ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਮੌਜੂਦਾ ਸਾਲ 2024 ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਦੇ ਟੌਪ-ਚਾਰਟ ਉਤੇ ਗਿੱਪੀ ਗਰੇਵਾਲ, ਦਿਲਜੀਤ ਦੁਸਾਂਝ ਅਤੇ ਬੱਬੂ ਮਾਨ ਛਾਏ ਰਹੇ, ਜਦਕਿ ਜਿਆਦਾਤਰ ਮੰਨੇ-ਪ੍ਰਮੰਨੇ ਸਟਾਰਜ਼ ਦੇ ਸਿਤਾਰੇ ਬੁਝੇ ਰਹੇ, ਜਿੰਨ੍ਹਾਂ ਦੀਆਂ ਸਾਹਮਣੇ ਆਈਆਂ ਫਿਲਮਾਂ ਦਰਸ਼ਕਾਂ ਦੀ ਕਸਵੱਟੀ ਉਤੇ ਬਿਲਕੁਲ ਖਰਾ ਨਹੀਂ ਉਤਰ ਸਕੀਆਂ।
ਪਾਲੀਵੁੱਡ ਸਟਾਰ ਸਿਸਟਮ ਦੇ ਡਿੱਗ ਰਹੇ ਗ੍ਰਾਫ਼ ਨੂੰ ਉਜਾਗਰ ਕਰਨ ਵਾਲੇ ਅਤੇ ਕੰਟੈਂਟ ਆਧਾਰਿਤ ਫਿਲਮਾਂ ਨੂੰ ਪ੍ਰਵਾਨਤਾ ਦੇਣ ਵਾਲੇ ਇਸ ਸਾਲ ਦੌਰਾਨ ਉਭਰੇ ਅਤੇ ਜਾਦੂ ਜਗਾਉਣ ਵਿੱਚ ਅਸਫ਼ਲ ਰਹੇ ਸਿਤਾਰਿਆਂ ਵੱਲ ਆਓ ਮਾਰਦੇ ਹਾਂ ਇੱਕ ਝਾਤ:
ਗਿੱਪੀ ਗਰੇਵਾਲ
ਪੰਜਾਬੀ ਸੰਗੀਤ ਜਗਤ 'ਚ ਗਾਇਕ ਦੇ ਤੌਰ ਉਤੇ ਅਤੇ ਪਾਲੀਵੁੱਡ 'ਚ ਬਤੌਰ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਅੱਜਕੱਲ੍ਹ ਬੁਲੰਦੀਆਂ ਭਰਿਆ ਸਫ਼ਰ ਹੰਢਾ ਰਹੇ ਹਨ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ, ਜੋ ਅਲਵਿਦਾ ਆਖ ਰਹੇ ਇਸ ਸਾਲ ਦੌਰਾਨ ਅਦਾਕਾਰ ਵਜੋਂ ਟੌਪ ਚਾਰਟ ਉਤੇ ਛਾਏ ਰਹੇ, ਜਿੰਨ੍ਹਾਂ ਦੀਆਂ ਚਾਰ ਵੱਡੀਆਂ ਫਿਲਮਾਂ 'ਵਾਰਨਿੰਗ 2', 'ਸ਼ਿੰਦਾ ਸ਼ਿੰਦਾ ਨੋ ਪਾਪਾ', 'ਅਰਦਾਸ ਸਰਬੱਤ ਦੇ ਭਲੇ ਦੀ' ਅਤੇ 'ਜੱਟ ਨੂੰ ਚੁੜੈਲ ਟੱਕਰੀ' ਇਸ ਵਰ੍ਹੇ ਸਿਨੇਮਾਘਰਾਂ ਦਾ ਸ਼ਿੰਗਾਰ ਬਣੀਆਂ।
