ਬਰਨਾਲਾ: ਅੱਜ ਬਰਨਾਲਾ ਸ਼ਹਿਰ ਦੇ ਹੰਢਿਆਇਆ ਬਾਜ਼ਾਰ ਵਿੱਚ ਇੱਕ ਘਰ ਦੀ ਤੀਜੀ ਮੰਜ਼ਿਲ 'ਤੇ ਰਹਿੰਦੇ ਇੱਕ ਪਰਿਵਾਰ ਦੇ ਘਰ 'ਚ ਅਚਾਨਕ ਧਮਾਕਾ ਹੋ ਗਿਆ ਅਤੇ ਧਮਾਕੇ ਨਾਲ ਪੂਰੇ ਘਰ 'ਚ ਅੱਗ ਫੈਲ ਗਈ ਹੈ। ਇਸ ਧਮਾਕੇ ਨਾਲ ਸ਼ਹਿਰ ਦੇ ਆਲੇ-ਦੁਆਲੇ ਹਫੜਾ-ਦਫੜੀ ਮੱਚ ਗਈ ਅਤੇ ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ ਅਤੇ ਪਰਿਵਾਰ ਨੂੰ ਦੂਜੀ ਮੰਜ਼ਿਲ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਪਰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦੇ ਗਰਮ ਕੱਪੜੇ ਸੜ ਕੇ ਸੁਆਹ ਹੋ ਗਏ। ਅੱਗ 'ਤੇ ਕਾਬੂ ਪਾਉਣ ਲਈ ਮੁਹੱਲੇ ਅਤੇ ਸ਼ਹਿਰ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਅਧਿਕਾਰੀਆਂ ਦੇ ਸਹਿਯੋਗ ਨਾਲ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਅੱਗ ਇੰਨੀ ਭਿਆਨਕ ਸੀ ਕਿ ਜੇਕਰ ਇਸ 'ਤੇ ਜਲਦੀ ਕਾਬੂ ਨਾ ਪਾਇਆ ਜਾਂਦਾ ਤਾਂ ਆਸ-ਪਾਸ ਦੀਆਂ ਇਮਾਰਤਾਂ ਨੂੰ ਵੀ ਵੱਡਾ ਨੁਕਸਾਨ ਪਹੁੰਚ ਸਕਦਾ ਸੀ।
ਲੋਕਾਂ ਨੇ ਅੱਗ ਬੁਝਾਉਣ ਲਈ ਦਿੱਤਾ ਸਾਥ
ਇਸ ਮੌਕੇ ਘਰ ਦੇ ਮੁਖੀ ਭਗਵਾਨ ਦਾਸ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਘਰ ਦੇ ਇੱਕ ਕਮਰੇ ਵਿੱਚ ਪਿਆ ਸੀ, ਜਿਸ ਦੌਰਾਨ ਘਰ ਵਿੱਚ ਭਿਆਨਕ ਅੱਗ ਲੱਗ ਗਈ। ਇਸ ਅੱਗ ਵਿੱਚ ਉਸ ਦੀ ਇੱਕ ਮਾਨਸਿਕ ਪਰੇਸ਼ਾਨ ਰਹਿੰਦੀ ਕੁੜੀ ਫਸ ਗਈ ਸੀ, ਜਿਸ ਨੂੰ ਲੋਕਾਂ ਦੀ ਮਦਦ ਨਾਲ ਤੁਰੰਤ ਬਾਹਰ ਕੱਢਿਆ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਜਗ੍ਹਾ ਹੇਠਲੇ ਭਾਗ ਵਿੱਚ ਉਸਦੇ ਭਰਾ ਦੁਕਾਨ ਕਰਦੇ ਹਨ, ਜਦਕਿ ਉੱਪਰ ਉਨ੍ਹਾਂ ਦੀ ਰਿਹਾਇਸ਼ ਹੈ। ਉਨ੍ਹਾਂ ਨੇ ਕਿਹਾ ਕਿ ਇਸ ਅੱਗ ਨਾਲ ਨੁਕਸਾਨ ਕਹਿਣ ਤੋਂ ਬਾਹਰ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਅੱਗ ਬੁਝਾਉਣ ਲਈ ਬਹੁਤ ਜਿਆਦਾ ਸਾਥ ਦਿੱਤਾ ਜਿਸ ਲਈ ਉਹ ਲੋਕਾਂ ਦੇ ਧੰਨਵਾਦੀ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਫਾਇਰ ਵਿਭਾਗ ਦੇ ਅਧਿਕਾਰੀ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਉੱਪਰ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਕਸਬਾ ਹੰਡਿਆਇਆ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗ ਗਈ ਹੈ, ਜਿਸ ਤੋਂ ਬਾਅਦ ਤੁਰੰਤ ਉਨ੍ਹਾਂ ਦੀਆਂ ਫਾਇਰ ਗੱਡੀਆਂ ਮੌਕੇ 'ਤੇ ਪਹੁੰਚਿਆ ਅਤੇ ਅੱਗ ਉੱਪਰ ਕੰਟਰੋਲ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਭਗਵਾਨ ਦਾਸ ਦੇ ਇੱਕ ਘਰ ਦੀ ਤੀਜੀ ਮੰਜ਼ਿਲ ਉੱਪਰ ਇਹ ਅੱਗ ਲੱਗੀ ਸੀ। ਗੈਸ ਗੀਜ਼ਰ ਦੇ ਫੱਟਣ ਕਾਰਨ ਅੱਗ ਲੱਗਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਪਰ ਵਿਭਾਗ ਵੱਲੋਂ ਇਸਦੀ ਤਫਤੀਸ਼ ਕੀਤੀ ਜਾ ਰਹੀ ਹੈ।
ਅੱਗ ਨਾਲ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ
ਇਕਬਾਲ ਸਿੰਘ ਨੇ ਕਿਹਾ ਕਿ ਇਸ ਅੱਗ ਨਾਲ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਜਦਕਿ ਘਰ ਵਿੱਚ ਪਿਆ ਲੱਕੜ, ਕੱਪੜਾ ਅਤੇ ਹੋਰ ਕਾਫੀ ਚੀਜ਼ਾਂ ਅੱਗ ਨਾਲ ਮੱਚ ਗਈਆਂ ਹਨ। ਜਿਸ ਕਰਕੇ ਪਰਿਵਾਰ ਦਾ ਕਾਫੀ ਮਾਲੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਘਟਨਾ ਸਥਾਨ 'ਤੇ ਤੁਰੰਤ ਫਾਇਰ ਵਿਭਾਗ ਦੀਆਂ ਤਿੰਨ ਗੱਡੀਆਂ ਪਹੁੰਚ ਗਈਆਂ ਜਿਸ ਕਾਰਨ ਤੇਜੀ ਨਾਲ ਅੱਗ ਉੱਪਰ ਕਾਬੂ ਪਾਇਆ ਜਾ ਸਕਿਆ ਹੈ। ਉੱਥੇ ਨਾਲ ਹੀ ਫਾਇਰ ਅਧਿਕਾਰੀ ਨੇ ਕਿਹਾ ਕਿ ਸ਼ਹਿਰ ਵਿੱਚ ਬਿਜਲੀ ਦੀਆਂ ਤਾਰਾਂ ਦੀ ਵੱਡੀ ਸਮੱਸਿਆ ਕਾਰਨ ਗੱਡੀਆਂ ਨੂੰ ਲੰਘਣ ਵਿੱਚ ਸਮੱਸਿਆ ਆਈ ਹੈ।