ਚੰਡੀਗੜ੍ਹ: ਰਿਲੀਜ਼ ਲਈ ਤਿਆਰ ਬਹੁ-ਚਰਚਿਤ ਪੰਜਾਬੀ ਫਿਲਮ 'ਗਾਂਧੀ 3' ਦਾ ਇੱਕ ਹੋਰ ਗਾਣਾ 'ਫੋਰਡ' ਦਰਸ਼ਕਾਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ, ਜਿਸ ਨੂੰ 20 ਅਗਸਤ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।
'ਡਰੀਮ ਰਿਐਲਟੀ ਮੂਵੀਜ਼', 'ਰਵਨੀਤ ਚਾਹਲ' ਅਤੇ 'ਓਮਜੀ ਸਿਨੇ ਵਰਲਡ' ਵੱਲੋਂ ਵਰਲਡ ਵਾਈਡ ਰਿਲੀਜ਼ ਕੀਤੀ ਜਾ ਰਹੀ ਉਕਤ ਫਿਲਮ 30 ਅਗਸਤ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
ਐਕਸ਼ਨ-ਡਰਾਮਾ ਕਹਾਣੀ ਅਧਾਰਿਤ ਇਸ ਫਿਲਮ ਵਿੱਚ ਦੇਵ ਖਰੌੜ ਅਤੇ ਅਦਿੱਤੀ ਆਰਿਆ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਲੱਕੀ ਧਾਲੀਵਾਲ, ਪਾਲੀ ਮਾਂਗਟ, ਨਵਦੀਪ ਕਲੇਰ, ਧਨਵੀਰ ਸਿੰਘ, ਦਕਸ਼ਅਜੀਤ ਸਿੰਘ, ਜਿੰਮੀ ਸ਼ਰਮਾ, ਤਰਸੇਮ ਪਾਲ, ਰੁਪਿੰਦਰ ਰੂਪੀ, ਇੰਦਰ ਬਾਜਵਾ, ਨਗਿੰਦਰ ਗੱਖੜ, ਅੰਕਿਤਾ ਸ਼ੈਲੀ ਕਰਮਜੀਤ ਬਰਾੜ ਵੱਲੋਂ ਵੀ ਮਹੱਤਵਪੂਰਨ ਕਿਰਦਾਰ ਅਦਾ ਕੀਤੇ ਗਏ ਹਨ।
ਸਾਲ 2015 ਵਿੱਚ ਰਿਲੀਜ਼ ਹੋਈ 'ਰੁਪਿੰਦਰ ਗਾਂਧੀ: ਦਾ ਗੈਂਗਸਟਰ' ਅਤੇ 2017 ਵਿੱਚ ਸਾਹਮਣੇ ਆਈ 'ਰੁਪਿੰਦਰ ਗਾਂਧੀ: ਦਾ ਰੋਬਿਨਹੁੱਡ' ਦੇ ਤੀਸਰੇ ਸੀਕਵਲ ਦੇ ਰੂਪ ਵਿੱਚ ਵੀ ਵਜ਼ੂਦ ਵਿੱਚ ਲਿਆਂਦੀ ਗਈ ਹੈ ਉਕਤ ਫਿਲਮ, ਜਿਸ ਦਾ ਨਿਰਦੇਸ਼ਨ ਮਨਦੀਪ ਬੈਨੀਪਾਲ ਵੱਲੋਂ ਕੀਤਾ ਗਿਆ ਹੈ, ਜੋ ਅਦਾਕਾਰ ਦੇਵ ਖਰੌੜ ਨਾਲ ਇਸ ਤੋਂ ਪਹਿਲਾਂ ਵੀ ਕਈ ਚਰਚਿਤ ਫਿਲਮਾਂ ਬਤੌਰ ਨਿਰਦੇਸ਼ਕ ਕਰ ਚੁੱਕੇ ਹਨ।
ਓਧਰ ਰਿਲੀਜ਼ ਹੋਣ ਜਾ ਰਹੇ ਇਸ ਫਿਲਮ ਦੇ ਉਕਤ ਗਾਣੇ ਦੀ ਗੱਲ ਕਰੀਏ ਤਾਂ ਖੜ੍ਹਕੇ ਦੜ੍ਹਕੇ ਭਰੇ ਸੰਗੀਤ ਨਾਲ ਸਜੇ ਇਸ ਗਾਣੇ ਦੇ ਬੋਲ ਵੀਤ ਬਲਜੀਤ ਨੇ ਰਚੇ ਹਨ, ਜਦਕਿ ਸੰਗੀਤ ਐਵੀ ਸਰਾਂ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਬਿਹਤਰੀਨ ਸੰਗੀਤਬੱਧਤਾ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਇਸ ਗਾਣੇ ਨੂੰ ਪਿੱਠਵਰਤੀ ਆਵਾਜ਼ ਐਮੀ ਵਿਰਕ ਨੇ ਦਿੱਤੀ ਹੈ।
ਪਾਲੀਵੁੱਡ ਦੀਆਂ ਬਿੱਗ ਸੈੱਟਅੱਪ ਫਿਲਮਾਂ ਵਿੱਚ ਸ਼ੁਮਾਰ ਉਕਤ ਫਿਲਮ ਦਾ ਜਾਰੀ ਹੋਣ ਜਾ ਰਿਹਾ ਇਹ ਦੂਜਾ ਗਾਣਾ ਹੈ, ਜਿਸ ਤੋਂ ਪਹਿਲਾਂ ਬੀਤੇ ਦਿਨੀਂ ਹੀ ਇਸ ਦਾ ਬੀ ਪ੍ਰਾਕ ਵੱਲੋਂ ਗਾਇਆ ਇੱਕ ਹੋਰ ਅਹਿਮ ਗਾਣਾ 'ਚੰਨ' ਵੀ ਰਿਲੀਜ਼ ਕੀਤਾ ਜਾ ਚੁੱਕਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
- ਸਿਨੇਮਾਘਰਾਂ ਵਿੱਚ ਧੂੰਮਾਂ ਪਾਉਣ ਲਈ ਤਿਆਰ 'ਗਾਂਧੀ 3', ਇਸ ਦਿਨ ਰਿਲੀਜ਼ ਹੋਏਗਾ ਟ੍ਰੇਲਰ - Dev Kharoud Film Gandhi 3
- ਰੁਪਿੰਦਰ ਗਾਂਧੀ 2 ਦੇ ਸੀਕੁਅਲ ਵਜੋ ਰਿਲੀਜ਼ ਹੋਣ ਜਾ ਰਹੀ ਦੇਵ ਖਰੌੜ ਦੀ ਨਵੀਂ ਫਿਲਮ, ਇਸ ਦਿਨ ਹੋਵੇਗੀ ਰਿਲੀਜ਼ - Movie Gandhi 3 Yaar Da Yaar
- ਖੁਸ਼ਖਬਰੀ!...ਫਿਲਮ 'ਰੁਪਿੰਦਰ ਗਾਂਧੀ' ਦੇ ਤੀਜੇ ਭਾਗ ਦੀ ਪਹਿਲੀ ਝਲਕ ਰਿਲੀਜ਼, ਫਿਲਮ ਇਸ ਦਿਨ ਆਵੇਗੀ ਸਾਹਮਣੇ - Gandhi 3