ਨਵੀਂ ਦਿੱਲੀ: ਭਾਰਤ ਬਨਾਮ ਇੰਗਲੈਂਡ ਵਿਚਾਲੇ ਚੱਲ ਰਹੀ ਸੀਰੀਜ਼ ਦੇ ਬਾਕੀ ਤਿੰਨ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। BCCI ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਜਾਣਕਾਰੀ ਦਿੱਤੀ ਹੈ।
ਬੀਸੀਸੀਆਈ ਵੱਲੋਂ ਜਾਰੀ ਤਿੰਨ ਮੈਚਾਂ ਲਈ ਵਿਰਾਟ ਕੋਹਲੀ ਦਾ ਨਾਂ ਟੀਮ ਵਿੱਚ ਨਹੀਂ ਹੈ। ਉਹ ਸੀਰੀਜ਼ 'ਚ ਉਪਲਬਧ ਨਹੀਂ ਹੋਵੇਗਾ। ਬੀਸੀਸੀਆਈ ਨੇ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਵਿਰਾਟ ਕੋਹਲੀ ਨਿੱਜੀ ਕਾਰਨਾਂ ਕਰਕੇ ਬਾਕੀ ਤਿੰਨ ਮੈਚਾਂ ਲਈ ਉਪਲਬਧ ਨਹੀਂ ਹੋ ਪਾ ਰਹੇ ਹਨ। ਬੋਰਡ ਵਿਰਾਟ ਕੋਹਲੀ ਦੇ ਫੈਸਲੇ ਦਾ ਸਨਮਾਨ ਕਰਦਾ ਹੈ ਅਤੇ ਪੂਰਾ ਸਮਰਥਨ ਕਰਦਾ ਹੈ।
ਨਵੇਂ ਗੇਂਦਬਾਜ਼ ਆਕਾਸ਼ਦੀਪ ਨੂੰ ਭਾਰਤੀ ਟੀਮ ਦੀ ਨਵੀਂ ਤਿੰਨ ਮੈਚਾਂ ਦੀ ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ। ਅਵੇਸ਼ ਖਾਨ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸ਼੍ਰੇਅਸ ਅਈਅਰ ਨੂੰ ਵੀ ਅਗਲੇ ਤਿੰਨ ਮੈਚਾਂ ਲਈ ਟੀਮ ਵਿੱਚ ਜਗ੍ਹਾਂ ਨਹੀਂ ਮਿਲੀ ਹੈ। ਰਵਿੰਦਰ ਜਡੇਜਾ ਅਤੇ ਕੇਐਲ ਰਾਹੁਲ ਦੀ ਵਾਪਸੀ ਹੋ ਗਈ ਹੈ ਪਰ ਬੀਸੀਸੀਆਈ ਨੇ ਪ੍ਰੈਸ ਰਿਲੀਜ਼ ਵਿੱਚ ਕਿਹਾ ਹੈ ਕਿ ਰਵਿੰਦਰ ਜਡੇਜਾ ਅਤੇ ਕੇਐਲ ਰਾਹੁਲ ਨੂੰ ਟੀਮ ਵਿੱਚ ਸ਼ਾਮਲ ਕਰਨਾ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਮਨਜ਼ੂਰੀ ਉੱਤੇ ਨਿਰਭਰ ਕਰੇਗਾ।
ਸਰਫਰਾਜ਼ ਖਾਨ ਨੂੰ ਵੀ ਟੀਮ 'ਚ ਬਰਕਰਾਰ ਰੱਖਿਆ ਗਿਆ ਹੈ। ਉਸ ਨੂੰ ਦੂਜੇ ਟੈਸਟ ਮੈਚ 'ਚ ਕੇਐੱਲ ਰਾਹੁਲ ਦੀ ਥਾਂ 'ਤੇ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ, ਕੇਐਲ ਰਾਹੁਲ ਵਾਪਸ ਆ ਗਿਆ ਹੈ ਅਤੇ ਅਈਅਰ ਸੱਟ ਕਾਰਨ ਬਾਹਰ ਹੋ ਗਿਆ ਹੈ। ਕੇਐਸ ਭਰਤ ਅਤੇ ਧਰੁਵ ਜੁਰੇਲ ਵਿਕਟਕੀਪਰ ਵਜੋਂ ਟੀਮ ਵਿੱਚ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਮੁਹੰਮਦ ਸਿਰਾਜ ਅਤੇ ਮੁਕੇਸ਼ ਕੁਮਾਰ ਨੂੰ ਵੀ ਅਗਲੇ ਤਿੰਨ ਮੈਚਾਂ ਲਈ ਬਰਕਰਾਰ ਰੱਖਿਆ ਗਿਆ ਹੈ।
ਅਗਲੇ ਤਿੰਨ ਟੈਸਟਾਂ ਲਈ ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਕੇਐਲ ਰਾਹੁਲ, ਰਜਤ ਪਾਟੀਦਾਰ, ਸਰਫਰਾਜ਼ ਖਾਨ, ਧਰੁਵ ਜੁਰੇਲ (ਵਿਕਟਕੀਪਰ), ਕੇਐਸ ਭਾਰਤ (ਵਿਕਟਕੀਪਰ), ਆਰ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ (ਉਪ ਕਪਤਾਨ), ਮੁਕੇਸ਼ ਕੁਮਾਰ, ਆਕਾਸ਼ ਦੀਪ।