ਲੁਧਿਆਣਾ: ਜ਼ਿਲ੍ਹੇ ਦੇ ਹਲਕਾ ਗਿੱਲ ਅਧੀਨ ਪੈਂਦੇ ਰੂਪਨਗਰ ਇਲਾਕੇ ਵਿੱਚ ਮੁੰਨੀ ਦੇਵੀ ਸਰਪੰਚ ਚੁਣੀ ਗਈ ਹੈ। ਦੱਸ ਦੇਈਏ ਕਿ ਮੁੰਨੀ ਦੇਵੀ ਹਰਿਆਣਾ ਦੇ ਨਾਲ ਸੰਬੰਧ ਰੱਖਦੀ ਹੈ ਅਤੇ ਉਸ ਦੇ ਸਾਥੀ ਪੰਚ ਯੂਪੀ ਅਤੇ ਬਿਹਾਰ ਤੋਂ ਹਨ। ਗੱਲਬਾਤ ਦੌਰਾਨ ਮੁੰਨੀ ਦੇਵੀ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਜ਼ਿਆਦਾਤਰ ਪ੍ਰਵਾਸੀ ਲੋਕ ਹੀ ਰਹਿੰਦੇ ਹਨ। ਉਹਨਾਂ ਕਿਹਾ ਕਿ ਇਲਾਕੇ ਵਿੱਚ ਬਹੁਤ ਸਾਰੇ ਅਧੂਰੇ ਕੰਮ ਨੇ ਜਿਨ੍ਹਾਂ ਨੂੰ ਪੂਰਾ ਕਰਨਾ ਹੈ।
400 ਵੋਟਾਂ ਦੇ ਫਰਕ ਨਾਲ ਜਿੱਤ
ਉਹਨਾਂ ਕਿਹਾ ਕਿ ਅਧੂਰੇ ਕੰਮ ਪੂਰੇ ਕਰਨ ਦੇ ਮਕਸਦ ਨਾਲ ਉਹ ਚੋਣਾਂ ਵਿੱਚ ਖੜੇ ਸਨ ਅਤੇ 400 ਦੇ ਕਰੀਬ ਵੋਟਾਂ ਨਾਲ ਉਹਨਾਂ ਜਿੱਤ ਹਾਸਿਲ ਕੀਤੀ ਹੈ। ਪੰਚਾਇਤ ਦੇ ਵਿੱਚ ਚੁਣੇ ਗਏ ਮੈਂਬਰ ਪੰਚਾਇਤ ਹਰਿਆਣਾ, ਯੂਪੀ ਅਤੇ ਰਾਜਸਥਾਨ ਦੇ ਰਹਿਣ ਵਾਲੇ ਹਨ। ਜਿਨ੍ਹਾਂ ਵੱਲੋਂ ਚੋਣਾਂ ਦੇ ਵਿੱਚ ਬਾਜ਼ੀ ਮਾਰੀ ਗਈ ਹੈ ਅਤੇ ਆਪਣੇ ਵਿਰੋਧੀਆਂ ਨੂੰ ਮਾਤ ਦੇ ਕੇ ਪੰਚਾਇਤ ਬਣਾਈ ਗਈ ਹੈ। ਮੁੰਨੀ ਦੇਵੀ ਦੂਜੀ ਵਾਰ ਸਰਪੰਚ ਚੁਣੀ ਗਈ ਹੈ, ਪਹਿਲੀ ਵਾਰ ਉਹ ਮਹਿਜ਼ ਸੱਤ ਵੋਟਾਂ ਤੋਂ ਜਿੱਤੀ ਸੀ ਅਤੇ ਇਸ ਵਾਰ 400 ਵੋਟਾਂ ਦੇ ਫਰਕ ਨਾਲ ਉਹ ਜਿੱਤੀ ਹੈ।
ਪ੍ਰਵਾਸੀਆਂ ਨੇ ਬਣਾਈ ਪੰਚਾਇਤ
ਸਰਪੰਚ ਚੁਣੀ ਗਈ ਮੁੰਨੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਪਿਛਲੇ ਕਾਰਜਕਾਲ ਦੌਰਾਨ ਕਰਵਾਏ ਗਏ ਕੰਮਾਂ ਨੂੰ ਲੋਕਾਂ ਨੇ ਪ੍ਰਵਾਨ ਕੀਤਾ ਹੈ ਅਤੇ ਇਸੇ ਕਰਕੇ ਇਸ ਵਾਰ ਵੀ ਭਰੋਸਾ ਜਤਾਇਆ ਹੈ। ਮੁੰਨੀ ਦੇਵੀ ਦੇ ਨਾਲ ਬਣੇ ਪੰਚ ਯੂਪੀ ਅਤੇ ਰਾਜਸਥਾਨ ਦੇ ਹਨ। ਉਹਨਾਂ ਨੇ ਦੱਸਿਆ ਕਿ ਰੂਪਨਗਰ ਇਲਾਕੇ ਦੇ ਵਿੱਚ 75 ਫੀਸਦੀ ਲੋਕ ਪ੍ਰਵਾਸੀ ਹੀ ਰਹਿੰਦੇ ਹਨ। ਮੁੰਨੀ ਦੇਵੀ ਦਾ ਦਾਅਵਾ ਹੈ ਕਿ ਇਸ ਵਾਰ ਜੋ ਬਕਾਇਆ ਕੰਮ ਹਨ ਉਹ ਪੂਰੇ ਕੀਤੇ ਜਾਣਗੇ, ਖਾਸ ਕਰਕੇ ਬੱਚਿਆਂ ਦੇ ਖੇਡਣ ਲਈ ਪਾਰਕ ਦਾ ਨਿਰਮਾਣ, ਕੂੜਾ ਚੱਕਣ ਲਈ ਪੰਚਾਇਤ ਦੀ ਆਪਣੀ ਗੱਡੀ ਅਤੇ ਇਸ ਤੋਂ ਇਲਾਵਾ ਹੋਰ ਵੀ ਬਕਾਇਆ ਕੰਮ ਪੂਰੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਹੁਣ ਤੱਕ ਬਾਕੀ ਕੰਮ ਮੁਕੰਮਲ ਕੀਤੇ ਚੁੱਕੇ ਜਾ ਹਨ ਜਿੰਨ੍ਹਾਂ ਵਿੱਚ ਸੜਕਾਂ ਦਾ ਕੰਮ, ਸੀਵਰੇਜ ਦਾ ਕੰਮ ਅਤੇ ਪੀਣ ਵਾਲੇ ਪਾਣੀ ਦਾ ਕੰਮ ਸ਼ਾਮਿਲ ਹੈ।