ਚੰਡੀਗੜ੍ਹ: ਸੈਕਟਰ 17 ਵਿੱਚ ਪੁਲਿਸ ਸਟੇਸ਼ਨ ਨੇੜੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਚੰਡੀਗੜ੍ਹ ਭਾਜਪਾ ਤੇ ਪੀਐਮ ਮੋਦੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਆਮ ਆਦਮੀ ਅਤੇ ਕਾਂਗਰਸੀ ਵਰਕਰਾਂ ਨੂੰ ਥਾਣਾ 17 'ਚ ਪਹੁੰਚਣ ਤੋਂ ਪਹਿਲਾਂ ਹੀ ਬੈਰੀਕੇਡ ਲਾ ਕੇ ਰੋਕ ਲਿਆ ਗਿਆ ਜਿਸ ਤੋਂ ਬਾਅਦ ਵਰਕਰਾਂ ਨੇ ਕੇਂਦਰ ਸਰਕਾਰ ਅਤੇ ਭਾਜਪਾ ਖਿਲਾਫ ਜੰਮ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਪ੍ਰੀਜ਼ਾਈਡਿੰਗ ਅਫ਼ਸਰ ਖਿਲਾਫ ਕਾਰਵਾਈ ਦੀ ਮੰਗ: ਇਸ ਦੌਰਾਨ ਵਰਕਰ ਬੈਰੀਕੇਡਾਂ 'ਤੇ ਚੜ੍ਹ ਗਏ। ਵਰਕਰਾਂ ਨੇ ਬੈਰੀਕੇਡ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ। 'ਆਪ' ਅਤੇ ਕਾਂਗਰਸੀ ਵਰਕਰ ਲਗਾਤਾਰ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਕਾਰਕੁਨਾਂ ਦਾ ਕਹਿਣਾ ਹੈ ਕਿ ਪ੍ਰੀਜ਼ਾਈਡਿੰਗ ਅਫ਼ਸਰ ਨੇ ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਧਾਂਦਲੀ ਕੀਤੀ ਹੈ।
ਹਿਰਾਸਤ ਵਿੱਚ ਲਏ ਪ੍ਰਦਰਸ਼ਨਕਾਰੀ: ਪ੍ਰਦਰਸ਼ਨ ਤੋਂ ਥੋੜ੍ਹੀ ਦੇਰ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਜ਼ਬਰਦਸਤੀ ਉਥੋਂ ਚੁੱਕ ਕੇ ਬੱਸ ਵਿਚ ਬਿਠਾ ਕੇ ਥਾਣੇ ਲੈ ਗਈ। ਪ੍ਰਦਰਸ਼ਨ ਕਰ ਰਹੇ ਯੂਥ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਇਹ ਧੱਕੇਸ਼ਾਹੀ ਹੈ, ਜਿਸ ਨੂੰ ਕੋਈ ਵੀ ਬਰਦਾਸ਼ਤ ਨਹੀਂ ਕਰ ਸਕਦਾ। ਇਨ੍ਹਾਂ ਲੋਕਾਂ ਨੇ ਲੋਕਤੰਤਰ ਦਾ ਕਤਲ ਕੀਤਾ ਹੈ। ਭਾਜਪਾ ਖੁੱਲ੍ਹੇਆਮ ਗੁੰਡਾਗਰਦੀ ਕਰ ਰਹੀ ਹੈ। ਇਸ ਲਈ ਵਿਰੋਧ ਦੀ ਲੋੜ ਹੈ।
ਲੋਕਤੰਤਰ ਦਾ ਕਤਲ ਕੀਤਾ : ਇਸ ਮੌਕੇ ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਭਾਣੇ, ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਤੋਂ ਇਲਾਵਾ ਵਰਕਰ ਵੀ ਮੌਜੂਦ ਸਨ, ਜਿਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਮੇਅਰ ਦੀ ਚੋਣ 'ਚ ਧਾਂਦਲੀ ਕੀਤੀ ਗਈ ਸੀ, ਉਹ ਸਭ ਦੇ ਸਾਹਮਣੇ ਹੈ ਅਤੇ ਇਸ ਦੀ ਵੀਡੀਓ ਵੀ ਸਭ ਨੇ ਦੇਖੀ ਹੈ। ਪ੍ਰੀਜ਼ਾਈਡਿੰਗ ਅਫਸਰ ਨੇ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹਨ। ਉਹ ਕਾਨੂੰਨ ਤੋੜ ਰਹੇ ਹਨ, ਜਿਨ੍ਹਾਂ 'ਤੇ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਅਤੇ ਮੇਅਰ ਦੀ ਚੋਣ ਰੱਦ ਹੋਣੀ ਚਾਹੀਦੀ ਹੈ। ਜਦੋਂ ਤੱਕ ਅਜਿਹਾ ਨਹੀਂ ਹੁੰਦਾ ਉਹ ਨਗਰ ਨਿਗਮ ਦਾ ਦਫ਼ਤਰ ਨਹੀਂ ਛੱਡਣਗੇ ਅਤੇ ਪ੍ਰਦਰਸ਼ਨ ਜਾਰੀ ਰਹੇਗਾ। ਕੱਲ੍ਹ ਭਾਜਪਾ ਨੇ ਲੋਕਤੰਤਰ ਦਾ ਕਤਲ ਕੀਤਾ ਹੈ।
ਆਪ-ਕਾਂਗਰਸ ਦੇ ਇਲਜ਼ਾਮ: ਆਮ ਆਦਮੀ ਪਾਰਟੀ ਦੀ ਕੌਂਸਲਰ ਪ੍ਰੇਮਲਤਾ ਨੇ ਸਾਰੀ ਚੋਣ ਪ੍ਰਕਿਰਿਆ ਨੂੰ ਗਲਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਰੀ ਪ੍ਰਕਿਰਿਆ ਰਣਨੀਤੀ ਨਾਲ ਕੀਤੀ ਗਈ ਹੈ। ਇਸ ਵਾਰ ਸੱਚਾਈ ਸਾਹਮਣੇ ਆਵੇਗੀ, ਕਿਉਂਕਿ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ। ਅਜਿਹੇ 'ਚ ਭਾਜਪਾ ਦੀ ਸਾਰੀ ਖੇਡ ਅਦਾਲਤ 'ਚ ਸਾਹਮਣੇ ਆ ਜਾਵੇਗੀ। ਉਨ੍ਹਾਂ ਸੰਸਦ ਮੈਂਬਰ ਕਿਰਨ ਖੇਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।