾਂਚ ਦੀ ਮੰਗ
ਇਸ ਸਬੰਧੀ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਇੱਕ ਚਿੱਠੀ ਲਿਖੀ ਹੈ। ਜਿਸ ਵਿੱਚ ਉਹਨਾਂ ਕਿਹਾ ਹੈ ਕਿ ਤਿੰਨ ਨੌਜਵਾਨ, ਜਿਸ ਵਿੱਚ ਗੁਰਵਿੰਦਰ ਸਿੰਘ ਵਰਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਸ਼ਾਮਿਲ ਸਨ। ਉਹਨਾਂ ਦਾ 22 ਦਸੰਬਰ ਨੂੰ ਖਾਲਿਸਤਾਨੀ ਅੱਤਵਾਦੀ ਕਹਿ ਕੇ ਮੁਕਾਬਲਾ ਬਣਾਉਂਦੇ ਹੋਏ ਪੰਜਾਬ ਅਤੇ ਯੂਪੀ ਪੁਲਿਸ ਵੱਲੋਂ ਮਾਰ ਮੁਕਾਇਆ ਗਿਆ ਹੈ। ਇਹ ਮੁਕਾਬਲਾ ਕਿਸੇ ਪੱਖੋਂ ਵੀ ਸਹੀ ਨਹੀਂ ਲੱਗ ਰਿਹਾ। ਉਹਨਾਂ ਕਿਹਾ ਕਿ ਸਪੀਕਰ ਸਾਹਿਬ ਆਪ ਵਿਧਾਨ ਸਭਾ ਦੇ ਵਿੱਚ ਕਸਟੋਡੀਅਨ ਹਨ। ਪੰਜਾਬ ਦੇ ਨੌਜਵਾਨਾਂ ਨੂੰ ਜੇਕਰ ਕਿਸੇ ਵੀ ਸੂਬੇ ਦੇ ਵਿੱਚ ਇਸ ਤਰ੍ਹਾਂ ਝੂਠਾ ਮੁਕਾਬਲਾ ਬਣਾ ਕੇ ਮਾਰਿਆ ਜਾਵੇਗਾ ਤਾਂ ਇਸ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ। ਉਹਨਾਂ ਅੱਗੇ ਲਿਖਿਆ ਕਿ ਮੇਰੀ ਆਪ ਨੂੰ ਬੇਨਤੀ ਹੈ ਕਿ ਯੂਪੀ ਸਰਕਾਰ ਨੂੰ ਉੱਚ ਪੱਧਰੀ ਜਾਂਚ ਲਈ ਲਿਖ ਕੇ ਇਸ ਦੀ ਉੱਚ ਪੱਧਰੀ ਜਾਂਚ ਕਰਕੇ ਸੱਚ ਸਾਹਮਣੇ ਲਿਆਉਂਦਾ ਜਾਵੇ। ਜੇਕਰ ਕੋਈ ਦੋਸ਼ੀ ਸਾਬਤ ਹੁੰਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਪਹਿਲਾਂ ਵੀ ਜਤਾਇਆ ਗਿਆ ਸ਼ੱਕ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੀਲੀਭੀਤ ਐਂਨਕਾਊਂਟਰ ਮਾਮਲੇ 'ਚ ਸਵਾਲ ਉੱਠ ਚੁਕੇ ਹਨ। ਕਿਉਂਕਿ ਜਿਸ ਦਿਨ ਇਹਨਾਂ ਨੌਜਵਾਨਾਂ ਦਾ ਐਂਨਕਾਊਂਟਰ ਹੋਇਆ ਉਸ ਦਿਨ ਦੇ ਪਾਏ ਹੋਏ ਕੱਪੜਿਆਂ ਵਿੱਚ ਹੀ ਮ੍ਰਿਤਕ ਨੌਜਵਾਨਾਂ ਦੀਆਂ ਫੋਟੋਆਂ ਜਾਰੀ ਹੋਈਆਂ ਸਨ, ਜੋ ਕਿ ਤਾਜ਼ਾ ਤਸਵੀਰਾਂ ਹੀ ਲੱਗ ਰਹੀਆਂ ਸਨ। ਕਈ ਸਵਾਲ ਅਜਿਹੇ ਉੱਠੇ ਕਿ ਪੁਲਿਸ ਨੇ ਸਾਜਿਸ਼ ਦੇ ਤਹਿਤ ਪਹਿਲਾਂ ਨੌਜਵਾਨਾਂ ਨੂੰ ਕਾਬੂ ਕੀਤਾ ਅਤੇ ਇਹਨਾਂ ਦੀਆਂ ਤਸਵੀਰਾਂ ਲੈਣ ਤੋਂ ਬਾਅਦ ਉਹਨਾਂ ਨੁੰ ਮਾਰ ਦਿੱਤਾ ਗਿਆ, ਜਿਸ ਨੂੰ ਐਂਨਕਾਉਂਟਰ ਦਾ ਨਾਮ ਦਿੱਤਾ ਗਿਆ। ਇਸ ਦੇ ਨਾਲ ਹੀ ਕੁਝ ਲੋਕਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜਾਬ ਦੇ ਨੌਜਵਾਨਾ ਨੂੰ ਖਾੜ੍ਹਕੂ ਸਾਬਿਤ ਕਰਕੇ ਮਾਰਿਆ ਜਾ ਰਿਹਾ ਹੈ ਅਤੇ ਪੰਜਾਬ ਦਾ ਮਹੌਲ ਮੁੜ ਤੋਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਰਿਵਾਰਾਂ ਨੂੰ ਬਿਆਨ ਦੇਣ ਲਈ ਦਿੱਤਾ ਗਿਆ ਸਮਾਂ
