ਕੋਲੰਬੀਆ: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਦੇਸ਼ ਵਿੱਚ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਦੀ ਚੋਣ ਕਰਨ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਕਰਵਾਈਆਂ ਗਈਆਂ ਦੱਖਣੀ ਕੈਰੋਲੀਨਾ ਪ੍ਰਾਇਮਰੀ ਚੋਣਾਂ ਵਿੱਚ ਆਸਾਨੀ ਨਾਲ ਜਿੱਤ ਹਾਸਲ ਕੀਤੀ। ਬਾਈਡਨ ਨੇ ਰਾਸ਼ਟਰਪਤੀ ਚੋਣ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬਣਨ ਲਈ ਹੋਰ ਦਾਅਵੇਦਾਰਾਂ-ਮਿਨੇਸੋਟਾ ਤੋਂ ਸਾਂਸਦ ਡੀਨ ਫਿਲਿਪਸ ਅਤੇ ਲੇਖਿਕਾ ਮਾਰੀਅਨ ਵਿਲੀਅਮਸਨ ਨੂੰ ਸ਼ਨੀਵਾਰ ਨੂੰ ਹੋਈ ਪ੍ਰਾਇਮਰੀ ਚੋਣ ਵਿੱਚ ਹਰਾ ਦਿੱਤਾ ਹੈ।
ਸਿਆਸੀ ਵਿਸ਼ਲੇਸ਼ਕਾਂ ਨੂੰ ਕੀਤਾ ਸੀ ਗਲਤ ਸਾਬਤ: ਜਿੱਤ ਤੋਂ ਬਾਅਦ ਬਾਈਡਨ ਨੇ ਕਿਹਾ ਕਿ ਦੱਖਣੀ ਕੈਰੋਲੀਨਾ ਦੇ ਵੋਟਰਾਂ ਨੇ 2020 ਵਿੱਚ ਸਿਆਸੀ ਵਿਸ਼ਲੇਸ਼ਕਾਂ ਨੂੰ ਗਲਤ ਸਾਬਤ ਕਰ ਦਿੱਤਾ ਸੀ, ਉਨ੍ਹਾਂ ਨੇ ਸਾਡੀ ਮੁਹਿੰਮ ਵਿੱਚ ਨਵੀ ਜਾਨ ਭਰੀ ਸੀ ਅਤੇ ਸਾਨੂੰ ਰਾਸ਼ਟਰਪਤੀ ਦੀ ਜਿੱਤ ਦੇ ਰਾਹ 'ਤੇ ਪਾ ਦਿੱਤਾ ਸੀ।
ਰਾਸ਼ਟਰਪਤੀ ਅਹੁਦੇ 'ਤੇ ਜਿੱਤਣ ਦੇ ਰਾਹ ਪਾਇਆ: ਉਨ੍ਹਾਂ ਨੇ ਕਿਹਾ ਕਿ ਹੁਣ 2024 ਵਿੱਚ ਵੀ ਦੱਖਣੀ ਕੈਰੋਲੀਨਾ ਦੇ ਲੋਕਾਂ ਨੇ ਆਪਣੀ ਪਸੰਦ ਦਾ ਪ੍ਰਗਟਾਵਾ ਕੀਤਾ ਹੈ। ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਤੁਸੀਂ ਸਾਨੂੰ ਦੁਬਾਰਾ ਰਾਸ਼ਟਰਪਤੀ ਅਹੁਦੇ 'ਤੇ ਜਿੱਤਣ ਅਤੇ (ਸਾਬਕਾ ਰਾਸ਼ਟਰਪਤੀ) ਡੋਨਾਲਡ ਟਰੰਪ ਨੂੰ ਹਰਾਉਣ ਦੇ ਰਾਹ 'ਤੇ ਪਾ ਦਿੱਤਾ ਹੈ।
ਉਮੀਦਵਾਰਾਂ ਦੀ ਚੋਣ ਕਰਨ ਦੀ ਪ੍ਰਕਿਰਿਆ: ਪਿਛਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਵੀ ਇਸ ਪ੍ਰਾਇਮਰੀ ਚੋਣ ਨੇ ਬਾਈਡੇਨ ਨੂੰ ਪਾਰਟੀ ਉਮੀਦਵਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਅਮਰੀਕਾ 'ਚ ਇਸ ਸਾਲ ਨਵੰਬਰ 'ਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ ਅਤੇ ਇਸ ਤੋਂ ਪਹਿਲਾਂ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਪਾਰਟੀਆਂ ਆਪਣੇ ਉਮੀਦਵਾਰਾਂ ਦੀ ਚੋਣ ਕਰਨ ਦੀ ਪ੍ਰਕਿਰਿਆ 'ਚੋਂ ਲੰਘ ਰਹੀਆਂ ਹਨ।