Attack On Singer Karan Aujla: 'ਤੌਬਾ ਤੌਬਾ' ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੇ ਸ਼ਾਨਦਾਰ ਗਾਣਿਆਂ ਨਾਲ ਦੇਸ਼ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਅਲਹਦਾ ਪਛਾਣ ਬਣਾਈ ਹੋਈ ਹੈ। ਗਾਇਕ ਆਪਣੀ ਗਾਇਕੀ ਅਤੇ ਲਿਖਤ ਨਾਲ ਦੁਨੀਆ ਭਰ ਵਿੱਚ ਖੂਬ ਨਾਮ ਕਮਾ ਰਹੇ ਹਨ।
ਹੁਣ ਗਾਇਕ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਇਸ ਵਾਰ ਗਾਇਕ ਆਪਣੇ ਗਾਣਿਆਂ ਕਰਕੇ ਨਹੀਂ ਸਗੋਂ ਲਾਈਵ ਕੰਸਰਟ ਦੌਰਾਨ ਹੋਏ ਉਨ੍ਹਾਂ ਉਤੇ ਹਮਲੇ ਕਾਰਨ ਸੁਰਖ਼ੀਆਂ ਬਟੋਰ ਰਹੇ ਹਨ। ਦਰਅਸਲ, ਗਾਇਕ ਉਤੇ ਲੰਡਨ ਵਿੱਚ ਲਾਈਵ ਸ਼ੋਅ ਦੌਰਾਨ ਇੱਕ ਸਰੋਤੇ ਨੇ ਬੂਟ ਸੁੱਟ ਦਿੱਤਾ। ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਗਾਇਕ ਉਤੇ ਹਮਲਾ ਹੋਇਆ ਹੈ, ਇਸ ਤੋਂ ਪਹਿਲਾਂ ਵੀ ਗਾਇਕ ਉਤੇ ਕਈ ਪ੍ਰਕਾਰ ਦੇ ਹਮਲੇ ਹੋ ਚੁੱਕੇ ਹਨ। ਇਸ ਸੰਬੰਧੀ ਗਾਇਕ ਨੇ ਖੁਦ ਇੱਕ ਪੋਡਕਾਸਟ ਦੌਰਾਨ ਖੁਲਾਸਾ ਕੀਤਾ।
ਇੱਕ ਪੋਡਕਾਸਟ ਦੌਰਾਨ ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਵੱਧ ਰਹੇ ਖਤਰਿਆਂ ਬਾਰੇ ਵਿਚਾਰ ਸਾਂਝੇ ਕੀਤੇ ਹਨ। ਔਜਲਾ ਨੇ ਨਿੱਜੀ ਅਨੁਭਵ ਤੋਂ ਗੱਲ ਕਰਦਿਆਂ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਘਰ ‘ਤੇ ਕਈ ਵਾਰ ਗੋਲੀ ਚੱਲੀ ਹੈ। ਸੁਰੱਖਿਆ ਦੀ ਜ਼ਰੂਰਤ ਬਾਰੇ ਬੋਲਦਿਆਂ ਕਰਨ ਔਜਲਾ ਨੇ ਕਿਹਾ, "ਇਸ ਵਖ਼ਤ ਇਹ ਬਹੁਤ ਮੁਸ਼ਕਲ ਪ੍ਰਸਥਿਤੀ ਬਣ ਗਈ ਹੈ, ਸਾਰੇ ਕਲਾਕਾਰ ਹੀ ਇਸ ਵਿੱਚੋਂ ਲੰਘ ਰਹੇ ਹਨ। ਤੁਸੀਂ ਜਾਣਦੇ ਹੋ ਕਿ ਮਾਹੌਲ ਕਿਹੋ ਜਿਹਾ ਹੈ।"
Somebody threw a shoe at Karan Aujla during a concert in London. pic.twitter.com/OKszJWTZB9
— Gagandeep Singh (@Gagan4344) September 7, 2024
ਆਪਣੀ ਗੱਲ ਦੌਰਾਨ ਗਾਇਕ ਨੇ ਅੱਗੇ ਕਿਹਾ, "ਮੈਂ ਇੱਕ ਕਲਾਕਾਰ ਹਾਂ। ਮੈਂ ਗੀਤ ਬਣਾ ਰਿਹਾ ਹਾਂ। ਮੈਂ ਅਜਿਹਾ ਕੀ ਕੀਤਾ ਹੈ ਕਿ ਜੋ ਇਹ ਹੋ ਰਿਹਾ ਹੈ? ਮੇਰੀਆਂ ਨਿੱਜੀ ਸਮੱਸਿਆਵਾਂ ਵੱਖਰੀਆਂ ਹਨ, ਫਿਰ ਮੇਰੇ ਕਰੀਅਰ ਦੀਆਂ ਸਮੱਸਿਆਵਾਂ ਵੀ ਹਨ ਅਤੇ ਮੈਨੂੰ ਉਨ੍ਹਾਂ ਨਾਲ ਵੀ ਨਜਿੱਠਣਾ ਪੈਂਦਾ ਹੈ। ਮੇਰਾ ਪਰਿਵਾਰ ਹੈ, ਹੁਣ ਮੈਂ ਆਪਣੇ ਪਰਿਵਾਰ ਨੂੰ ਵਧਾਉਣ ਜਾ ਰਿਹਾ ਹਾਂ। ਮੈਂ ਜਲਦ ਹੀ ਬੱਚੇ ਕਰਾਂਗਾ।"
ਇਸ ਦੌਰਾਨ ਗਾਇਕ ਨੇ ਹਮਲਿਆਂ ਬਾਰੇ ਗੱਲ ਕਰਦੇ ਹੋਏ ਕਿਹਾ, "ਮੇਰੇ ਘਰ ‘ਤੇ ਤਿੰਨ-ਚਾਰ ਵਾਰ ਗੋਲੀ ਚੱਲੀ ਹੈ। ਮੈਂ ਗੋਲੀ ਮੇਰੇ ਕੋਲੋਂ ਲੰਘਦੀ ਦੇਖੀ ਹੈ। ਕੈਨੇਡਾ ਵਿੱਚ ਘਰ ਲੱਕੜ ਦਾ ਬਣੇ ਹੁੰਦੇ ਹਨ। ਮੈਂ ਉਹ ਆਵਾਜ਼ ਸੁਣੀ ਹੈ। ਮੈਂ ਇਸਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਹੈ।"
ਇਸ ਦੌਰਾਨ ਜੇਕਰ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਇਸ ਸਮੇਂ ਸਫ਼ਲਤਾ ਦੀ ਉਚਾਈ ਦਾ ਆਨੰਦ ਮਾਣ ਰਹੇ ਹਨ। ਹਾਲ ਹੀ ਵਿੱਚ ਰਿਲੀਜ਼ ਹੋਏ ਗਾਇਕ ਦੇ ਗੀਤ 'ਤੌਬਾ ਤੌਬਾ' ਨੂੰ ਸਰੋਤਿਆਂ ਨੇ ਮਣਾਂਮੂਹੀ ਪਿਆਰ ਦਿੱਤਾ ਹੈ।
ਇਹ ਵੀ ਪੜ੍ਹੋ: