ਲੁਧਿਆਣਾ: ਪੰਜਾਬ ਦੀ ਸਿਆਸਤ ਵਿੱਚ ਅੱਜ ਸ਼ੁੱਕਰਵਾਰ ਨੂੰ ਉਸ ਵੇਲ੍ਹੇ ਹਲਚਲ ਤੇਜ਼ ਹੋ ਗਈ, ਜਦੋਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀਆਂ ਅਟਕਲਾਂ ਹੋਰ ਤੇਜ਼ ਹੋ ਗਈਆਂ। ਸੂਤਰਾਂ ਮੁਤਾਬਕ, ਸੁਨੀਲ ਜਾਖੜ ਭਾਜਪਾ ਪਾਰਟੀ ਹਾਈਕਮਾਂਡ ਤੋਂ ਨਾਰਾਜ਼ ਚੱਲ ਰਹੇ ਹਨ ਜਿਸ ਕਰਕੇ ਉਨ੍ਹਾਂ ਨੇ ਅਸਤੀਫਾ ਦੇਣ ਦੀ ਗੱਲ ਕਹੀ ਹੈ। ਪਰ, ਦੂਜੇ ਪਾਸੇ ਭਾਜਪਾ ਨੇ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਸੋ, ਫਿਲਹਾਲ ਪੰਜਾਬ ਦੀ ਸਿਆਸਤ ਵਿੱਚ ਸੁਨੀਲ ਜਾਖੜ ਵਲੋਂ ਅਸਤੀਫਾ ਦਿੱਤੇ ਜਾਣ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਹਾਲਾਂਕਿ, ਇਸ ਨੂੰ ਲੈ ਕੇ ਅਧਿਕਾਰਿਤ ਪੁਸ਼ਟੀ ਹੋਣ ਦੀ ਉਡੀਕ ਹੈ। ਹਾਲਾਂਕਿ, ਸੁਨੀਲ ਜਾਖੜ ਵਲੋਂ ਅਸਤੀਫੇ ਦੀਆਂ ਖਬਰਾਂ ਆਉਣ ਤੋਂ ਬਾਅਦ ਕਾਂਗਰਸ ਪ੍ਰਦੇਸ਼ ਪ੍ਰਧਾਨ ਤੇ ਐਮਪੀ ਰਾਜਾ ਵੜਿੰਗ ਤੰਜ ਕੱਸਣ ਵਿੱਚ ਪਿੱਛੇ ਨਹੀਂ ਰਹੇ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਟਵੀਟ ਕਰਦਿਆ ਲਿਖਿਆ ਕਿ - "All The Best, Where Next."
ਕੌਣ ਹੈ ਸੁਨੀਲ ਜਾਖੜ ?
ਪੰਜਾਬ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਆਪਣੇ ਪਿਤਾ ਤੋਂ ਸਿਆਸਤ ਦੀ ਸਿੱਖਿਆ ਲਈ ਹੈ। ਪੰਜਾਬ ਰਾਜ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪੰਚਕੋਸ਼ੀ ਵਿੱਚ 9 ਫਰਵਰੀ 1954 ਨੂੰ ਜਨਮੇ ਸੁਨੀਲ ਜਾਖੜ ਸੀਨੀਅਰ ਕਾਂਗਰਸੀ ਆਗੂ ਬਲਰਾਮ ਜਾਖੜ ਦੇ ਪੁੱਤਰ ਹਨ। ਸੁਨੀਲ ਕੁਮਾਰ ਜਾਖੜ ਦੀ ਪਤਨੀ ਸਿਲਵੀਆ ਜਾਖੜ ਇੱਕ ਘਰੇਲੂ ਔਰਤ ਹੈ। ਜਾਖੜ ਦੇ ਦੋ ਭਰਾ ਅਤੇ ਦੋ ਭੈਣਾਂ ਹਨ। ਉਨ੍ਹਾਂ ਦੇ ਭਰਾ ਸੱਜਣ ਕੁਮਾਰ ਜਾਖੜ ਅਤੇ ਸੁਰਿੰਦਰ ਕੁਮਾਰ ਜਾਖੜ ਹਨ।
ਦੱਸ ਦੇਈਏ ਕਿ ਸੱਜਣ ਕੁਮਾਰ ਜਾਖੜ ਪੰਜਾਬ ਸਰਕਾਰ ਵਿੱਚ ਮੰਤਰੀ ਦਾ ਅਹੁਦਾ ਵੀ ਸੰਭਾਲ ਚੁੱਕੇ ਹਨ। ਸੁਨੀਲ ਜਾਖੜ ਦੇ ਦੂਜੇ ਭਰਾ, ਸੁਰਿੰਦਰ ਜਾਖੜ ਨੇ 2011 ਵਿੱਚ ਦੁਰਘਟਨਾ ਵਿੱਚ ਮੌਤ ਤੋਂ ਪਹਿਲਾਂ 4 ਵਾਰ ਇਫਕੋ ਦੇ ਚੇਅਰਮੈਨ ਵਜੋਂ ਸੇਵਾ ਨਿਭਾਈ ਸੀ।
ਪਿਤਾ ਬਲਰਾਮ ਜਾਖੜ ਰਹਿ ਚੁੱਕੇ ਗਵਰਨਰ
ਉਨ੍ਹਾਂ ਦਾ ਭਤੀਜਾ ਸੁਨੀਲ ਕੁਮਾਰ ਜਾਖੜ ਵੀ ਸਿਆਸਤ ਵਿੱਚ ਹੈ, ਜੋ ਮੁੜ ਕਾਂਗਰਸ ਦੀ ਟਿਕਟ ’ਤੇ ਅਬੋਹਰ ਤੋਂ ਵਿਧਾਨ ਸਭਾ ਚੋਣ ਲੜ ਚੁੱਕਾ ਹੈ। ਬਲਰਾਮ ਜਾਖੜ ਪੰਜਾਬ ਦੀ ਰਾਜਨੀਤੀ ਵਿੱਚ ਦਿਲਚਸਪੀ ਰੱਖਦੇ ਸਨ। ਉਹ ਕਾਂਗਰਸ ਦੀ ਟਿਕਟ 'ਤੇ ਕਈ ਵਾਰ ਲੋਕ ਸਭਾ ਪਹੁੰਚੇ ਅਤੇ ਲੋਕ ਸਭਾ ਦੇ ਸਪੀਕਰ ਵੀ ਰਹੇ। ਇਸ ਦੇ ਨਾਲ ਹੀ ਉਹ ਮੱਧ ਪ੍ਰਦੇਸ਼ ਦੇ ਰਾਜਪਾਲ ਵੀ ਰਹੇ। ਪਰਿਵਾਰ ਦਾ ਸਿਆਸੀ ਮਾਹੌਲ ਅਤੇ ਪਿਤਾ ਦਾ ਸਿਆਸੀ ਕੱਦ ਸੁਨੀਲ ਜਾਖੜ ਲਈ ਸਕੂਲ ਵਾਂਗ ਕੰਮ ਕਰਦੇ ਸੀ। ਸੁਨੀਲ ਜਾਖੜ ਪੋਸਟ ਗ੍ਰੈਜੂਏਟ ਹਨ। ਉਨ੍ਹਾਂ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਐਮ.ਬੀ.ਏ. ਇਸ ਤੋਂ ਇਕ ਸਾਲ ਪਹਿਲਾਂ ਉਸ ਨੇ ਸਰਕਾਰੀ ਕਾਲਜ ਚੰਡੀਗੜ੍ਹ ਤੋਂ ਬੀ.ਏ ਦੀ ਡਿਗਰੀ ਹਾਸਲ ਕੀਤੀ ਸੀ।
ਸੁਨੀਲ ਦੇ ਪਿਤਾ, ਬਲਰਾਮ ਜਾਖੜ, ਜਿਨ੍ਹਾਂ ਦਾ 92 ਸਾਲ ਦੀ ਉਮਰ ਵਿੱਚ ਸਾਲ 2016 ਵਿੱਚ ਦਿਹਾਂਤ ਹੋ ਗਿਆ ਸੀ, ਨੂੰ 1980 ਤੋਂ 1989 ਤੱਕ ਲਗਾਤਾਰ ਦੋ ਵਾਰ ਲੋਕ ਸਭਾ ਸਪੀਕਰ ਰਹਿਣ ਦਾ ਵਿਲੱਖਣ ਮਾਣ ਪ੍ਰਾਪਤ ਹੋਇਆ ਸੀ।
ਕਾਂਗਰਸ ਨਾਲ ਸਿਆਸਤ 'ਚ ਧਰਿਆ ਪੈਰ, ਗੁਰਦਾਸਪੁਰ ਸੀਟ ਨੇ ਕੀਤਾ ਮਜਬੂਤ
ਸੁਨੀਲ ਜਾਖੜ 2002 ਵਿੱਚ ਪੰਜਾਬ ਦੀ ਅਬੋਹਰ ਵਿਧਾਨ ਸਭਾ ਸੀਟ ਤੋਂ ਕਾਂਗਰਸ ਵਲੋਂ ਦਿੱਤੀ ਟਿਕਟ ਉੱਤੇ ਪਹਿਲੀ ਵਾਰ ਵਿਧਾਨ ਸਭਾ ਵਿੱਚ ਪਹੁੰਚੇ ਸਨ। ਇਸ ਤੋਂ ਬਾਅਦ ਉਹ 2007 ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਬੋਹਰ ਸੀਟ ਤੋਂ ਵਿਧਾਇਕ ਵੀ ਰਹੇ। 2017 'ਚ ਉਹ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਉਪ ਚੋਣ ਜਿੱਤ ਕੇ ਸੰਸਦ ਮੈਂਬਰ ਚੁਣੇ ਗਏ ਸਨ, ਜੋ ਵਿਨੋਦ ਖੰਨਾ ਦੀ ਮੌਤ ਕਾਰਨ ਖਾਲੀ ਹੋਈ ਸੀ। ਭਾਜਪਾ ਦੇ ਵਿਨੋਦ ਖੰਨਾ ਲਗਾਤਾਰ 4 ਵਾਰ ਗੁਰਦਾਸਪੁਰ ਤੋਂ ਸੰਸਦ ਮੈਂਬਰ ਚੁਣੇ ਗਏ। ਇਹ ਸੀਟ ਭਾਜਪਾ ਦਾ ਗੜ੍ਹ ਮੰਨੀ ਜਾਂਦੀ ਸੀ। ਇਸ ਜਿੱਤ ਨੇ ਜਾਖੜ ਦਾ ਕੱਦ ਹੋਰ ਮਜ਼ਬੂਤ ਕਰ ਦਿੱਤਾ ਹੈ।
ਕਾਂਗਰਸ ਛੱਡੀ, ਭਾਜਪਾ ਜੁਆਇਨ ਕੀਤੀ
ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸੁਨੀਲ ਜਾਖੜ ਨੇ ਇੱਕ ਵਾਰ ਫਿਰ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜੀ ਸੀ, ਪਰ ਇਸ ਵਾਰ ਉਨ੍ਹਾਂ ਨੂੰ ਭਾਜਪਾ ਉਮੀਦਵਾਰ ਸੰਨੀ ਦਿਓਲ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਾਂਗਰਸ ਹਾਈ-ਕਮਾਂਡ ਤੋਂ ਨੋਟਿਸ ਮਿਲਣ ਤੋਂ ਕੁਝ ਦਿਨ ਬਾਅਦ, ਜਾਖੜ ਨੇ 14 ਮਈ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਛੱਡ ਦਿੱਤੀ। ਉਹ 19 ਮਈ 2022 ਨੂੰ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ। 4 ਜੁਲਾਈ 2023 ਨੂੰ ਜਾਖੜ ਨੂੰ ਭਾਜਪਾ ਪੰਜਾਬ ਦਾ ਪ੍ਰਧਾਨ ਬਣਾਇਆ ਗਿਆ। ਹਾਲਾਂਕਿ, ਹੁਣ ਸਿਆਸੀ ਗਲਿਆਰੇ ਵਿੱਚ ਚਰਚਾ ਹੈ ਕਿ ਭਾਜਪਾ ਹਾਈਕਮਾਂਡ ਵਲੋਂ ਰਵਨੀਤ ਬਿੱਟੂ ਨੂੰ ਵਧ ਤਰੀਜ਼ਹ ਦਿੱਤੇ ਜਾਣ ਤੋਂ ਉਹ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ। ਇਸ ਕਾਰਨ ਉਹ ਕੁਝ ਮਹੀਨਿਆਂ ਤੋਂ ਭਾਜਪਾ ਪਾਰਟੀ ਦੀ ਕਿਸੇ ਵੀ ਮੀਟਿੰਗ ਦਾ ਹਿੱਸਾ ਨਹੀਂ ਬਣ ਰਹੇ।