ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਪੰਜਾਬ ਦੇ ਨੌਜਵਾਨਾਂ ਦੇ ਹੁਨਰ ਅਤੇ ਕਾਰਜਕੁਸ਼ਲਤਾ ਵਿੱਚ ਵਾਧਾ ਕਰਕੇ ਉਨ੍ਹਾਂ ਨੂੰ ਆਲਮੀ ਲੋੜਾਂ ਅਨੁਸਾਰ ਰੋਜ਼ਗਾਰ ਦੇ ਮੌਕਿਆਂ ਦੇ ਸਮਰੱਥ ਬਣਾਉਣ ਵਾਸਤੇ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਨੇ ਮਾਈਕ੍ਰੋਸਾਫਟ ਨਾਲ ਇੱਕ ਸਮਝੌਤਾ (ਐਮ.ਓ.ਯੂ.) ਸਹੀਬੱਧ ਕੀਤਾ ਹੈ, ਜਿਸ ਤਹਿਤ ਇਕ ਸਾਲ ਅੰਦਰ 10 ਹਜ਼ਾਰ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਇਸ ਸਮਝੌਤੇ ਉਤੇ ਡਾਇਰੈਕਟਰ ਪੀ.ਐਸ.ਡੀ.ਐਮ. ਅੰਮ੍ਰਿਤ ਸਿੰਘ ਅਤੇ ਮਾਈਕ੍ਰੋਸਾਫਟ ਕਾਰਪੋਰੇਸ਼ਨ ਇੰਡੀਆ ਪ੍ਰਾਈਵੇਟ ਲਿਮਟਿਡ ਵਿੱਚ ਐਜੂਕੇਸ਼ਨ ਦੇ ਕੰਟਰੀ ਹੈੱਡ ਸ਼੍ਰੀ ਸੰਜੈ ਢੀਂਗਰਾ ਵੱਲੋਂ ਹਸਤਾਖ਼ਰ ਕੀਤੇ ਗਏ।
ਕਸਰ ਬਾਕੀ ਨਹੀਂ ਛੱਡੀ: ਇਸ ਸਮਝੌਤੇ ਲਈ ਸਮੁੱਚੇ ਵਿਭਾਗ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਸਮਝੌਤਾ ਪੰਜਾਬ ਦੇ 10,000 ਨੌਜਵਾਨਾਂ ਨੂੰ ਕਲਾਊਡ, ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.), ਸਾਈਬਰ ਸੁਰੱਖਿਆ ਅਤੇ ਸਸਟੇਨਿਬਿਲਟੀ, ਡਿਜੀਟਲ ਪ੍ਰੋਡਕਟੀਵਿਟੀ, ਰੋਜ਼ਗਾਰ, ਇੰਗਲਿਸ਼ ਕਮਿਊਨੀਕੇ਼ਸ਼ਨ ਸਕਿੱਲਜ਼, ਤਕਨਾਲੋਜੀ ਅਤੇ ਉੱਦਮੀ ਹੁਨਰ ਸਿਖਲਾਈ ਪ੍ਰਦਾਨ ਕਰਨ ਵਿੱਚ ਅਹਿਮ ਸਿੱਧ ਹੋਵੇਗਾ। ਉਨ੍ਹਾਂ ਦੁਹਰਾਇਆ ਕਿ ਵਿਭਾਗ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।
ਹੁਨਰਮੰਦ ਮਨੁੱਖੀ ਸ਼ਕਤੀ ਪ੍ਰਦਾਨ: ਸਮਝੌਤੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਸਾਲ 2024-25 ਲਈ ਮਾਈਕ੍ਰੋਸਾਫਟ ਨਾਲ ਕੀਤੇ ਗਏ ਇਸ ਸਮਝੌਤੇ ਵਿੱਚ ਅਜਿਹੀਆਂ ਵੱਖ-ਵੱਖ ਪਹਿਲਕਦਮੀਆਂ ਸ਼ਾਮਲ ਹਨ, ਜੋ ਪੀ.ਐਸ.ਡੀ.ਐਮ. ਦੇ ਸਹਿਯੋਗ ਨਾਲ ਸਿਖਿਆਰਥੀਆਂ ਦੀਆਂ ਵਿਸ਼ੇਸ਼ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਆਲਮੀ ਲੋੜਾਂ ਅਨੁਸਾਰ ਨੌਜਵਾਨਾਂ ਦੇ ਹੁਨਰ ਅਤੇ ਯੋਗਤਾ ਨੂੰ ਵਧਾਉਣਾ ਹੈ ਤਾਂ ਜੋ ਉਨ੍ਹਾਂ ਨੂੰ ਏ.ਆਈ. ਦੇ ਬੋਲਬਾਲੇ ਵਾਲੀ ਅਰਥਵਿਵਸਥਾ ਵਿੱਚ ਰੋਜ਼ਗਾਰ ਦੇ ਮੌਕਿਆਂ ਦੇ ਸਮਰੱਥ ਬਣਾਇਆ ਜਾ ਸਕੇ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਉਦਯੋਗ ਦੀਆਂ ਲੋੜਾਂ ਅਨੁਸਾਰ ਹੁਨਰਮੰਦ ਮਨੁੱਖੀ ਸ਼ਕਤੀ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਕੰਪਨੀਆਂ ਨਾਲ ਵੀ ਅਜਿਹੇ ਸਮਝੌਤੇ ਸਹੀਬੱਧ ਕੀਤੇ ਜਾਣਗੇ।