ਉਥੇ ਹੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਡੀਐਮ ਸੰਜੇ ਕੁਮਾਰ ਵੱਲੋਂ ਮ੍ਰਿਤਕ ਦੇ ਪਰਿਵਾਰਾਂ ਨੂੰ 15 ਦਿਨਾਂ ਦੇ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਦਾ ਸਮਾਂ ਦਿੱਤਾ ਗਿਆ ਹੈ। ਇਹਨਾਂ ਤਿੰਨਾਂ ਤੇ ਗੁਰਦਾਸਪੁਰ ਪੁਲਿਸ ਚੌਂਕੀ ਤੇ ਗਰਨੇਡ ਹਮਲਾ ਕਰਨ ਦੇ ਇਲਜ਼ਾਮ ਸਨ ਅਤੇ ਪੁਲਿਸ ਲਗਾਤਾਰ ਇਹਨਾਂ ਦੀ ਭਾਲ ਕਰ ਰਹੀ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਾ ਕਿ ਇਹ ਤਿੰਨੇ ਉੱਤਰ ਪ੍ਰਦੇਸ਼ ਦੇ ਪੀਲੀਪੀਤ ਇਲਾਕੇ ਦੇ ਵਿੱਚ ਲੁਕੇ ਹੋਏ ਹਨ। ਪੰਜਾਬ ਪੁਲਿਸ ਨੇ ਸਥਾਨਕ ਪੁਲਿਸ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਮੁਕਾਬਲੇ ਦੇ ਦੌਰਾਨ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਪੁਲਿਸ ਨੇ ਮਾਰ ਦਿੱਤਾ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਇਹਨਾਂ ਵਿੱਚੋਂ ਦੋ ਦੇ ਕੋਲੋਂ ਏਕੇ47 ਬਰਾਮਦ ਹੋਈ ਹੈ। ਨਾਲ ਹੀ ਉੱਤਰ ਪ੍ਰਦੇਸ਼ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਇਹ ਤਿੰਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਜੁੜੇ ਹੋਏ ਸਨ। ਪੁਲਿਸ ਵੱਲੋਂ ਕੁਲਬੀਰ ਸਿੰਘ ਉਰਫ ਸਿੱਧੂ ਅਤੇ ਨਾਲ ਹਰਵਿੰਦਰ ਸਿੰਘ ਉਰਫ ਰਿੰਦਾ ਫਤਿਹ ਸਿੰਘ ਤੇ ਵੀ ਕੇਸ ਦਰਜ ਕੀਤਾ ਹੈ।
- ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਨਿਹੰਗ ਸਿੰਘ ਜਥੇਬੰਦੀ ਸ਼੍ਰੋਮਣੀ ਅਕਾਲੀ ਬੁੱਢਾ ਦਲ ਨੇ ਕੱਢਿਆ ਮਹੱਲਾ
- ਛੇ ਧੀਆਂ ਦੀ ਮਾਂ ਸੀ ਬਠਿੰਡਾ ਬੱਸ ਹਾਦਸੇ ਦੀ ਮ੍ਰਿਤਕਾ ਪਰਮਜੀਤ ਕੌਰ, ਬੱਚੀ ਨੇ ਦੱਸਿਆ ਅੱਖੀ ਡਿੱਠਾ ਸਾਰਾ ਹਾਲ
- ਬਠਿੰਡਾ ਬੱਸ ਹਾਦਸੇ ਨਾਲ ਜੁੜੀ ਵੱਡੀ ਖ਼ਬਰ, ਪੀੜਤ ਪਰਿਵਾਰਾਂ ਨੇ ਮ੍ਰਿਤਕਾਂ ਦਾ ਸਸਕਾਰ ਕਰਨ ਤੋਂ ਕੀਤਾ ਇਨਕਾਰ
- ਨਗਰ ਨਿਗਮ ਚੋਣਾਂ 'ਚ ਵੋਟਰ ਸੂਚੀ ਨੂੰ ਲੈ ਕੇ ਖੜੇ ਹੋ ਰਹੇ ਵਿਵਾਦ, ਪਹਿਲਾਂ ਭਾਜਪਾ ਤਾਂ ਹੁਣ AAP ਨੇ ਵੀ ਚੁੱਕੇ ਸਵਾਲ, ਕਿਹਾ....