ਬਿੱਗ ਸੈੱਟਅੱਪ ਅਧੀਨ ਬਣਾਈਆਂ ਗਈਆਂ ਇੰਨ੍ਹਾਂ ਮਲਟੀ-ਸਟਾਰਰ ਫਿਲਮਾਂ ਵਿੱਚੋਂ ਪਹਿਲੀਆਂ ਤਿੰਨ ਦਾ ਨਿਰਮਾਣ ਗਿੱਪੀ ਗਰੇਵਾਲ ਦੇ ਘਰੇਲੂ ਹੋਮ ਪ੍ਰੋਡੋਕਸ਼ਨ 'ਹੰਬਲ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਕੀਤਾ ਗਿਆ, ਜਦਕਿ ਚੌਥੀ ਸਰਗੁਣ ਮਹਿਤਾ ਦੁਆਰਾ ਨਿਰਮਿਤ ਕੀਤੀ ਗਈ। ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਅਪਾਰ ਚਰਚਾ ਦਾ ਕੇਂਦਰ ਬਿੰਦੂ ਰਹੀਆਂ ਇਹ ਤਮਾਮ ਫਿਲਮਾਂ ਬਾਕਸ ਆਫਿਸ ਉਤੇ ਚੰਗਾ ਪ੍ਰਦਰਸ਼ਨ ਅਤੇ ਚੌਖਾ ਕਾਰੋਬਾਰ ਕਰਨ ਵਿੱਚ ਸਫ਼ਲ ਰਹੀਆਂ।
ਦਿਲਜੀਤ ਦੁਸਾਂਝ
ਇੰਟਰਨੈਸ਼ਨਲ ਸਟਾਰ ਗਾਇਕ ਦਾ ਰੁਤਬਾ ਹਾਸਿਲ ਕਰ ਚੁੱਕੇ ਦਿਲਜੀਤ ਦੁਸਾਂਝ ਬਤੌਰ ਅਦਾਕਾਰ ਵੀ ਲਗਾਤਾਰਤਾ ਨਾਲ ਅਪਣੀ ਸ਼ਾਨਦਾਰ ਮੌਜ਼ੂਦਗੀ ਦਾ ਇਜ਼ਹਾਰ ਸਿਨੇਮਾ ਦਰਸ਼ਕਾਂ ਨੂੰ ਕਰਵਾ ਰਹੇ ਹਨ, ਜਿੰਨ੍ਹਾਂ ਦੇ ਦਿਲ ਲੂਮੀਨਾਟੀ ਟੂਰ ਦੇ ਮੱਦੇਨਜ਼ਰ ਰਹੇ ਰੁਝੇਵਿਆਂ ਦੇ ਚੱਲਦਿਆਂ ਉਨ੍ਹਾਂ ਦੀ ਇਸ ਸਾਲ ਦੌਰਾਨ ਕੇਵਲ ਇੱਕ ਹੀ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਸਿਨੇਮਾਘਰਾਂ ਦਾ ਸ਼ਿੰਗਾਰ ਬਣ ਸਕੀ, ਜਿਸ ਦਾ ਲੇਖਨ ਅਤੇ ਨਿਰਦੇਸ਼ਨ ਜਗਦੀਪ ਸਿੱਧੂ ਵੱਲੋਂ ਕੀਤਾ ਗਿਆ।
ਦੁਨੀਆ ਭਰ ਵਿੱਚ ਵੱਡੇ ਪੱਧਰ ਉਪਰ ਰਿਲੀਜ਼ ਕੀਤੀ ਗਈ ਇਹ ਫਿਲਮ ਕਾਮਯਾਬੀ ਦੇ ਅਪਾਰ ਕੀਰਤੀਮਾਨ ਸਥਾਪਿਤ ਕਰਨ ਵਿੱਚ ਸਫ਼ਲ ਰਹੀ, ਜਿਸ ਦੀ ਇਸ ਸ਼ਾਨਮੱਤੀ ਸਫ਼ਲਤਾ ਨੇ ਉਨ੍ਹਾਂ ਦੇ ਸਿਖਰ ਉਤੇ ਪੁੱਜੇ ਹੋਏ ਫਿਲਮੀ ਗ੍ਰਾਫ਼ ਨੂੰ ਹੋਰ ਨਵੇਂ ਅਯਾਮ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
