ਸ੍ਰੀ ਮੁਕਤਸਰ ਸਾਹਿਬ : ਗਿੱਦੜਬਾਹਾ ਹਲਕੇ ਦੇ 26 ਪਿੰਡਾਂ ਦੇ 67 ਪੰਚ ਅਤੇ ਸਰਪੰਚ ਦੇ ਉਮੀਦਵਾਰ ਦੇ ਕਾਗਜ ਰੱਦ ਹੋਣ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ. ਦਫ਼ਤਰ ਪਹੁੰਚੇ। ਇਸ ਮੌਕੇ ਉਹਨਾਂ ਕਈ ਵੱਡੇ ਅਧਿਕਾਰੀਆਂ ਖਿਲਾਫ ਸ਼ਿਕਾਇਤਾਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਸੌਂਪੀਆ ਗਈਆਂ। ਇਸ ਮੌਕੇ 67 ਉਮੀਦਵਾਰ ਵੀ ਮੌਕੇ 'ਤੇ ਹਾਜ਼ਰ ਰਹੇ।
ਲੋਕਾਂ ਨਾਲ ਹੋਇਆ ਧੱਕਾ
ਇਸ ਮੌਕ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਨਾਮਜਦਗੀਆਂ ਦੌਰਾਨ ਵੱਡੇ ਪੱਧਰ 'ਤੇ ਧੱਕੇਸ਼ਾਹੀ ਹੋਈ ਹੈ। ਜਿਸ ਸਬੰਧੀ ਉਹ ਸ਼ਿਕਾਇਤ ਦੇਣ ਆਏ ਹਨ। ਉਨ੍ਹਾਂ ਕਿਹਾ ਕਿ ਮਾਣਯੋਗ ਹਾਈਕੋਰਟ ਵੱਲੋਂ ਪਟੀਸ਼ਨਾਂ ’ਤੇ ਜਿਸ ਤਰ੍ਹਾਂ ਫੈਸਲਾ ਸੁਣਾਇਆ ਗਿਆ ਉਸ ਦਾ ਉਹ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿਚ ਹੀ ਧੱਕਾ ਹੋਇਆ ਹੈ ਅਤੇ ਜਿਸ ਤਰ੍ਹਾਂ ਲੋਕ ਮਾਣਯੋਗ ਹਾਈਕੋਰਟ ਵਿੱਚ ਪਹੁੰਚ ਰਹੇ ਹਨ, ਇਹ ਪੰਚਾਇਤੀ ਚੋਣਾਂ ਰੱਦ ਹੋਣਗੀਆਂ।
'ਲੇਟ ਹੋ ਗਏ ਬਾਦਲ ਸਾਬ੍ਹ'
ਇਸ ਮੌਕੇ ਰਾਜਾ ਵੜਿੰਗ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਗਿੱਦੜਬਾਹਾ ਵਿਖੇ ਲਾਏ ਧਰਨੇ ਸਬੰਧੀ ਤੰਜ਼ ਕੱਸਦਿਆਂ ਕਿਹਾ ਕਿ ਸੁਖਬੀਰ ਬਾਦਲ ਥੋੜਾ ਲੇਟ ਹੋ ਗਏ।
ਅਲਾਟਮੈਂਟ ਤੋਂ ਬਾਅਦ ਵੀ ਕਾਗਜ਼ ਰੱਦ
ਰਾਜਾ ਵੜਿੰਗ ਨੇ ਕਿਹਾ ਕਿ ਕਈ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰਨ ਦੇ ਬਾਵਜੂਦ ਵੀ ਕਾਗਜ ਰੱਦ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜਿੱਥੇ ਮਾਣਯੋਗ ਹਾਈਕੋਰਟ ਤੱਕ ਪਟੀਸ਼ਨ ਪਾਈ ਗਈ ਹੈ, ਉੱਥੇ ਹੀ ਇਸ ਲਈ ਜਿੰਮੇਵਾਰ ਅਫ਼ਸਰਾਂ 'ਤੇ ਵੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਰਾਜਾ ਵੜਿੰਗ ਨਾਲ ਵੱਡੀ ਗਿਣਤੀ ਵਿੱਚ ਗਿੱਦੜਬਾਹਾ ਹਲਕੇ ਦੇ ਪਿੰਡਾਂ ਦੇ ਲੋਕ ਪਹੁੰਚੇ।
ਰਾਜਾ ਵੜਿੰਗ ਨੇ ਕਿਹਾ ਕਿ ਦੋਬਾਰਾ ਚੋਣਾਂ ਲਈ ਨਾਮਜਦਗੀਆਂ ਦਾਖਿਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਡੀਸੀ ਨੇ ਆਪ ਦੇ ਇਸ਼ਾਰੇ 'ਤੇ ਲੋਕਾਂ ਨੂੰ ਧੌਖਾ ਦਿੱਤਾ ਹੈ। ਜਲਦ ਹੀ ਇਨ੍ਹਾਂ ਦੇ ਰਾਜ਼ ਖੁਲ਼੍ਹਣਗੇ। ਇਸ ਮੌਕੇ ਰਾਜਾ ਵੜਿੰਗ ਨੇ ਵੱਡੀ ਜਿੱਤ ਦਾ ਦਾਅਵਾ ਕਰਦਿਆਂ ਜਲ਼ੰਧਰ ਦੀ ਭਾਜੀ ਮੋੜਣ ਦੀ ਗੱਲ ਵੀ ਆਖੀ।