ਬਰਨਾਲਾ: ਪੰਜਾਬ ਵਿੱਚ ਠੰਡ ਦਾ ਕਹਿਰ ਜਾਰੀ ਹੈ। ਇਹ ਠੰਡ ਬੱਚਿਆ ਲਈ ਖ਼ਤਰਨਾਕ ਸਾਬਿਤ ਹੋ ਰਹੀ ਹੈ। ਅਜਿਹਾ ਇਕ ਮਾਮਲਾ ਬਰਨਾਲਾ ਦੇ ਪਿੰਡ ਪੱਖੋ ਕਲਾਂ ਤੋਂ ਸਾਹਮਣੇ ਆਇਆ ਹੈ, ਜਿੱਥੇ ਠੰਡ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਹੈ। ਮ੍ਰਿਤਕ ਬੱਚੇ ਦੀ ਪਛਾਣ ਕੁਲਦੀਪ ਸਿੰਘ ਵਜੋਂ ਹੋਈ ਹੈ। ਬੱਚੇ ਦੀ ਉਮਰ ਮਹਿਜ 6 ਸਾਲ ਦੀ ਸੀ।
ਠੰਡ ਕਾਰਨ ਬਿਮਾਰ ਪਿਆ ਬੱਚਾ: ਪਰਿਵਾਰਕ ਮੈਂਬਰਾਂ ਮੁਤਾਬਕ ਬੱਚਾ ਠੰਡ ਕਾਰਨ ਬਿਮਾਰ ਪੈ ਗਿਆ ਸੀ। ਉਸ ਦਾ ਇਲਾਜ ਪਿੰਡ ਦੇ ਹੀ ਕਲੀਨਿਕ ਵਿੱਚ ਕਰਵਾਇਆ ਜਾ ਰਿਹਾ ਸੀ, ਪਰ ਸਿਹਤ ਜ਼ਿਆਦਾ ਵਿਗੜਨ ਕਾਰਨ ਉਸ ਨੂੰ ਬਰਨਾਲਾ ਵਿਖੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਮ੍ਰਿਤਕ ਬੱਚਾ ਕੁਲਦੀਪ ਸਰਕਾਰੀ ਪ੍ਰਾਇਮਰੀ ਸਕੂਲ ਪੱਖੋ ਕਲਾਂ ਦਾ ਪਹਿਲੀ ਜਮਾਤ ਦਾ ਵਿਦਿਆਰਥੀ ਸੀ। ਪ੍ਰਿੰਸੀਪਲ ਨਵਦੀਪ ਸ਼ਰਮਾ ਅਤੇ ਸਮੂਹ ਸਟਾਫ਼ ਨੇ ਬੱਚੇ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮ੍ਰਿਤਕ ਬੱਚਾ ਦੋ ਭਰਾਵਾਂ ਅਤੇ ਦੋ ਭੈਣਾਂ ਦਾ ਭਰਾ ਸੀ।
ਪੰਜਾਬ ਵਿੱਚ ਠੰਡ ਦਾ ਕਹਿਰ: ਪੰਜਾਬ ਵਿੱਚ ਧੁੰਦ ਦਾ ਕਹਿਰ ਜਾਰੀ ਹੈ। ਵੀਰਵਾਰ ਸਵੇਰੇ ਕਈ ਥਾਵਾਂ 'ਤੇ ਸੰਘਣੀ ਧੁੰਦ ਦੇਖੀ ਗਈ। ਇਸ ਕਾਰਨ ਪਟਿਆਲਾ ਵਿੱਚ 25 ਮੀਟਰ, ਅੰਮ੍ਰਿਤਸਰ ਵਿੱਚ 50, ਅੰਬਾਲਾ ਵਿੱਚ 25 ਅਤੇ ਚੰਡੀਗੜ੍ਹ ਵਿੱਚ 50 ਮੀਟਰ ਵਿਜ਼ੀਬਿਲਟੀ ਰਹੀ। ਮੌਸਮ ਵਿਭਾਗ ਨੇ ਪੰਜਾਬ ਦੇ 5 ਜ਼ਿਲ੍ਹਿਆਂ ਗੁਰਦਾਸਪੁਰ, ਅੰਮ੍ਰਿਤਸਰ, ਨਵਾਂਸ਼ਹਿਰ, ਜਲੰਧਰ ਅਤੇ ਮੋਗਾ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਇਹ ਇੱਥੇ ਇੱਕ ਠੰਡਾ ਦਿਨ ਹੋਵੇਗਾ। ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਹਿਮਾਚਲ 'ਚ ਫਿਰ ਤੋਂ ਹੋ ਸਕਦੀ ਬਰਫਬਾਰੀ : ਸੋਕੇ ਦੀ ਮਾਰ ਝੱਲ ਰਹੇ ਹਿਮਾਚਲ 'ਚ ਬਰਫਬਾਰੀ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। 25 ਤੋਂ 28 ਜਨਵਰੀ ਤੱਕ ਚੰਬਾ ਅਤੇ ਲਾਹੌਲ ਸਪਿਤੀ ਅਤੇ ਹਿਮਾਚਲ ਦੇ ਉਪਰਲੇ ਇਲਾਕਿਆਂ 'ਚ ਬਰਫਬਾਰੀ ਹੋ ਸਕਦੀ ਹੈ। ਸ਼ਿਮਲਾ, ਸਿਰਮੌਰ ਅਤੇ ਆਸਪਾਸ ਦੇ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਨਾਲ ਲੱਗਦੇ ਕਾਂਗੜਾ, ਊਨਾ ਆਦਿ ਇਲਾਕਿਆਂ 'ਚ ਸੰਘਣੀ ਧੁੰਦ ਅਤੇ ਠੰਡੇ ਦਿਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।