ਦੇਵ ਖਰੌੜ
ਪਾਲੀਵੁੱਡ ਦੇ ਐਕਸ਼ਨ ਸਟਾਰ ਦੇਵ ਖਰੌੜ ਇੱਕ ਬਿਹਤਰੀਨ ਅਦਾਕਾਰ ਦੇ ਤੌਰ ਉਤੇ ਵੀ ਚੋਖੀ ਭੱਲ ਸਥਾਪਿਤ ਕਰਦੇ ਜਾ ਰਹੇ ਹਨ, ਜਿੰਨ੍ਹਾਂ ਦੀਆਂ ਇਸ ਵਰ੍ਹੇ ਦੌਰਾਨ ਤਿੰਨ ਫਿਲਮਾਂ 'ਗਾਂਧੀ 3 ਯਾਰਾਂ ਦਾ ਯਾਰ', 'ਬਲੈਕੀਆ 2' ਅਤੇ 'ਉੱਚਾ ਦਰ ਬਾਬੇ ਨਾਨਕ ਦਾ' ਰਿਲੀਜ਼ ਹੋਈਆਂ, ਜਿੰਨ੍ਹਾਂ ਦਾ ਨਿਰਦੇਸ਼ਨ ਕ੍ਰਮਵਾਰ ਮਨਦੀਪ ਬੈਨੀਪਾਲ, ਨਵਨੀਅਤ ਸਿੰਘ ਅਤੇ ਤਰਨਵੀਰ ਸਿੰਘ ਜਗਪਾਲ ਦੁਆਰਾ ਕੀਤਾ ਗਿਆ।
ਪੰਜਾਬੀ ਸਿਨੇਮਾ ਦੀਆਂ ਵੱਡੀਆਂ ਅਤੇ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਰਹੀਆਂ ਇੰਨ੍ਹਾਂ ਫਿਲਮਾਂ ਵਿੱਚੋਂ 'ਗਾਂਧੀ 3' ਕਾਮਯਾਬੀ ਹਾਸਿਲ ਕਰਨ ਵਿੱਚ ਸਫ਼ਲ ਰਹੀ, ਜਦਕਿ ਦੂਜੀਆਂ ਦੋਨੋਂ ਬਹੁ-ਕਰੋੜੀ ਬਜਟ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈਆਂ ਗਈਆਂ ਹੋਣ ਦੇ ਬਾਵਜੂਦ ਦਰਸ਼ਕਾਂ ਅਤੇ ਬਾਕਸ-ਆਫਿਸ ਦੀ ਕਸਵੱਟੀ ਉਤੇ ਖਰਾ ਨਹੀਂ ਉਤਰ ਸਕੀਆਂ।
ਗੁਰਨਾਮ ਭੁੱਲਰ
'ਡਾਇਮੰਡ' ਗਾਣੇ ਨਾਲ ਰਾਤੋਂ-ਰਾਤ ਸਟਾਰ ਗਾਇਕ ਬਣੇ ਗੁਰਨਾਮ ਭੁੱਲਰ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਮਜ਼ਬੂਤ ਪੈੜ੍ਹਾਂ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਦੀਆਂ ਇਸ ਸਾਲ ਵੱਖਰੇ-ਵੱਖਰੇ ਜੌਨਰ ਦੀਆਂ ਦੋ ਫਿਲਮਾਂ 'ਖਿਡਾਰੀ' ਅਤੇ 'ਰੋਜ਼ ਰੋਜ਼ੀ ਤੇ ਗੁਲਾਬ' ਸਾਹਮਣੇ ਆਈਆਂ, ਜਿੰਨ੍ਹਾਂ ਦਾ ਨਿਰਦੇਸ਼ਨ ਕ੍ਰਮਵਾਰ ਨੌਜਵਾਨ ਅਤੇ ਪ੍ਰਤਿਭਾਵਾਨ ਫਿਲਮਕਾਰਾਂ ਮਾਨਵ ਸ਼ਾਹ ਅਤੇ ਮਨਵੀਰ ਬਰਾੜ ਦੁਆਰਾ ਕੀਤਾ ਗਿਆ।
ਮਲਟੀ-ਸਟਾਰਰ ਸਾਂਚੇ ਅਧੀਨ ਬਣਾਈਆਂ ਗਈਆਂ ਇਹ ਦੋਨੋਂ ਹੀ ਫਿਲਮਾਂ ਆਸ ਅਨੁਸਾਰ ਸਫ਼ਲਤਾ ਹਾਸਿਲ ਕਰਨ ਵਿੱਚ ਨਾਕਾਮ ਰਹੀਆਂ, ਜਿਸ ਨਾਲ ਗੁਰਨਾਮ ਭੁੱਲਰ ਦੇ ਸਿਨੇਮਾ ਗ੍ਰਾਫ਼ ਡਗਮਗਾਉਂਦਾ ਨਜ਼ਰੀ ਆ ਰਿਹਾ ਹੈ, ਜਿੰਨ੍ਹਾਂ ਦੀਆਂ ਸਾਲ 2023 ਵਿੱਚ ਆਈਆਂ ਪੰਜਾਬੀ ਫਿਲਮਾਂ ਵੀ ਕੋਈ ਬਹੁਤਾ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀਆਂ।
ਸਤਿੰਦਰ ਸਰਤਾਜ
ਸਾਲ 2023 ਵਿੱਚ ਰਿਲੀਜ਼ ਹੋਈ 'ਕਲੀ ਜੋਟਾ' ਦੀ ਸੁਪਰ ਸਫ਼ਲਤਾ ਨਾਲ ਪਾਲੀਵੁੱਡ ਦੇ ਉੱਚ-ਕੋਟੀ ਸਿਤਾਰਿਆਂ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਹੇ ਸਤਿੰਦਰ ਸਰਤਾਜ, ਜਿੰਨ੍ਹਾਂ ਦੇ ਸਿਨੇਮਾ ਕਰੀਅਰ ਲਈ ਇਹ ਸਾਲ ਕੋਈ ਬਹੁਤਾ ਸੁਖਾਵਾ ਸਾਬਿਤ ਨਹੀਂ ਹੋਇਆ, ਜੋ ਅਪਣੀ ਬਹੁ-ਚਰਚਿਤ ਫਿਲਮ 'ਸ਼ਾਯਰ' ਦੁਆਰਾ ਸਿਨੇਮਾ ਦਰਸ਼ਕਾਂ ਦੇ ਸਨਮੁੱਖ ਹੋਏ, ਪਰ ਬਿੱਗ ਸੈੱਟਅੱਪ ਅਧੀਨ ਬਣਾਈ ਗਈ ਅਤੇ ਸ਼ੋਰ-ਸ਼ਰਾਬੇ ਨਾਲ ਸਾਹਮਣੇ ਲਿਆਂਦੀ ਗਈ ਇਹ ਫਿਲਮ ਬਾਕਸ-ਆਫਿਸ ਅਤੇ ਦਰਸ਼ਕਾਂ ਦੀਆਂ ਆਸ਼ਾਵਾਂ ਉਤੇ ਖਰੀ ਨਹੀਂ ਉਤਰ ਸਕੀ।
ਨਿੰਜਾ
ਪਾਲੀਵੁੱਡ ਵਿੱਚ ਅੱਜਕੱਲ੍ਹ ਮਸ਼ਰੂਫੀਅਤ ਘਟਾਉਂਦੇ ਜਾ ਰਹੇ ਗਾਇਕ 'ਨਿੰਜਾ' ਦੀ ਇਸ ਸਾਲ ਇੱਕ ਹੀ ਪੰਜਾਬੀ ਫਿਲਮ 'ਫੇਰ ਮਾਮਲਾ ਗੜਬੜ ਹੈ' ਰਿਲੀਜ਼ ਹੋਈ, ਜਿਸ ਦਾ ਨਿਰਮਾਣ 'ਔਹਰੀ ਪ੍ਰੋਡੋਕਸ਼ਨ' ਵੱਲੋਂ ਕੀਤਾ ਗਿਆ, ਜਿੰਨ੍ਹਾਂ ਦੁਆਰਾ ਵੱਡੇ ਸੈੱਟਅੱਪ ਅਧੀਨ ਬਣਾਈ ਗਈ ਇਹ ਫਿਲਮ ਦਰਸ਼ਕਾਂ ਦੇ ਮਨਾਂ ਵਿੱਚ ਜ਼ਰਾ ਵੀ ਅਸਰ ਨਹੀਂ ਛੱਡ ਸਕੀ ਅਤੇ ਬਾਕਸ-ਆਫਿਸ ਉਤੇ ਵੀ ਇਹ ਫਲਾਪ ਸਾਬਿਤ ਹੋਈ।
ਰੂਪੀ ਗਿੱਲ ਨੇ ਤੋੜੀ ਪਾਲੀਵੁੱਡ ਦੀ ਮਿੱਥ
ਸਾਲ 2024 ਦੇ ਮਿਡ ਵਿੱਚ ਰਿਲੀਜ਼ ਹੋਈ 'ਬੀਬੀ ਰਜਨੀ' ਪਾਲੀਵੁੱਡ ਵਿੱਚ ਕਈ ਨਵੇਂ ਦਿਸਹਿੱਦੇ ਸਿਰਜਣ ਵਿੱਚ ਸਫ਼ਲ ਰਹੀ, ਜਿਸ ਦੁਆਰਾ ਇੱਕ ਬਿਹਤਰੀਨ ਅਦਾਕਾਰਾ ਵਜੋਂ ਅਪਣੀ ਭੱਲ ਸਥਾਪਿਤ ਕਰਨ ਵਿੱਚ ਸਫ਼ਲ ਰਹੀ ਅਦਾਕਾਰਾ ਰੂਪੀ ਗਿੱਲ, ਜਿੰਨ੍ਹਾਂ ਦੀ ਨਾਯਾਬ ਅਦਾਕਾਰੀ ਨੇ ਪਾਲੀਵੁੱਡ ਦੀ ਸਟਾਰੀ ਸਿਸਟਮ ਸਹਾਰੇ ਹੀ ਸਫ਼ਲਤਾ ਬਟੋਰਨ ਦੀ ਬਣੀ ਮਿੱਥ ਨੂੰ ਤੋੜਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ, ਜਿੰਨ੍ਹਾਂ ਵੱਡਾ ਨਾਂਅ ਨਾ ਹੋਣ ਦੇ ਬਾਵਜੂਦ ਅਪਣੇ ਦਮ ਉਤੇ ਫਿਲਮ ਚਲਾ ਕੇ ਪਾਲੀਵੁੱਡ ਗਲਿਆਰਿਆਂ ਨੂੰ ਹੈਰਾਨ ਕਰ ਦਿੱਤਾ।
ਪ੍ਰਿੰਸ ਕੰਵਲਜੀਤ ਸਿੰਘ
ਸਾਲ ਦੇ ਸ਼ੁਰੂ ਤੋਂ ਲੈ ਕੇ ਅੰਤਲੇ ਮਰਹੱਲੇ ਤੱਕ ਸਿਨੇਮਾ ਵਜ਼ੂਦ ਕਾਇਮ ਰੱਖਣ ਵਿੱਚ ਸਫ਼ਲ ਰਹੇ ਸਿਤਾਰਿਆਂ ਵਿੱਚ ਪ੍ਰਿੰਸ ਕੰਵਲਜੀਤ ਸਿੰਘ ਵੀ ਸਭ ਤੋਂ ਮੂਹਰੇ ਰਹੇ, ਜਿੰਨ੍ਹਾਂ ਦੀਆਂ ਚਾਰ ਫਿਲਮਾਂ 'ਵਾਰਨਿੰਗ 2', 'ਸ਼ਿੰਦਾ ਸ਼ਿੰਦਾ ਨੋ ਪਾਪਾ', 'ਅਰਦਾਸ ਸਰਬੱਤ ਦੇ ਭਲੇ ਦੀ' ਅਤੇ 'ਸੈਕਟਰ 17' ਰਿਲੀਜ਼ ਹੋਈਆਂ ਅਤੇ ਇਹ ਚਾਰੋਂ ਹੀ ਦਰਸ਼ਕਾਂ ਅਤੇ ਬਾਕਸ-ਆਫਿਸ ਉਤੇ ਅਪਣੀ ਸਫ਼ਲ ਛਾਪ ਛੱਡਣ ਵਿੱਚ ਕਾਮਯਾਬ ਰਹੀਆਂ, ਜਿੰਨ੍ਹਾਂ ਦੀ ਸ਼ਾਨਦਾਰ ਸਫਲਤਾ ਨਾਲ ਵਰਸਟਾਈਲ ਐਕਟਰ ਵਜੋਂ ਸਥਾਪਿਤ ਹੋ ਚੁੱਕੇ ਇਹ ਬਾਕਮਾਲ ਅਦਾਕਾਰ ਅਪਣੀ ਪਹਿਚਾਣ ਨੂੰ ਹੋਰ ਸਿਨੇਮਾ ਪੁਖ਼ਤਗੀ ਦੇਣ ਵੱਲ ਕਦਮ ਵਧਾ ਚੁੱਕੇ ਹਨ।
