ਲੁਧਿਆਣਾ: ਭਾਰਤ ਅਤੇ ਕਨੇਡਾ ਵਿਚਕਾਰ ਲਗਾਤਾਰ ਵੱਧ ਰਹੀ ਤਲਖੀ ਦਾ ਅਸਰ ਹੁਣ ਭਾਰਤ ਦੇ ਵਿਦਿਆਰਥੀਆਂ ਉੱਤੇ ਵੀ ਭੈਣਾਂ ਸ਼ੁਰੂ ਹੋ ਗਿਆ ਹੈ। ਭਾਰਤ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਕੈਨੇਡਾ ਪੜ੍ਹਾਈ ਕਰਨ ਲਈ ਜਾਂਦੇ ਹਨ। ਜਿਨ੍ਹਾਂ ਵਿੱਚ ਪੰਜਾਬ ਸਭ ਤੋਂ ਮੋਹਰੀ ਹੈ ਪਰ ਹੁਣ ਭਾਰਤ ਅਤੇ ਕਨੇਡਾ ਦੇ ਕੂਟਨੀਤਿਕ ਸੰਬੰਧਾਂ ਦੇ ਵਿੱਚ ਆ ਰਹੀ ਦਰਾਰ ਦਾ ਅਸਰ ਪੈਣ ਕਰਕੇ ਵਿਦਿਆਰਥੀਆਂ ਦਾ ਰੁਝਾਨ ਕੈਨੇਡਾ ਵੱਲ ਘਟਣ ਲੱਗਾ ਹੈ। ਭਾਰਤ ਵੱਲੋਂ ਬੀਤੇ ਦਿਨੀ ਕੈਨੇਡਾ ਸਫਾਰਤਖਾਨੇ ਦੇ ਛੇ ਅਧਿਕਾਰੀਆਂ ਨੂੰ ਵਾਪਸ ਜਾਣ ਲਈ ਦਿੱਤੇ ਅਲਟੀਮੇਟਮ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਦੇ ਵਿਚਾਲੇ ਖਟਾਸ ਹੋਰ ਵੱਧ ਗਈ ਹੈ। ਪਿਛਲੇ ਇਕ ਸਾਲ ਤੋਂ ਆਪਸੇ ਰਿਸ਼ਤਿਆਂ ਵਿੱਚ ਆਈ ਇਸ ਤਲਖੀ ਦਾ ਅਸਰ ਜ਼ਮੀਨੀ ਪੱਧਰ ਉੱਤੇ ਵੀ ਵਿਖਾਈ ਦੇਣ ਲੱਗਾ ਹੈ। ਹੁਣ ਭਾਰਤ ਦੇ ਵਿਦਿਆਰਥੀ ਕੈਨੇਡਾ ਜਾ ਕੇ ਪੜ੍ਹਾਈ ਕਰਨ ਅਤੇ ਉੱਥੇ ਜਾ ਕੇ ਆਪਣਾ ਭਵਿੱਖ ਬਣਾਉਣ ਤੋ ਗੁਰੇਜ ਕਰਨ ਲੱਗੇ ਹਨ। ਇਹ ਖੁਦ ਇਮੀਗ੍ਰੇਸ਼ਨ ਐਕਸਪਰਟ ਦੱਸ ਰਹੇ ਨੇ।
ਵਿਦਿਆਰਥੀਆਂ ਦਾ ਘਟਿਆ ਰੁਝਾਨ
ਲੁਧਿਆਣਾ ਕੈਪਰੀ ਇਮੀਗ੍ਰੇਸ਼ਨ ਐਕਸਪਰਟ ਨਿਤਿਨ ਚਾਵਲਾ ਨੇ ਦੱਸਿਆ ਹੈ ਕਿ ਕੌਮਾਂਤਰੀ ਪੱਧਰ ਉੱਤੇ ਸਬੰਧ ਸਰਕਾਰਾਂ ਦੇ ਮਸਲੇ ਹੁੰਦੇ ਹਨ ਅਤੇ ਸਰਕਾਰਾਂ ਹੀ ਇਸ ਨੂੰ ਸਹੀ ਢੰਗ ਦੇ ਨਾਲ ਨਜਿੱਠਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਭਾਰਤ ਸਰਕਾਰ ਦਾ ਸਾਥ ਦਈਏ। ਸਿਰਫ ਇੱਕ ਪਾਸੇ ਦਾ ਨਹੀਂ ਸਗੋਂ ਦੋਵੇਂ ਪਾਸਿਓਂ ਨੁਕਸਾਨ ਹੋਣਾ ਸੁਭਾਵਿਕ ਹੈ। ਜੇਕਰ ਦੋਵੇਂ ਸਰਕਾਰਾਂ ਦੇ ਨੁਮਾਇੰਦੇ ਬੈਠ ਕੇ ਮਸਲੇ ਦਾ ਕੋਈ ਹੱਲ ਕਰਦੇ ਹਨ ਤਾਂ ਇਸ ਦਾ ਸਾਰਿਆਂ ਨੂੰ ਹੀ ਫਾਇਦਾ ਹੋ ਸਕਦਾ ਹੈ। ਕੂਟਨੀਤਕ ਲੜਾਈ ਦਾ ਅਸਰ ਇੰਨਾ ਜਿਆਦਾ ਨਹੀਂ ਹੋਣਾ ਚਾਹੀਦਾ ਕਿ ਜੋ ਆਪਸੀ ਬੰਧਨ ਦਾ ਰਿਸ਼ਤਾ ਹੈ ਉਹ ਹਮੇਸ਼ਾ ਲਈ ਟੁੱਟ ਜਾਵੇ। ਹੁਣ ਗੱਠ ਪੈਕੇ ਵੀ ਇਹ ਰਿਸ਼ਤਾ ਸੁਧਰ ਨਹੀਂ ਸਕਦਾ ਕਿਉਂਕਿ ਇੱਕ ਸਾਲ ਤੋਂ ਜਿਆਦਾ ਸਮਾਂ ਹੋ ਚੁੱਕਾ ਹੈ। ਨਿਤਿਨ ਚਾਵਲਾਂ ਨੇ ਦਾਅਵਾ ਕੀਤਾ ਹੈ ਕਿ ਪਹਿਲਾਂ ਜਿੱਥੇ ਲੱਖਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਵਿਦਿਆਰਥੀ ਕੈਨੇਡਾ ਵੱਲ ਜਾਇਆ ਕਰਦੇ ਸਨ ਹੁਣ ਉਹ ਘਟ ਕੇ ਮਹਿਜ਼ 10 ਫੀਸਦੀ ਤੱਕ ਹੀ ਰਹਿ ਗਿਆ ਹੈ ਹੁਣ ਹਜ਼ਾਰਾਂ ਵੀ ਨਹੀਂ ਸਿਰਫ ਸੈਂਕੜੇ ਤੱਕ ਹੀ ਗਿਣਤੀ ਰਹਿ ਗਈ ਹੈ।
ਰੀਸੈਸ਼ਨ ਦਾ ਅਸਰ
ਇਮੀਗ੍ਰੇਸ਼ਨ ਐਕਸਪਰਟ ਨਿਤਿਨ ਚਾਵਲਾਂ ਨੇ ਦਾਅਵਾ ਕੀਤਾ ਹੈ ਕਿ ਲੋਕਾਂ ਦਾ ਹੁਣ ਕੈਨੇਡਾ ਵੱਲ ਰੁਝਾਨ ਬਿਲਕੁਲ ਖਤਮ ਹੁੰਦਾ ਜਾ ਰਿਹਾ ਹੈ। ਸਿਰਫ ਵਿਦਿਆਰਥੀ ਹੀ ਨਹੀਂ ਸਗੋਂ ਪੀਆਰ ਵਾਲੇ ਮਾਮਲੇ, ਇੱਥੋਂ ਤੱਕ ਕਿ ਸੈਰ ਸਪਾਟਾ ਵੀਜ਼ਾ ਲੈਣ ਵਾਲਿਆਂ ਦੇ ਵਿੱਚ ਵੀ ਭਾਰੀ ਕਟੌਤੀ ਵੇਖਣ ਨੂੰ ਮਿਲੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਕੰਮ ਬਿਲਕੁਲ ਠੱਪ ਹੋ ਚੁੱਕਾ ਹੈ। ਇਸ ਦਾ ਕੋਈ ਇੱਕ ਕਾਰਨ ਨਹੀਂ ਸਗੋਂ ਕਈ ਕਾਰਨ ਹਨ, ਸਭ ਤੋਂ ਵੱਡਾ ਕਾਰਨ ਉੱਥੇ ਨੌਕਰੀਆਂ ਦਾ ਹੈ ਜੋ ਕਿ ਰਿਸੈਸ਼ਨ ਕਰਕੇ ਪੂਰੀ ਤਰ੍ਹਾਂ ਬੰਦ ਹਨ। ਵਿਦਿਆਰਥੀ ਜਾਂਦੇ ਹਨ ਪੜ੍ਹਾਈ ਦੇ ਲਈ ਪਰ ਉੱਥੇ ਜਾ ਕੇ ਉਹਨਾਂ ਨੂੰ ਖਰਚੇ ਕਰਨ ਲਈ ਨੌਕਰੀਆਂ ਨਹੀਂ ਮਿਲਦੀਆਂ। ਕੈਨੇਡਾ ਦੇ ਵਿੱਚ ਪਹਿਲਾਂ ਹੀ ਸਮਰੱਥਾ ਤੋਂ ਜ਼ਿਆਦਾ ਵਿਦਿਆਰਥੀ ਜਾ ਚੁੱਕੇ ਹਨ, ਇਸ ਕਰਕੇ ਅਜਿਹੇ ਹਾਲਾਤ ਉੱਥੇ ਬਣ ਗਏ ਹਨ। ਇਸ ਤੋਂ ਇਲਾਵਾ ਕੂਟਨੀਤਿਕ ਲੜਾਈ ਵੀ ਇਸ ਦਾ ਇੱਕ ਕਾਰਨ ਬਣਦਾ ਜਾ ਰਿਹਾ ਹੈ।
ਮਿਲ ਰਹੇ ਵੀਜ਼ਾ
ਨਿਤਿਨ ਚਾਵਲਾਂ ਨੇ ਦੱਸਿਆ ਕਿ ਕੋਈ ਦੰਗੇ ਫਸਾਦ ਵਾਲੀ ਲੜਾਈ ਨਹੀਂ ਹੈ ਸਗੋਂ ਕੂਟਨਿਤਿਕ ਲੜਾਈ ਹੈ। ਜਿਹੜੇ ਵਿਦਿਆਰਥੀ ਉੱਥੇ ਪੜ੍ਹ ਰਹੇ ਹਨ ਉਹ ਉੱਥੇ ਮਜਬੂਤ ਹਨ ਇਥੋਂ ਤੱਕ ਕਿ ਜਿਹੜੇ ਪੰਜਾਬੀ ਉੱਥੇ ਬੈਠੇ ਹਨ ਉਹ ਵੀ ਕਾਫੀ ਸਮੇਂ ਤੋਂ ਉੱਥੇ ਰਹਿ ਰਹੇ ਹਨ ਅਤੇ ਉਹ ਸੁਰੱਖਿਅਤ ਹਨ ਪਰ ਨਵੇਂ ਜਾਣ ਵਾਲੇ ਵਿਦਿਆਰਥੀਆਂ ਦੇ ਰੁਝਾਨ ਵਿੱਚ ਕਾਫੀ ਕਟੌਤੀ ਹੈ। ਜਾਨੀ ਮਾਲੀ ਨੁਕਸਾਨ ਵਾਲੀ ਕੋਈ ਗੱਲ ਨਹੀਂ ਹੈ। ਹਾਲਾਂਕਿ ਵੀਜ਼ਾ ਦੇ ਵਿੱਚ ਕੋਈ ਇਸ ਦਾ ਜਿਆਦਾ ਅਸਰ ਨਹੀਂ ਪਿਆ ਹੈ। ਪਿਛਲੇ ਇੱਕ ਸਾਲ ਤੋਂ ਦੋਵੇਂ ਸਰਕਾਰਾਂ ਵਿਚਾਲੇ ਜੋ ਤਲਖੀ ਚੱਲ ਰਹੀ ਹੈ ਇਸ ਦਾ ਮਤਲਬ ਇਹ ਨਹੀਂ ਹੈ ਕਿ ਵੀਜ਼ਾ ਆਉਣਾ ਬੰਦ ਹੋ ਗਏ ਹਨ, ਵੀਜ਼ਾ ਵਿਦਿਆਰਥੀ ਦੀ ਪ੍ਰੋਫਾਈਲ ਦੇ ਮੁਤਾਬਿਕ ਹੁੰਦਾ ਹੈ।