- ਡਾ.ਓਬਰਾਏ ਦੇ ਯਤਨਾਂ ਸਦਕਾ 26 ਸਾਲ ਦੇ ਨੌਜਵਾਨ ਦੀ ਮ੍ਰਿਤਕ ਦੇਹ ਪਹੁੰਚੀ ਭਾਰਤ - 26 year old youth died in Dubai
- ਚੋਰਾਂ ਵੱਲੋਂ ਸੁੱਤੇ ਪਏ ਬਜ਼ੁਰਗ ਦਾ ਕਤਲ, ਕੀਮਤੀ ਸਮਾਨ ਚੋਰੀ ਕਰਕੇ ਚੋਰ ਫਰਾਰ - Murder of a sleeping elder
- ਲਹਿਰਾਗਾਗਾ ਵਿੱਚ ਸਿਹਤ ਵਿਭਾਗ ਟੀਮ ਨੂੰ ਮਿਲੀ ਵੱਡੀ ਕਾਮਯਾਬੀ, ਸਿੰਥੈਟਿਕ ਦੁੱਧ ਬਣਾਉਣ ਵਾਲਾ ਗੁਦਾਮ ਕੀਤਾ ਸੀਲ - Health Department team
ਡੱਬੀ
ਸਮਝੌਤੇ ਦੇ ਮੁੱਖ ਪਹਿਲੂ
- ਦਸ ਹਜ਼ਾਰ ਪੇਂਡੂ ਨੌਜਵਾਨਾਂ, ਮੁਟਿਆਰਾਂ, ਕੁੜੀਆਂ ਅਤੇ ਦਿਵਿਆਂਗਜਨਾਂ ਦੀ ਕਾਰਜਕੁਸ਼ਲਤਾ ਵਿੱਚ ਵਾਧੇ ਵਾਸਤੇ ਫਾਊਂਡੇਸ਼ਨਲ ਡਿਜੀਟਲ, ਰੋਜ਼ਗਾਰਯੋਗਤਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਸਬੰਧੀ ਹੁਨਰ ਦਾ ਵਿਕਾਸ। ਰੋਜ਼ਗਾਰ ਉਤਪਤੀ ਵਿਭਾਗ ਕੋਲ ਰਜਿਸਟਰਡ ਨੌਕਰੀ ਤਲਾਸ਼ ਰਹੇ ਨੌਜਵਾਨਾਂ ਨੂੰ ਉਦਯੋਗ ਦੀ ਲੋੜ ਅਨੁਸਾਰ ਡਿਜੀਟਲ ਹੁਨਰ ਸਿਖਲਾਈ ਪ੍ਰਦਾਨ ਕਰਨਾ।
- ਤਕਨੀਕੀ ਅਤੇ ਪੇਸ਼ੇਵਰ ਸਿੱਖਿਆ ਸੰਸਥਾਵਾਂ ਵਿੱਚ ਵਿਦਿਆਰਥੀਆਂ ਲਈ ਟ੍ਰੇਨਰਾਂ ਰਾਹੀਂ ਕਲਾਊਡ, ਆਰਟੀਫਿਸ਼ੀਅਲ ਇੰਟੈਲੀਜੈਂਸ, ਸੁਰੱਖਿਆ ਅਤੇ ਸਸਟੇਨਿਬਿਲਟੀ (ਗ੍ਰੀਨ ਸਕਿੱਲਜ਼) ਬਾਰੇ ਜਾਗਰੂਕਤਾ ਅਤੇ ਸਿਖਲਾਈ ਪ੍ਰੋਗਰਾਮ।
- ਆਧੁਨਿਕ ਨਾਗਰਿਕ ਸੇਵਾਵਾਂ ਨੂੰ ਹੋਰ ਸੁਚਾਰੂ ਢੰਗ ਨਾਲ ਪ੍ਰਦਾਨ ਕਰਨ ਲਈ ਡਿਜੀਟਲ ਪ੍ਰੋਡਕਟੀਵਿਟੀ ਸਕਿੱਲਜ਼ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਸਬੰਧੀ ਹੁਨਰ ਪ੍ਰਦਾਨ ਕਰਕੇ ਸਰਕਾਰੀ ਮੁਲਾਜ਼ਮਾਂ ਦੀ ਸਮਰੱਥਾ ਵਿੱਚ ਵਾਧਾ ਕਰਨਾ।
- ਨੌਜਵਾਨਾਂ ਨੂੰ ਰੋਜ਼ਗਾਰ ਮੌਕਿਆਂ ਦੇ ਸਮਰੱਥ ਬਣਾਉਣ ਲਈ ਹਾਈ ਸਕੂਲ ਸਿੱਖਿਆ, ਅੰਡਰਗ੍ਰੈਜੁਏਟ ਕੋਰਸਾਂ ਅਤੇ ਕਿੱਤਾਮੁਖੀ ਸਿਖਲਾਈ ਦੌਰਾਨ ਨੌਜਵਾਨਾਂ ਵਿੱਚ ਇੰਗਲਿਸ਼ ਕਮਿਊਨੀਕੇਸ਼ਨ ਸਕਿੱਲਜ਼, 21ਵੀਂ ਸਦੀ ਦੇ ਹੁਨਰ ਅਤੇ ਏ.ਆਈ. ਵਿੱਚ ਰੋਜ਼ਗਾਰ ਦੀਆਂ ਸੰਭਾਵਨਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ।