ਅੰਮ੍ਰਿਤਸਰ: ਕਹਿੰਦੇ ਨੇ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਹਨ ਤੇ ਉਹ ਮੁਲਜ਼ਮ ਨੂੰ ਫੜ ਹੀ ਲੈਂਦੀ ਹੈ ਪਰ ਇਥੇ ਕਹਾਣੀ ਕੁਝ ਹੋਰ ਹੀ ਬਣਦੀ ਦਿਖਾਈ ਦਿੱਤੀ ਹੈ। ਦਰਅਸਲ ਬੀਤੇ ਦਿਨੀਂ ਗੁਜਰਾਤ ਪੁਲਿਸ ਇੱਕ ਮੁਲਜ਼ਮ ਨੂੰ ਪੰਜਾਬ ਦੇ ਅੰਮ੍ਰਿਤਸਰ ਪੇਸ਼ੀ ਲਈ ਲਿਆਈ ਸੀ ਤੇ ਉਹ ਮੁਲਜ਼ਮ ਪੇਸ਼ੀ ਤੋਂ ਬਾਅਦ ਫ਼ਰਾਰ ਹੋ ਗਿਆ, ਜਿਸ ਤੋਂ ਬਾਅਦ ਇੱਕ ਦਿਨ ਬੀਤ ਜਾਣ ਤੋਂ ਬਾਅਦ ਵੀ ਗੁਜਰਾਤ ਪੁਲਿਸ ਦੇ ਹੱਥ ਖਾਲੀ ਹੈ।
ਗੁਜਰਾਤ ਤੋਂ ਪੇਸ਼ੀ ਲਈ ਲਿਆਂਦਾ ਸੀ ਪੰਜਾਬ: ਕਾਬਿਲੇਗੌਰ ਹੈ ਕਿ ਗੁਜਰਾਤ ਵਿੱਚ 200 ਕਿਲੋ ਹੈਰੋਇਨ ਮਾਮਲੇ ਦੇ ਵਿੱਚ ਨਾਮਜ਼ਦ ਇੱਕ ਮੁਲਜ਼ਮ ਜੋਬਨਜੀਤ ਸਿੰਘ ਨੂੰ ਗੁਜਰਾਤ ਪੁਲਿਸ ਬੀਤੇ ਕੱਲ ਅੰਮ੍ਰਿਤਸਰ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਕਰਵਾ ਕੇ ਗੁਜਰਾਤ ਵਾਪਸ ਲਿਜਾ ਰਹੀ ਸੀ ਤਾਂ ਜੰਡਿਆਲਾ ਗੁਰੂ ਅਧੀਨ ਰਸਤੇ ਦੇ ਵਿੱਚ ਇੱਕ ਢਾਬੇ ਦੇ ਉੱਪਰ ਗੁਜਰਾਤ ਪੁਲਿਸ ਖੁਦ ਤੇ ਮੁਲਜ਼ਮ ਨੂੰ ਰੋਟੀ ਖਵਾਉਣ ਲਈ ਰੁਕ ਗਈ ਤਾਂ ਇਸ ਦੌਰਾਨ ਮੁਲਜ਼ਮ ਉਥੋਂ ਚਕਮਾ ਦੇ ਕੇ ਫ਼ਰਾਰ ਹੋ ਗਿਆ। ਜਾਣਕਾਰੀ ਮੁਤਬਿਕ ਮੁਲਜ਼ਮ ਦੇ ਪਰਿਵਾਰਿਕ ਮੈਂਬਰ ਵੀ ਮੁਲਜ਼ਮ ਨੂੰ ਮਿਲਣ ਉਸ ਢਾਬੇ 'ਤੇ ਆ ਗਏ, ਜਿਸ ਤੋਂ ਬਾਅਦ ਮੁਲਜ਼ਮ ਪੁਲਿਸ ਨੂੰ ਤੇ ਪਰਿਵਾਰ ਨੂੰ ਚਕਮਾ ਦੇ ਕੇ ਢਾਬੇ ਤੋਂ ਹੀ ਫ਼ਰਾਰ ਹੋ ਗਿਆ। ਬਾਅਦ ਵਿੱਚ ਪੁਲਿਸ ਨੇ ਮੁਲਜ਼ਮ ਦੇ ਪਰਿਵਾਰਿਕ ਮੈਂਬਰਾਂ ਨੂੰ ਹੀ ਹਿਰਾਸਤ ਵਿੱਚ ਲੈ ਲਿਆ ਤੇ ਪੰਜਾਬ ਪੁਲਿਸ ਦੇ ਸਬੰਧਿਤ ਥਾਣੇ 'ਚ ਬਿਠਾ ਦਿੱਤਾ ਹੈ।
ਪਰਿਵਾਰਕ ਮੈਂਬਰਾਂ ਨੂੰ ਹਿਰਾਸਤ 'ਚ ਲਿਆ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਜਰਾਤ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਜਰਾਤ ਤੋਂ ਇੱਕ ਮਾਮਲੇ ਦੇ ਵਿੱਚ ਕਥਿਤ ਮੁਲਜ਼ਮ ਜੋਬਨਜੀਤ ਸਿੰਘ ਵਾਸੀ ਪਿੰਡ ਧਾਰੜ ਜੰਡਿਆਲਾ ਗੁਰੂ ਨੂੰ ਅੰਮ੍ਰਿਤਸਰ ਵਿਖੇ ਮਾਣਯੋਗ ਅਦਾਲਤ ਵਿੱਚ ਪੇਸ਼ੀ ਲਈ ਲਿਆਂਦਾ ਸੀ। ਜਿਸ ਤੋਂ ਬਾਅਦ ਅਦਾਲਤ 'ਚ ਪੇਸ਼ ਕਰਵਾ ਕੇ ਵਾਪਸ ਗੁਜਰਾਤ ਲੈ ਕੇ ਜਾ ਰਹੇ ਸਾਂ ਤਾਂ ਜੰਡਿਆਲਾ ਗੁਰੂ ਨਜ਼ਦੀਕ ਹੀ ਇੱਕ ਢਾਬੇ 'ਤੇ ਅਸੀਂ ਰੋਟੀ ਖਾਣ ਲਈ ਰੁਕੇ ਤਾਂ ਕਥਿਤ ਮੁਲਜ਼ਮ ਦੇ ਪਰਿਵਾਰਿਕ ਮੈਂਬਰ ਵੀ ਮੁਲਜ਼ਮ ਨੂੰ ਮਿਲਣ ਢਾਬੇ 'ਤੇ ਪਹੁੰਚ ਗਏ। ਜਿਸ ਦੌਰਾਨ ਮੁਲਜ਼ਮ ਜੋਬਨ ਸਭ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਮੁਲਜ਼ਮ ਦੀ ਮਾਤਾ ਅਤੇ ਬਾਕੀ ਪਰਿਵਾਰਿਕ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਕੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਫ਼ਰਾਰ ਮੁਲਜ਼ਮ ਦੀ ਭਾਲ ਲਈ ਵੱਖ-ਵੱਖ ਜਗ੍ਹਾ ਛਾਪੇਮਾਰੀ ਕੀਤੀ ਜਾ ਰਹੀ ਹੈ।