ਵੈਲਿੰਗਟਨ: ਆਸਟ੍ਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵ ਸਮਿਥ ਨੇ ਕ੍ਰਿਕਟ ਅਧਿਕਾਰੀਆਂ ਨੂੰ ਤੇਜ਼ ਗੇਂਦਬਾਜ਼ਾਂ ਦੇ ਲਗਾਤਾਰ ਲੈੱਗ ਸਾਈਡ 'ਤੇ ਬਾਊਂਸਰ ਮਾਰਨ ਦੇ ਮੁੱਦੇ 'ਤੇ ਧਿਆਨ ਦੇਣ ਦੀ ਅਪੀਲ ਕੀਤੀ ਹੈ ਕਿਉਂਕਿ ਇਸ ਕਾਰਨ ਬੱਲੇਬਾਜ਼ ਵਿਕਟ ਦੇ ਸਾਹਮਣੇ ਕਿਤੇ ਵੀ ਸ਼ਾਟ ਨਹੀਂ ਮਾਰ ਪਾਉਂਦੇ। ਆਸਟ੍ਰੇਲੀਆ ਦੇ ਸਾਬਕਾ ਕਪਤਾਨ ਨੇ ਕਿਹਾ ਕਿ ਗੇਂਦਬਾਜ਼ ਨੂੰ ਸਿਰਫ਼ ਇੱਕ ਜਾਂ ਦੋ ਅਜਿਹੀਆਂ ਗੇਂਦਾਂ ਸੁੱਟਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ, ਜਿਸ ਤੋਂ ਬਾਅਦ ਉਸ ਨੂੰ ਚਿਤਾਵਨੀ ਦਿੱਤੀ ਜਾਵੇ ਜਾਂ ਗੇਂਦ ਨੂੰ ਵਾਈਡ ਐਲਾਨ ਦਿੱਤਾ ਜਾਵੇ।
ਉਨ੍ਹਾਂ ਨੇ ਕਿਹਾ, 'ਲੈੱਗ ਸਾਈਡ 'ਚ ਬਾਊਂਸਰ ਗੇਂਦ ਸੁੱਟਣ ਵਾਲਿਆਂ ਦੇ ਲਈ ਨਿਯਮ ਬਦਲੇ ਜਾ ਸਕਦੇ ਹਨ। ਤੁਸੀਂ ਵਿਕਟ ਦੇ ਸਾਹਮਣੇ ਸ਼ਾਟ ਖੇਡਣ ਦੇ ਯੋਗ ਨਹੀਂ ਹੋ। ਜੇਕਰ ਅਜਿਹੀ ਗੇਂਦ ਸੁੱਟੀ ਜਾਂਦੀ ਹੈ ਤਾਂ ਉਸ ਨੂੰ ਵਾਈਡ ਐਲਾਨ ਦਿੱਤਾ ਜਾਣਾ ਚਾਹੀਦਾ ਹੈ ਜਾਂ ਗੇਂਦਬਾਜ਼ ਨੂੰ ਚੁਣੌਤੀ ਦਿੱਤੀ ਜਾਣੀ ਚਾਹੀਦੀ ਹੈ। ਨਿਊਜ਼ੀਲੈਂਡ ਦੇ ਖਿਲਾਫ ਟੈਸਟ 'ਚ ਪਹਿਲੀ ਪਾਰੀ 'ਚ 31 ਦੌੜਾਂ ਬਣਾਉਣ ਵਾਲੇ ਸਮਿਥ ਨੇ ਕਿਹਾ ਕਿ ਜੇਕਰ ਗੇਂਦ ਲੈੱਗ ਸਾਈਡ 'ਤੇ ਬਹੁਤ ਜ਼ਿਆਦਾ ਘੁੰਮ ਰਹੀ ਹੈ ਤਾਂ ਬੱਲੇਬਾਜ਼ ਕੋਈ ਸਟ੍ਰੋਕ ਨਹੀਂ ਖੇਡ ਸਕਦਾ।
ਦਰਅਸਲ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਆਸਟਰੇਲੀਆ ਨੇ 85 ਓਵਰਾਂ ਵਿੱਚ 9 ਵਿਕਟਾਂ ਗੁਆ ਕੇ ਹੁਣ ਤੱਕ 279 ਦੌੜਾਂ ਬਣਾ ਲਈਆਂ ਹਨ। ਆਸਟਰੇਲੀਆ ਲਈ ਸਮਿਥ ਨੇ ਪਾਰੀ ਦੀ ਸ਼ੁਰੂਆਤ ਕੀਤੀ ਅਤੇ 71 ਗੇਂਦਾਂ ਵਿੱਚ 4 ਚੌਕਿਆਂ ਦੀ ਮਦਦ ਨਾਲ 31 ਦੌੜਾਂ ਦਾ ਯੋਗਦਾਨ ਪਾਇਆ। ਉਸ ਤੋਂ ਇਲਾਵਾ ਕੈਮਰੂਨ ਗ੍ਰੀਨ ਨੇ ਆਸਟ੍ਰੇਲੀਆ ਲਈ ਸੈਂਕੜਾ ਲਗਾਇਆ। ਉਹ 103 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਵੀ ਕ੍ਰੀਜ਼ 'ਤੇ ਮੌਜੂਦ ਹੈ। ਗ੍ਰੀਨ ਨੇ ਆਪਣੀ ਪਾਰੀ ਦੌਰਾਨ 16 ਚੌਕੇ ਲਗਾਏ।
ਹਾਲ ਹੀ 'ਚ ਆਸਟਰੇਲੀਆ ਦੇ ਓਪਨਿੰਗ ਬੱਲੇਬਾਜ਼ ਡੇਵਿਡ ਵਾਰਨਰ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਦੋਂ ਤੋਂ ਹੀ ਸਟੀਮ ਸਮਿਥ ਆਸਟ੍ਰੇਲੀਆ ਲਈ ਸਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ।