ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਨਾਲ-ਨਾਲ ਪੰਜਾਬੀ ਵੈੱਬ ਸੀਰੀਜ਼ ਦਾ ਦਾਇਰਾ ਵੀ ਲਗਾਤਾਰ ਵਿਸ਼ਾਲ ਹੁੰਦਾ ਜਾ ਰਿਹਾ ਹੈ, ਜਿਸ ਦੇ ਗਲੋਬਲੀ ਰੁਖ ਅਖ਼ਤਿਆਰ ਕਰਦੇ ਜਾ ਰਹੇ ਇਸੇ ਘੇਰੇ ਦਾ ਭਲੀਭਾਂਤ ਇਜ਼ਹਾਰ ਕਰਵਾਉਣ ਜਾ ਰਹੀ ਹੈ ਆਉਣ ਵਾਲੀ ਪੰਜਾਬੀ ਵੈੱਬ ਸੀਰੀਜ਼ 'ਕੁੜੀਆਂ ਪੰਜਾਬ ਦੀਆਂ', ਜਿਸ ਦਾ ਨਿਰਦੇਸ਼ਨ ਸ਼ਿਵਮ ਸ਼ਰਮਾ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਵੀ ਕਈ ਅਹਿਮ ਫਿਲਮ ਪ੍ਰੋਜੈਕਟਸ ਨਾਲ ਬਤੌਰ ਨਿਰਦੇਸ਼ਕ ਜੁੜੇ ਰਹੇ ਹਨ।
'ਹਰਦੀਪ ਫਿਲਮਜ਼ ਇੰਟਰਟੇਨਮੈਂਟ ਯੂਕੇ ਲਿਮਿਟਡ' ਅਤੇ 'ਰੰਗਲਾ ਪੰਜਾਬ ਮੋਸ਼ਨ ਪਿਕਚਰਜ਼' ਦੇ ਬੈਨਰ ਅਤੇ ਸੁਯੰਕਤ ਨਿਰਮਾਣ ਅਧੀਨ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਉਕਤ ਪੰਜਾਬੀ ਵੈੱਬ ਸੀਰੀਜ਼ ਦੇ ਨਿਰਮਾਤਾ ਹਰਦੀਪ ਸਿੰਘ, ਜਦਕਿ ਸਹਿ ਨਿਰਮਾਣਕਾਰ ਪੱਪੂ ਖੰਨਾ ਹਨ।
ਪੰਜਾਬ ਦੇ ਮੋਹਾਲੀ-ਖਰੜ ਅਤੇ ਇਸਦੇ ਆਸ-ਪਾਸ ਦੇ ਹਿੱਸਿਆਂ ਵਿੱਚ ਫਿਲਮਾਈ ਜਾਣ ਵਾਲੀ ਉਕਤ ਵੈੱਬ ਸੀਰੀਜ਼ ਨੂੰ ਅਲਹਦਾ ਕੰਟੈਂਟ ਅਤੇ ਮਹਿਲਾ ਸ਼ਸ਼ਕਤੀਕਰਨ ਕਹਾਣੀ-ਸਾਰ ਅਧੀਨ ਦਰਸ਼ਕਾਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ, ਜਿਸ ਵਿੱਚ ਅਜੋਕੀਆਂ ਔਰਤਾਂ ਵਿੱਚ ਅਪਣੇ ਹੱਕਾਂ ਨੂੰ ਲੈ ਕੇ ਹੋ ਰਹੀ ਸੁਚੇਤਤਾ ਨੂੰ ਵੀ ਪ੍ਰਤੀਬਿੰਬ ਕੀਤਾ ਜਾਵੇਗਾ।
ਮੇਨ ਸਟ੍ਰੀਮ ਵੈੱਬ ਸੀਰੀਜ਼ ਤੋਂ ਬਿਲਕੁੱਲ ਹੱਟ ਕੇ ਵਜ਼ੂਦ ਵਿੱਚ ਲਿਆਂਦੇ ਜਾ ਰਹੇ ਉਕਤ ਵੈੱਬ ਪ੍ਰੋਜੈਕਟ ਵਿਚਲੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ ਤਰਸੇਮ ਪਾਲ, ਰਾਜ ਧਾਲੀਵਾਲ, ਜਯੋਤੀ ਅਰੋੜਾ ਸ਼ਾਮਿਲ ਹਨ, ਜਿੰਨ੍ਹਾਂ ਤੋਂ ਇਲਾਵਾ ਕਈ ਨਵ ਪ੍ਰਤਿਭਾਵਾਂ ਵੀ ਇਸ ਵਿੱਚ ਅਪਣੀ ਸ਼ਾਨਦਾਰ ਕਲਾ ਦਾ ਮੁਜ਼ਾਹਰਾ ਕਰਦੀਆਂ ਨਜ਼ਰੀ ਪੈਣਗੀਆਂ।
ਓਧਰ ਇਸ ਵੈੱਬ ਸੀਰੀਜ਼ ਦਾ ਨਿਰਦੇਸ਼ਨ ਕਰ ਰਹੇ ਸ਼ਿਵਮ ਸ਼ਰਮਾ ਦੇ ਮੌਜੂਦਾ ਵਰਕ ਫ੍ਰੰਟ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਅਪਣੇ ਇੱਕ ਅਹਿਮ ਪੰਜਾਬੀ ਫਿਲਮ ਪ੍ਰੋਜੈਕਟ 'ਮੁੜ ਜਾ ਬਾਪੂ ਮੁੜ ਜਾ' ਦੀ ਅਨਾਊਂਸਮੈਂਟ ਨੂੰ ਲੈ ਕੇ ਵੀ ਕਾਫ਼ੀ ਚਰਚਾ ਦਾ ਕੇਂਦਰ ਬਿੰਦੂ ਬਣੇ ਰਹੇ ਹਨ, ਜਿੰਨ੍ਹਾਂ ਦੀ ਇਹ ਫਿਲਮ ਵੀ ਜਲਦ ਹੀ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ, ਜਿਸ ਦੀ ਜਿਆਦਾਤਰ ਸ਼ੂਟਿੰਗ ਯੂਨਾਈਟਿਡ ਕਿੰਗਡਮ ਵਿਖੇ ਪੂਰੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ: