ਬਰਨਾਲਾ: ਪੰਚਾਇਤੀ ਚੋਣਾਂ ਨੂੰ ਲੈ ਕੇ ਬਰਨਾਲਾ ਜ਼ਿਲ੍ਹੇ ਵਿੱਚ ਲਗਾਤਾਰ ਸਵੇਰੇ 8 ਵਜੇ ਤੋਂ ਵੋਟਿੰਗ ਦਾ ਦੌਰ ਜਾਰੀ ਹੈ। ਹੁਣ ਤੱਕ ਬਰਨਾਲਾ ਦੇ ਜਿਲ੍ਹੇ ਭਰ ਵਿੱਚ ਹਲਕੀਆਂ ਫੁਲਕੀਆਂ ਝੜਪਾਂ ਤੋਂ ਇਲਾਵਾ ਇਨ੍ਹਾਂ ਚੋਣਾਂ ਦੌਰਾਨ ਅਮਨ ਸ਼ਾਂਤੀ ਰਹੀ ਹੈ। ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਆਪਣੇ ਪਿੰਡ ਪੰਡੋਰੀ ਅਤੇ ਵਿਧਾਨ ਸਭਾ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਵੱਲੋਂ ਆਪਣੇ ਪਿੰਡ ਉਗੋਕੇ ਵਿਖੇ ਵੋਟ ਪਾਈ ਗਈ।
122 ਸਾਲਾ ਬੇਬੇ ਜਗੀਰ ਕੌਰ ਬਣੀ ਖਿੱਚ ਦਾ ਕੇਂਦਰ
ਬਰਨਾਲਾ ਦੇ ਪਿੰਡ ਦੀਵਾਨਾ ਵਿਖੇ 122 ਸਾਲਾ ਬੇਬੇ ਜਗੀਰ ਕੌਰ ਨੇ ਵੀ ਆਪਣੀ ਵੋਟ ਪਾਈ, ਜੋ ਖਿੱਚ ਦਾ ਕੇਂਦਰ ਬਣੀ। ਉਸ ਸਮੇਂ ਸਾਰੇ ਹੀ ਪਹੁੰਚੇ ਵੋਟਰਾਂ ਵਿੱਚੋਂ ਜਗੀਰ ਕੌਰ ਹੀ ਸਭ ਤੋਂ ਵਧ ਉਮਰ ਦੀ ਬਜ਼ੁਰਗ ਵੋਟਰ ਮੌਜੂਦ ਰਹੀ ਹੈ।
ਵਿਧਾਇਕ ਲਾਭ ਸਿੰਘ ਉਗੋਕੇ ਨੇ ਭੁਗਤਾਈ ਵੋਟ
ਇਸ ਮੌਕੇ ਗੱਲਬਾਤ ਕਰਦਿਆ ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਪਿੰਡ ਉੱਗੋਕੇ ਵਿਖੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਹੈ। ਸਵੇਰ ਤੋਂ ਹੀ ਉਨ੍ਹਾਂ ਦੇ ਹਲਕਾ ਭਦੌੜ ਵਿੱਚ ਵੱਡੀਆਂ ਲਾਈਨਾਂ ਪੋਲਿੰਗ ਬੂਥਾਂ ਉੱਪਰ ਲੱਗੀਆਂ ਹਨ ਤੇ ਲੋਕ ਘਰਾਂ ਵਿੱਚੋ ਨਿਕਲ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਉਮੀਦਵਾਰ ਸਰਪੰਚ ਬਣਨਗੇ, ਉਨ੍ਹਾਂ ਨਾਲ ਮਿਲ ਕੇ ਪਿੰਡਾਂ ਦਾ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਦਾ ਸਰਪੰਚ ਪਿੰਡ ਲਈ ਪਿੰਡ ਦੇ ਵਿਕਾਸ ਲਈ ਹੀ ਚੁਣਿਆ ਜਾਂਦਾ ਹੈ। ਜਿਸ ਕਰਕੇ ਇਸ ਵਿੱਚ ਕੋਈ ਵੀ ਸਿਆਸੀ ਦਖਲਅੰਦਾਜੀ ਨਹੀਂ ਹੋਣੀ ਚਾਹੀਦੀ।
ਬਿਨਾਂ ਲੜਾਈ ਝਗੜੇ ਦੇ ਭੁਗਤੀ ਵੋਟਿੰਗ
ਲਾਭ ਸਿੰਘ ਉਗੋਕੇ ਨੇ ਕਿਹਾ ਕਿ ਬੜੇ ਮਾਣ ਦੀ ਗੱਲ ਹੈ ਕਿ ਸਾਡੇ ਬਰਨਾਲਾ ਜ਼ਿਲ੍ਹੇ ਵਿੱਚ ਇਨ੍ਹਾਂ ਪੰਚਾਇਤੀ ਚੋਣਾਂ ਦੌਰਾਨ ਕੋਈ ਵੀ ਲੜਾਈ ਝਗੜਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਹਲਕਾ ਭਦੌੜ ਵਿੱਚ 18 ਪੰਚਾਇਤਾਂ ਉੱਪਰ ਸਰਬ ਸੰਮਤੀਆਂ ਹੋਈਆਂ ਹਨ। ਪੰਚਾਇਤੀ ਚੋਣਾਂ ਤੋਂ ਬਾਅਦ ਹਲਕੇ ਦੀਆਂ ਪੰਚਾਇਤਾਂ ਨਾਲ ਮਿਲ ਕੇ ਸਿੱਖਿਆ, ਸਿਹਤ ਅਤੇ ਖੇਡਾਂ ਪ੍ਰਤੀ ਚੰਗੇ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਹੀ ਸਰਕਾਰ ਵੱਲੋਂ ਕੋਈ ਵੀ ਧੱਕੇਸ਼ਾਹੀ ਨਹੀਂ ਕੀਤੀ ਗਈ ਜਿਹੜੇ ਕੇਸ ਹਾਈਕੋਰਟ ਵਿੱਚ ਗਏ ਸਨ, ਉਹਨਾਂ ਕੇਸਾਂ ਪ੍ਰਤੀ ਪੰਜਾਬ ਸਰਕਾਰ ਨੇ ਸਭ ਤੋਂ ਵਧੀਆ ਪੱਖ ਰੱਖਿਆ ਹੈ ਜਿਸ ਤੋਂ ਬਾਅਦ ਹਾਈਕੋਰਟ ਨੇ ਦਾਇਰ ਕੀਤੀ ਗਈ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ।
ਅੱਗੇ ਹੋਣ ਵਾਲੀ ਜ਼ਿਮਨੀ ਚੋਣ ਵਿੱਚ ਜਿੱਤ ਦਾ ਦਾਅਵਾ
ਨਿਰਵਿਰੋਧ ਚੁਣੀਆਂ ਗਈਆਂ ਪੰਚਾਇਤਾਂ ਨੂੰ ਅੱਜ ਸਰਟੀਫਿਕੇਟ ਵੀ ਦਿੱਤੇ ਜਾ ਰਹੇ ਹਨ। ਉੱਥੇ ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਤੋਂ ਬਾਅਦ ਬਰਨਾਲਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਹੋਵੇਗੀ ਜਿਸ ਵਿੱਚ ਪਹਿਲਾਂ ਦੀ ਤਰ੍ਹਾਂ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿੱਤ ਹਾਸਿਲ ਕਰੇਗੀ।
ਵਿਕਾਸ ਦੇ ਮੁੱਦੇ ਨੂੰ ਧਿਆਨ ਵਿੱਚ ਰੱਖ ਕੇ ਲੋਕ ਪਾਉਣ ਵੋਟ
ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਵਿਕਾਸ ਦੇ ਮੁੱਦੇ ਨੂੰ ਧਿਆਨ ਵਿੱਚ ਰੱਖ ਕੇ ਲੋਕਾਂ ਨੂੰ ਵੋਟ ਪਾਉਣੀ ਚਾਹੀਦੀ ਹੈ। ਪਿੰਡਾਂ ਦੇ ਵਿਕਾਸ ਲਈ ਪੰਚਾਇਤੀ ਦੀ ਚੋਣ ਬਹੁਤ ਜਿਆਦਾ ਮਹੱਤਵਪੂਰਨ ਹੈ। ਇਸ ਕਰਕੇ ਚੰਗੇ ਅਤੇ ਸੂਝਵਾਨ ਉਮੀਦਵਾਰਾਂ ਨੂੰ ਹੀ ਪਿੰਡ ਦੀ ਅਗਵਾਈ ਦਿੱਤੀ ਜਾਵੇ। ਜੇਕਰ ਇੱਕ ਵਾਰ ਮੌਕਾ ਖੁੰਝ ਗਿਆ, ਤਾਂ ਇਹ ਮੌਕਾ ਅਗਲੇ ਪੰਜ ਸਾਲਾਂ ਬਾਅਦ ਮਿਲੇਗਾ।
ਐਸਐਸਪੀ ਵਲੋਂ ਸੁਰਖਿਆ ਪ੍ਰਬੰਧਾਂ ਦਾ ਲਿਆ ਗਿਆ ਜਾਇਜ਼ਾ
ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਪੋਲਿੰਗ ਬੂਥਾਂ ਉੱਪਰ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਐਸਐਸਪੀ ਨੇ ਕਿਹਾ ਕਿ ਹੁਣ ਤੱਕ ਬਰਨਾਲਾ ਜਿਲੇ ਵਿੱਚ ਪੂਰਨ ਅਮਨ ਸ਼ਾਂਤੀ ਨਾਲ ਵੋਟਿੰਗ ਪ੍ਰਕਿਰਿਆ ਚੱਲ ਰਹੀ ਹੈ। ਸੈਂਸਟਿਵ ਪੋਲਿੰਗ ਬੂਥਾਂ ਉਪਰ ਵਾਧੂ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ।