ਚੰਡੀਗੜ੍ਹ: ਦੁਨੀਆਂ ਭਰ ਦੇ ਸੰਗੀਤਕ ਗਲਿਆਰਿਆਂ ਵਿੱਚ ਅਪਣੀ ਬੇਮਿਸਾਲ ਗਾਇਨ ਸਮਰੱਥਾ ਦਾ ਇਜ਼ਹਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਗਾਇਕ ਅਲੀ ਜ਼ਫ਼ਰ, ਜਿੰਨ੍ਹਾਂ ਦੇ ਨਵੇਂ ਟਰੈਕ ਅਤੇ ਸੰਗੀਤਕ ਵੀਡੀਓ 'ਬਾਲੋ ਬੱਤੀਆਂ' ਨੂੰ YouTube ਦੀ ਸਾਲ 2024 ਦੇ ਅੰਤ ਦੀ ਸੂਚੀ ਵਿੱਚ ਚੋਟੀ ਦੇ ਪਾਕਿਸਤਾਨੀ ਸੰਗੀਤਕ ਵੀਡੀਓ ਵਜੋਂ ਤਾਜ ਪਹਿਨਾਇਆ ਗਿਆ ਹੈ।
ਆਲਮੀ ਪੱਧਰ ਉੱਪਰ ਪੰਜਾਬੀ ਵੰਨਗੀਆਂ ਨੂੰ ਉਭਾਰਨ ਅਤੇ ਸਹੇਜਣ 'ਚ ਵੀ ਲਗਾਤਾਰਤਾ ਨਾਲ ਮੋਹਰੀ ਯੋਗਦਾਨ ਪਾ ਰਹੇ ਹਨ ਅਲੀ ਜ਼ਫਰ, ਜਿੰਨ੍ਹਾਂ ਦੇ ਉਕਤ ਸਦਾ ਬਹਾਰ ਸੰਗੀਤਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਲਹਿੰਦੇ ਪੰਜਾਬ ਦੇ ਮਹਾਨ ਗਾਇਕ ਅਤਾ ਉੱਲਾ ਖ਼ਾਨ ਈਸਾਖੇਲਵੀ ਦੀ ਸ਼ਾਨਦਾਰ ਮੌਜ਼ੂਦਗੀ ਅਤੇ ਦਿਲਾਂ ਨੂੰ ਟੁੰਬਦੀ ਆਵਾਜ਼ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।
ਗਲੋਬਲੀ ਸੰਗੀਤ ਸਿਤਾਰਿਆਂ ਵਿੱਚ ਅਪਣੀ ਉਪ-ਸਥਿਤੀ ਦਰਜ ਕਰਵਾ ਰਹੇ ਅਲੀ ਜ਼ਫਰ ਦੀ ਇਸ ਇੱਕ ਹੋਰ ਅਹਿਮ ਸੰਗੀਤਕ ਪ੍ਰਾਪਤੀ ਨੇ ਉਨ੍ਹਾਂ ਦਾ ਗਾਇਕੀ ਗ੍ਰਾਫ਼ ਹੋਰ ਉੱਚਾ ਕਰ ਦਿੱਤਾ ਹੈ, ਜੋ ਨਾ ਸਿਰਫ਼ ਪਾਕਿ ਭਰ, ਸਗੋਂ ਵਿਦੇਸ਼ੀ ਵਿਹੜਿਆਂ ਤੱਕ ਦੇ ਸਰੋਤਿਆਂ ਦੇ ਮਨਾਂ ਨੂੰ ਵੀ ਮੋਹ ਰਹੇ ਹਨ।
ਰਵਾਇਤੀ ਲੋਕ ਤੱਤਾਂ ਨਾਲ ਅੋਤ ਪੋਤ ਉਕਤ ਟਰੈਕ ਅਮੀਰ ਰਹੀ ਪੰਜਾਬੀ ਸੱਭਿਆਚਾਰਕ ਵਿਰਾਸਤ ਦਾ ਇੱਕ ਹੋਰ ਪ੍ਰਭਾਵੀ ਪ੍ਰਤੀਕ ਬਣ ਉਭਰ ਰਿਹਾ ਹੈ, ਜਿਸ ਨੇ ਪੰਜਾਬੀਅਤ ਸਰਮਾਇਆ ਰਹੀ ਦ੍ਰਿਸ਼ਾਂਵਲੀ ਨੂੰ ਵੀ ਦਹਾਕਿਆਂ ਬਾਅਦ ਮੁੜ ਜੀਵੰਤ ਕਰ ਦਿੱਤਾ ਹੈ।
ਉੱਚ ਪੱਧਰੀ ਮਾਪਦੰਡਾਂ ਅਧੀਨ ਲਾਹੌਰ ਦੇ ਵੱਖ-ਵੱਖ ਹਿੱਸਿਆਂ 'ਚ ਫਿਲਮਾਏ ਉਕਤ ਸੰਗੀਤਕ ਵੀਡੀਓ 'ਚ ਲਹਿੰਦੇ ਪੰਜਾਬ ਦੀਆਂ ਵੱਖ-ਵੱਖ ਬੋਲੀਆਂ ਅਤੇ ਪਹਿਰਾਵਿਆਂ ਨੂੰ ਵੀ ਖੂਬਸੂਰਤੀ ਨਾਲ ਪ੍ਰਤੀਬਿੰਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਦੇ ਬੈਕਡਰਾਪ ਵਿੱਚ ਅਸਲ ਪੰਜਾਬੀ ਜੜ੍ਹਾਂ ਨੂੰ ਬੇਹੱਦ ਪ੍ਰਭਾਵਪੂਰਨਤਾ ਨਾਲ ਰੂਪਮਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: