ਚੰਡੀਗੜ੍ਹ: ਬਾਲੀਵੁੱਡ ਅਤੇ ਪੰਜਾਬੀ ਸਿਨੇਮਾ ਖੇਤਰ ਵਿੱਚ ਬਤੌਰ ਅਦਾਕਾਰ ਅਤੇ ਨਿਰਮਾਤਾ ਸ਼ਾਨਦਾਰ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਯੁਵਰਾਜ ਐਸ ਸਿੰਘ, ਜੋ ਹੁਣ ਸਾਊਥ ਫਿਲਮ ਇੰਡਸਟਰੀ ਵਿੱਚ ਵੀ ਮਜ਼ਬੂਤ ਪੈੜਾਂ ਸਥਾਪਿਤ ਕਰਨ ਵੱਲ ਵੱਧ ਚੁੱਕੇ ਹਨ, ਜਿੰਨਾਂ ਦੀ ਮਹੱਤਵਪੂਰਨ ਭੂਮਿਕਾ ਅਧਾਰਿਤ ਤੇਲਗੂ ਫਿਲਮ ਜਲਦ ਸ਼ੂਟਿੰਗ ਪੜਾਅ ਦਾ ਹਿੱਸਾ ਬਨਣ ਜਾ ਰਹੀ ਹੈ, ਜਿਸ ਵਿੱਚ ਉਥੋਂ ਦੇ ਮੰਨੇ ਪ੍ਰਮੰਨੇ ਸਿਤਾਰਿਆਂ ਨਾਲ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾਉਣ ਜਾ ਰਹੇ ਇਹ ਸ਼ਾਨਦਾਰ ਐਕਟਰ।
ਹਾਲ ਹੀ ਵਿੱਚ ਰੀ-ਰਿਲੀਜ਼ ਹੋਈ ਅਤੇ ਸਾਲ ਦੀਆਂ ਸੁਪਰ-ਡੁਪਰ ਹਿੱਟ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ 'ਕਿਸਮਤ' ਨਾਲ ਸਹਿ ਨਿਰਮਾਤਾ ਵਜੋਂ ਪਾਲੀਵੁੱਡ ਨਾਲ ਜੁੜੇ ਇਹ ਬਿਹਤਰੀਨ ਐਕਟਰ ਕਈ ਹੋਰ ਪੰਜਾਬੀ ਫਿਲਮਾਂ ਦਾ ਸਹਿ ਨਿਰਮਾਣ ਕਰਨ ਵਿੱਚ ਮੋਹਰੀ ਭੂਮਿਕਾ ਨਿਭਾ ਚੁੱਕੇ ਹਨ, ਜਿੰਨਾਂ ਵਿੱਚ 'ਮੁੰਡਾ ਹੀ ਚਾਹੀਦਾ', 'ਸੁਰਖੀ ਬਿੰਦੀ', 'ਸਹੁਰਿਆਂ ਦਾ ਪਿੰਡ', 'ਬਾਜਰੇ ਦਾ ਸਿੱਟਾ', 'ਮੋਹ' ਅਦਿ ਸ਼ੁਮਾਰ ਰਹੀਆਂ ਹਨ।
ਮੂਲ ਰੂਪ ਵਿੱਚ ਹਰਿਆਣਾ ਦੇ ਗੁੜਗਾਂਵ ਨਾਲ ਸੰਬੰਧਤ ਇਸ ਅਜ਼ੀਮ ਸਿਨੇਮਾ ਸ਼ਖਸ਼ੀਅਤ ਨਾਲ ਉਨਾਂ ਦੇ ਜੀਵਨ ਅਤੇ ਸਿਨੇਮਾ ਕਰੀਅਰ ਨੂੰ ਲੈ ਕੇ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਗਲੈਮਰ ਦੀ ਚਕਾਚੌਂਧ ਬਚਪਨ ਤੋਂ ਹੀ ਪ੍ਰਭਾਵਿਤ ਕਰਨ ਲੱਗ ਪਈ ਸੀ, ਜੋ ਪੜਾਅ ਦਰ ਪੜਾਅ ਐਸੀ ਹਾਵੀ ਹੁੰਦੀ ਗਈ।
ਉਨਾਂ ਅੱਗੇ ਦੱਸਿਆ ਜੇਕਰ ਰਸਮੀ ਸ਼ੁਰੂਆਤ ਦੀ ਗੱਲ ਕਰਾਂ ਤਾਂ ਇਸ ਖਿੱਤੇ ਵਿੱਚ ਆਗਾਜ਼ ਸਾਲ 2016 ਵਿੱਚ ਆਈ ਸੰਨੀ ਲਿਓਨ ਅਤੇ ਰਜਨੀਸ਼ ਦੁੱਗਲ ਸਟਾਰਰ 'ਬੇਈਮਾਨ ਲਵ' ਨਾਲ ਹੋਇਆ, ਜਿਸ ਵਿੱਚ ਨਿਭਾਈ ਗ੍ਰੇ ਸ਼ੇਡ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ।
ਉਨਾਂ ਦੱਸਿਆ ਕਿ ਬਾਲੀਵੁੱਡ ਦੇ ਨਾਮਵਰ ਅਤੇ ਮੰਝੇ ਹੋਏ ਫਿਲਮਕਾਰ ਰਾਜੀਵ ਚੌਧਰੀ ਦੁਆਰਾ ਨਿਰਦੇਸ਼ਿਤ ਕੀਤੀ ਇਸ ਫਿਲਮ ਦਾ ਹਿੱਸਾ ਬਣਨਾ ਬਹੁਤ ਹੀ ਯਾਦਗਾਰੀ ਸਿਨੇਮਾ ਅਨੁਭਵ ਰਿਹਾ, ਜਿਸ ਦੌਰਾਨ ਰਾਜੀਵ ਵਰਮਾ ਜਿਹੇ ਉਮਦਾ ਅਤੇ ਸੀਨੀਅਰ ਐਕਟਰ ਪਾਸੋ ਕਾਫ਼ੀ ਕੁਝ ਸਿੱਖਣ ਅਤੇ ਸਮਝਣ ਨੂੰ ਮਿਲਿਆ।
ਹਰਿਆਣਾ ਕੋਹੇਨੂਰ ਪੁਰਸਕਾਰ ਦਾ ਮਾਣਮੱਤਾ ਖਿਤਾਬ ਅਪਣੀ ਝੋਲੀ ਪਾ ਚੁੱਕੇ ਇਸ ਪ੍ਰਤਿਭਾਵਾਨ ਐਕਟਰ ਵੱਲੋ ਲੀਡ ਐਕਟਰ ਦੇ ਤੌਰ 'ਤੇ ਕੀਤੀਆਂ ਹਿੰਦੀ ਲਘੂ ਫਿਲਮਾਂ ਚਾਰਲੀ ਏਟ ਮਿਡਨਾਈਟ, ਗੁੱਡ ਲੱਕ ਕੈਫੇ, ਸ਼ੂਗਰ ਫਰੀ ਤੋਂ ਇਲਾਵਾ ਮਨਮੋਹਨ ਸ਼ੈਟੀ ਅਤੇ ਪ੍ਰਕਾਸ਼ ਝਾਅ ਨਿਰਮਿਤ 'ਦਿਲ ਦੋਸਤੀ ਐਕਸਟਰਾ', ਬੀਆਰ ਫਿਲਮਜ਼ ਦੀ 'ਅਪਰਾਧੀ ਕੌਣ' ਆਦਿ ਨੇ ਉਨਾਂ ਦੀ ਪਹਿਚਾਣ ਨੂੰ ਹਿੰਦੀ ਸਿਨੇਮਾ ਖੇਤਰ ਵਿੱਚ ਹੋਰ ਪੁਖਤਗੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਹਿੰਦੀ, ਪੰਜਾਬੀ ਤੋਂ ਬਾਅਦ ਹੁਣ ਬਹੁ-ਭਾਸ਼ਾਈ ਸਿਨੇਮਾ ਖਿੱਤੇ ਵਿੱਚ ਨਵੇਂ ਦਿਸਹਿੱਦੇ ਸਿਰਜਣ ਦਾ ਰਾਹ ਤੇਜੀ ਨਾਲ ਸਰ ਕਰ ਰਹੇ ਅਦਾਕਾਰ ਯੁਵਰਾਜ ਐਸ ਸਿੰਘ ਨੇ ਅਪਣੀਆਂ ਅਗਾਮੀ ਯੋਜਨਾਵਾਂ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲਦ ਹੀ ਉਹ ਅਪਣੇ ਹੋਮ ਪ੍ਰੋਡੋਕਸ਼ਨ ਅਧੀਨ ਕੁਝ ਵੱਡੇ ਮਿਊਜ਼ਿਕ ਵੀਡੀਓਜ਼ ਵੀ ਦਰਸ਼ਕਾਂ ਦੇ ਸਨਮੁੱਖ ਕਰਨਗੇ, ਜਿਸ ਤੋਂ ਇਲਾਵਾ ਅਰਥ-ਭਰਪੂਰ ਪੰਜਾਬੀ ਲਘੂ ਫਿਲਮਜ਼ ਅਤੇ ਓਟੀਟੀ ਸੀਰੀਜ਼ ਦਾ ਨਿਰਮਾਣ ਵੀ ਕਰਨ ਜਾ ਰਹੇ ਹਨ, ਜਿਸ ਸੰਬੰਧੀ ਪ੍ਰੀ ਪ੍ਰੋਡੋਕਸ਼ਨ ਤਿਆਰੀਆਂ ਨੂੰ ਮੁਕੰਮਲ ਕੀਤਾ ਜਾ ਰਿਹਾ ਹੈ।