ਚੰਡੀਗੜ੍ਹ: ਦੁਨੀਆਂ-ਭਰ ਵਿਚ ਅਪਣੀ ਨਾਯਾਬ ਗਾਇਕੀ ਦਾ ਲੋਹਾ ਮੰਨਵਾਉਣ ਵਿਚ ਅਜ਼ੀਮ ਗਾਇਕ ਸਤਿੰਦਰ ਸਰਤਾਜ ਸਫ਼ਲ ਰਹੇ ਹਨ। ਜਿੰਨਾਂ ਵੱਲੋਂ ਅਪਣੀ ਅਗਲੇਰੀ ਕੈਨੈਡਾ ਸ਼ੋਅਜ਼ ਲੜੀ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਸਬੰਧਤ ਹੋਣ ਵਾਲੇ ਲਾਈਵ ਪ੍ਰੋਗਰਾਮਾਂ ਦੀ ਰੂਪ-ਰੇਖਾ ਵੀ ਜਾਰੀ ਕਰ ਦਿੱਤੀ ਗਈ ਹੈ ।
ਸਤਿੰਦਰ ਸਰਤਾਜ ਦੇ ਕੈਨੇਡਾ ਸ਼ੋਅ
'ਸਫ਼ੇਅਰ ਆਫ ਐਮੀਨੇਸ' ਦੇ ਟਾਈਟਲ ਅਧੀਨ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿਚ ਆਯੋਜਿਤ ਹੋਣ ਜਾ ਰਹੇ ਉਕਤ ਸ਼ੋਅਜ਼ ਦਾ ਆਯੋਜਨ ਨਵ ਵਰ੍ਹੇ 2025 ਦੇ ਪਹਿਲੇ ਪੜ੍ਹਾਅ ਅਧੀਨ ਮਾਰਚ ਅਤੇ ਅਪ੍ਰੈਲ ਮਹੀਨਿਆਂ ਵਿਚ ਕੀਤਾ ਜਾ ਰਿਹਾ ਹੈ। ਇਸ ਸਬੰਧਿਤ ਤਿਆਰੀਆਂ ਨੂੰ ਪ੍ਰਬੰਧਨ ਟੀਮਾਂ ਵੱਲੋ ਤੇਜ਼ੀ ਨਾਲ ਅੰਜ਼ਾਮ ਦਿੱਤੇ ਜਾਣ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਦਿਲਜੀਤ ਤੋਂ ਬਾਅਦ ਦੂਜੇ ਸਭ ਤੋਂ ਮਹਿੰਗੇ ਕੰਸਰਟ
ਕੈਨੇਡਾ ਭਰ ਵਿੱਚ ਇਕ ਵਾਰ ਫਿਰ ਅਪਣੀ ਸੂਫੀ ਗਾਇਕੀ ਦੀਆਂ ਧੁੰਮਾਂ ਪਾਉਣ ਜਾ ਰਹੇ ਸਤਿੰਦਰ ਸਰਤਾਜ ਦੇ ਇਹ ਸ਼ੋਅਜ਼ ਦਿਲਜੀਤ ਦੋਸਾਂਝ ਦੀ 'ਦਿਲ ਲੁਮਿਆਤੀ' ਲੜੀ ਤੋਂ ਬਾਅਦ ਇੱਥੇ ਆਯੋਜਿਤ ਕੀਤੇ ਜਾ ਰਹੇ ਦੂਸਰੇ ਸਭ ਤੋਂ ਵੱਡੇ ਅਜਿਹੇ ਕੰਸਰਟ ਹੋਣਗੇ, ਜਿੰਨਾਂ ਨੂੰ ਬੇਹੱਦ ਵੱਡੇ ਸੈੱਟਅਪ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜੋ ਤਿਆਰੀਆਂ ਦੌਰਾਨ ਹੀ ਦਰਸ਼ਕਾਂ ਲਈ ਖਿੱਚ ਅਤੇ ਉਤਸੁਕਤਾ ਦਾ ਕੇਂਦਰ ਬਣਦੇ ਜਾ ਰਹੇ ਹਨ।
ਇੰਨ੍ਹਾਂ ਤਰੀਕਾਂ ਨੂੰ ਸਰਤਾਜ ਦੇ ਇਥੇ ਨੇ ਸ਼ੋਅ
ਵਿਸ਼ਾਲਤਾ ਅਤੇ ਆਲੀਸ਼ਾਨਤਾ ਦਾ ਅਨੂਠਾ ਅਹਿਸਾਸ ਕਰਵਾਉਣ ਜਾ ਰਹੇ ਉਕਤ ਸ਼ੋਅਜ਼ ਦੀ ਐਲਾਨੀ ਗਈ ਰੂਪ-ਰੇਖਾ ਅਨੁਸਾਰ ਕੈਲਗਰੀ 23 ਮਾਰਚ, ਐਡਮੰਟਨ 28 ਮਾਰਚ , ਰੇਜੀਨਾ 30 ਮਾਰਚ ,ਟੋਰਾਂਟੋ 06 ਅਪ੍ਰੈਲ, ਵੈਨਕੂਵਰ 11 ਅਪ੍ਰੈਲ ਅਤੇ ਵਿਨੀਪੈਗ ਵਿਖੇ 17 ਅਪ੍ਰੈਲ ਨੂੰ ਇੰਨਾਂ ਸ਼ੋਆਂ ਦਾ ਆਯੋਜਨ ਹੋਵੇਗਾ।
ਇਸ ਨਵੀਂ ਪੰਜਾਬੀ ਫ਼ਿਲਮ ਨਾਲ ਫਿਰ ਕਰਨਗੇ ਧਮਾਕਾ
ਉਧਰ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਗਾਇਕੀ ਦੇ ਨਾਲ-ਨਾਲ ਫ਼ਿਲਮੀ ਖੇਤਰ ਵਿਚ ਵੀ ਬਰਾਬਰਤਾ ਨਾਲ ਅਪਣੀ ਮੌਜ਼ੂਦਗੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾ ਰਹੇ ਇਹ ਬਾਕਮਾਲ ਗਾਇਕ, ਜੋ ਜਲਦ ਹੀ ਅਪਣੀ ਨਵੀਂ ਪੰਜਾਬੀ ਫ਼ਿਲਮ 'ਹੁਸ਼ਿਆਰ ਸਿੰਘ'(ਆਪਣਾ ਅਰਸਤੂ) ਦੁਆਰਾ ਅਪਣੇ ਚਾਹੁਣ ਵਾਲਿਆ ਸਨਮੁੱਖ ਹੋਣਗੇ।