ਬੱਬੂ ਮਾਨ
ਸਾਲ 2003 ਵਿੱਚ ਰਿਲੀਜ਼ ਹੋਈ ਅਤੇ ਅਮਿਤੋਜ਼ ਮਾਨ ਵੱਲੋਂ ਨਿਰਦੇਸ਼ਿਤ ਕੀਤੀ 'ਹਵਾਏਂ' ਨਾਲ ਬਤੌਰ ਅਦਾਕਾਰ ਪਾਲੀਵੁੱਡ ਦਾ ਸ਼ਾਨਦਾਰ ਹਿੱਸਾ ਬਣੇ ਬੱਬੂ ਮਾਨ, ਜਿੰਨ੍ਹਾਂ ਲਈ ਇਹ ਸਾਲ ਸਿਨੇਮਾ ਕਰੀਅਰ ਪੱਖੋਂ ਕਾਫ਼ੀ ਮੁਫੀਦਕਾਰੀ ਸਾਬਿਤ ਹੋਇਆ, ਜੋ ਸਾਹਮਣੇ ਆਈ ਅਪਣੀ ਬਹੁ-ਚਰਚਿਤ ਪੰਜਾਬੀ ਫਿਲਮ 'ਸੁੱਚਾ ਸੂਰਮਾ' ਨਾਲ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਏ।
'ਸਾਗਾ ਫਿਲਮ ਸਟੂਡਿਓਜ਼' ਵੱਲੋਂ ਬਿੱਗ ਸੈੱਟਅੱਪ ਅਧੀਨ ਨਿਰਮਿਤ ਕੀਤੀ ਗਈ ਇਸ ਫਿਲਮ ਨੇ ਅਦਾਕਾਰ ਮਾਨ ਦੇ ਕਰੀਅਰ ਨੂੰ ਵੱਡੀ ਉਛਾਲ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ, ਜੋ ਵਰਲਡ-ਵਾਈਡ ਸ਼ਾਨਦਾਰ ਪ੍ਰਦਰਸ਼ਨ ਕਰਨ ਵਿੱਚ ਸਫ਼ਲ ਰਹੀ।
ਐਮੀ ਵਿਰਕ
ਪਾਲੀਵੁੱਡ ਸਟਾਰ ਐਮੀ ਵਿਰਕ ਵੀ ਅਪਣਾ ਪੁਰਾਣਾ ਜਲਵਾ ਦੁਹਰਾਉਣ 'ਚ ਅਸਫ਼ਲ ਹੁੰਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਦੀ ਬਾਲੀਵੁੱਡ ਵਿੱਚ ਵਧਾਈ ਗਈ ਮਸ਼ਰੂਫੀਅਤ ਦੇ ਚੱਲਦਿਆਂ ਇਸ ਸਾਲ ਕੇਵਲ ਇੱਕ ਹੀ ਫਿਲਮ ਸਿਨੇਮਾਘਰਾਂ ਦਾ ਸ਼ਿੰਗਾਰ ਬਣ ਸਕੀ 'ਕੁੜੀ ਹਰਿਆਣੇ ਦੀ', ਜੋ ਵੱਡੇ ਸੈੱਟਅੱਪ ਅਤੇ ਮਲਟੀ-ਸਟਾਰਰ ਸਾਂਚੇ ਅਧੀਨ ਸਾਹਮਣੇ ਲਿਆਂਦੀ ਗਈ, ਪਰ ਐਮੀ ਵਿਰਕ ਵੱਲੋਂ ਅਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ਅਧੀਨ ਨਿਰਮਿਤ ਕੀਤੀ ਗਈ ਇਹ ਫਿਲਮ ਦਰਸ਼ਕਾਂ ਅਤੇ ਬਾਕਸ-ਆਫਿਸ ਨੂੰ ਭਰਮਾਉਣ ਅਤੇ ਵੱਡਾ ਕਾਰੋਬਾਰ ਕਰਨ ਵਿੱਚ ਨਾਕਾਮ ਰਹੀ, ਹਾਲਾਂਕਿ ਇਸ ਵਿੱਚ ਯਸ਼ਪਾਲ ਸ਼ਰਮਾ ਅਤੇ ਸੋਨਮ ਬਾਜਵਾ ਜਿਹੇ ਨਾਮੀ ਚਿਹਰੇ ਵੀ ਸ਼ੁਮਾਰ ਰਹੇ, ਜਿੰਨ੍ਹਾਂ ਦੀ ਫਿਲਮ ਪ੍ਰਭਾਵੀ ਸਕ੍ਰੀਨ ਪ੍ਰੈਜੈਂਸ ਵੀ ਕੋਈ ਰੰਗ ਨਹੀਂ ਲਿਆ ਸਕੀ।
ਗੁਰੂ ਰੰਧਾਵਾ
ਸੰਗੀਤਕ ਖੇਤਰ ਵਿੱਚ ਵੱਡਾ ਨਾਂਅ ਮੰਨੇ ਜਾਂਦੇ ਗੁਰੂ ਰੰਧਾਵਾ ਬਤੌਰ ਅਦਾਕਾਰ ਇਸ ਵਰ੍ਹੇ ਅਪਣੀ ਪਲੇਠੀ ਫਿਲਮ 'ਸ਼ਾਹਕੋਟ' ਨਾਲ ਪਾਲੀਵੁੱਡ ਦਾ ਸ਼ਾਨਦਾਰ ਹਿੱਸਾ ਬਣੇ। ਬਾਲੀਵੁੱਡ ਨਿਰਦੇਸ਼ਕ ਰਾਜੀਵ ਧਿੰਗੜਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਸ ਬਿੱਗ ਬਜਟ ਫਿਲਮ ਦਾ ਬਾਕਸ ਆਫਿਸ ਪ੍ਰਦਰਸ਼ਨ ਕਾਫ਼ੀ ਮਾੜਾ ਰਿਹਾ, ਜੋ ਗੁਰੂ ਰੰਧਾਵਾ ਅਤੇ ਉਨ੍ਹਾਂ ਤੋਂ ਦਰਸ਼ਕਾਂ ਦੀਆਂ ਆਸ਼ਾਵਾਂ ਨੂੰ ਬੂਰ ਪਾਉਣ ਵਿੱਚ ਅਸਫ਼ਲ ਰਹੀ।
ਇਹ ਵੀ ਪੜ੍ਹੋ:
- ਇੱਕ ਦੇ ਪਈ ਜੁੱਤੀ ਅਤੇ ਇੱਕ ਉਤੇ ਚੱਲਦੇ ਸ਼ੋਅ ਦੌਰਾਨ ਹੋਇਆ ਜਾਨਲੇਵਾ ਹਮਲਾ, ਇਸ ਸਾਲ ਇੰਨ੍ਹਾਂ ਵੱਡੇ ਵਿਵਾਦਾਂ 'ਚ ਉਲਝੇ ਰਹੇ ਪੰਜਾਬੀ ਗਾਇਕ
- ਇੱਕ ਨੇ ਕੀਤੀ 100 ਕਰੋੜ ਦੀ ਕਮਾਈ ਅਤੇ ਕਈ ਰਹੀਆਂ ਸੁਪਰ ਫਲਾਪ, ਪੰਜਾਬੀ ਫਿਲਮਾਂ ਦੇ ਮਾਮਲੇ 'ਚ ਕੁੱਝ ਇਸ ਤਰ੍ਹਾਂ ਦਾ ਰਿਹਾ ਸਾਲ 2024
- ਇਹ ਹੈ ਇਸ ਸਾਲ ਦੀ ਰਾਣੀ, ਜਿਸ ਨੇ ਕੀਤਾ ਪਾਲੀਵੁੱਡ ਉਤੇ ਰਾਜ਼, ਦਿੱਤੀਆਂ ਬੈਕ-ਟੂ-ਬੈਕ ਤਿੰਨ ਹਿੱਟ ਫਿਲਮਾਂ