ਚੰਡੀਗੜ੍ਹ: ਦੁਨੀਆ ਭਰ ਵਿੱਚ ਆਪਣੀ ਨਾਯਾਬ ਗਾਇਨ ਕਲਾ ਦਾ ਲੋਹਾ ਮੰਨਵਾ ਚੁੱਕੇ ਹਨ ਰਾਹਤ ਫਤਿਹ ਅਲੀ ਖਾਨ, ਜੋ ਆਪਣੇ ਵਿਸ਼ੇਸ਼ ਗਾਇਕੀ ਟੂਰ ਦੇ ਸਿਲਸਿਲੇ ਅਧੀਨ ਆਸਟ੍ਰੇਲੀਆਂ ਪਹੁੰਚ ਚੁੱਕੇ ਹਨ, ਜਿੱਥੇ 29 ਜੂਨ ਨੂੰ ਸਿਡਨੀ ਹੋਣ ਜਾ ਰਹੇ ਗ੍ਰੈਂਡ ਕੰਸਰਟ 'ਦਾ ਲੈਗੇਸੀ ਆਫ ਦਾ ਖਾਨ' ਦਾ ਹਿੱਸਾ ਬਣਨਗੇ ਇਹ ਬਿਹਤਰੀਨ ਫਨਕਾਰ, ਜਿੰਨ੍ਹਾਂ ਦਾ ਏਅਰਪੋਰਟ ਉਤੇ ਪੁੱਜਣ ਮੌਕੇ ਪ੍ਰਬੰਧਕਾਂ ਅਤੇ ਪ੍ਰਸ਼ੰਸਕਾਂ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ।
'ਸਿਜਲਿਨ ਪ੍ਰੋਡੋਕਸ਼ਨ, 'ਕਿੰਗ ਪ੍ਰੋਡੋਕਸ਼ਨ' ਅਤੇ ਈਵੈਂਟ', 'ਦਿ ਈਵੈਂਟ ਕੂਨੇਕਸ਼ਨ ਆਸਟ੍ਰੇਲੀਆਂ' ਵੱਲੋਂ ਸੁਯੰਕਤ ਐਸੋਸੀਏਸ਼ਨ ਅਧੀਨ ਪੇਸ਼ ਕੀਤੇ ਜਾ ਰਹੇ ਉਕਤ ਸ਼ੋਅਜ਼ ਵਿੱਚ ਅਸਟ੍ਰੇਲੀਆਂ ਭਰ ਤੋਂ ਵੱਡੀ ਤਾਦਾਦ ਦਰਸ਼ਕ ਸ਼ਮੂਲੀਅਤ ਕਰਨਗੇ, ਜਿਸ ਸੰਬੰਧਤ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਕਾਫ਼ੀ ਲੰਮੇ ਵਕਫ਼ੇ ਬਾਅਦ ਸਿਡਨੀ ਵਿਖੇ ਹੋਣ ਜਾ ਰਹੇ ਕਿਸੇ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਹਨ ਗਾਇਕ ਰਾਹਤ ਫਤਿਹ ਅਲੀ ਖਾਨ, ਜਿੰਨ੍ਹਾਂ ਦੀ ਟੀਮ ਅਨੁਸਾਰ ਇਸ ਕੰਸਰਟ ਬਾਅਦ ਆਸਟ੍ਰੇਲੀਆਂ ਅਤੇ ਨਿਊਜ਼ੀਲੈਂਡ ਦੇ ਵੱਖ-ਵੱਖ ਹਿੱਸਿਆਂ 'ਚ ਹੋਣ ਜਾ ਰਹੇ ਕੁਝ ਹੋਰ ਸੋਅਜ਼ ਦਾ ਵੀ ਹਿੱਸਾ ਬਣਨਗੇ ਉਸਤਾਦ ਰਾਹਤ ਫਤਿਹ ਅਲੀ ਖਾਨ, ਜਿੰਨ੍ਹਾਂ ਦੀ ਇਹ ਸ਼ੋਅਜ਼ ਲੜੀ ਜੁਲਾਈ-ਅਗਸਤ ਤੱਕ ਜਾਰੀ ਰਹੇਗੀ।
ਹਾਲੀਆਂ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਨਾਲ ਜਾਰੀ ਹੋਏ ਆਪਣੇ ਕਲੋਬਰੇਟ ਟਰੈਕ 'ਜਿੰਦ' ਨੂੰ ਲੈ ਕੇ ਵੀ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਹਨ ਰਾਹਤ ਫਤਿਹ ਅਲੀ ਖਾਨ, ਜੋ ਅਪਣੀ ਸੂਫੀ ਗੀਤਾਂ ਨਾਲ ਸਜੀ ਨਵੀਂ ਐਲਬਮ 'ਦਿਲਲਗੀ' ਵੀ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਨੂੰ ਉਨ੍ਹਾਂ ਵੱਲੋਂ 28 ਜੂਨ ਵਰਲਡ ਵਾਈਡ ਜਾਰੀ ਕੀਤਾ ਜਾ ਰਿਹਾ ਹੈ।
ਲਹਿੰਦੇ ਤੋਂ ਲੈ ਕੇ ਚੜ੍ਹਦੇ ਪੰਜਾਬ ਸੰਬੰਧਤ ਸੰਗੀਤ ਪ੍ਰੇਮੀਆਂ 'ਚ ਖਾਸੀ ਭੱਲ ਸਥਾਪਿਤ ਕਰ ਚੁੱਕੇ ਬਾਕਮਾਲ ਗਾਇਕ ਬਾਲੀਵੁੱਡ ਗਲਿਆਰਿਆਂ ਵਿੱਚ ਵੀ ਆਪਣੀ ਸ਼ਾਨਦਾਰ ਮੌਜੂਦਗੀ ਦਾ ਇਜ਼ਹਾਰ ਲਗਾਤਾਰ ਕਰਵਾ ਰਹੇ ਹਨ, ਜਿੰਨ੍ਹਾਂ ਦੀ ਹਿੰਦੀ ਅਤੇ ਪੰਜਾਬੀ ਸਿਨੇਮਾ ਖੇਤਰ ਵਿੱਚ ਮਜ਼ਬੂਤ ਹੋ ਚੁੱਕੀਆਂ ਪੈੜਾ ਦਾ ਅਹਿਸਾਸ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੇ ਰਿਲੀਜ਼ ਹੋਣ ਜਾ ਰਹੇ ਕੁਝ ਹੋਰ ਹਿੰਦੀ ਅਤੇ ਪੰਜਾਬੀ ਫਿਲਮੀ ਗੀਤ ਵੀ ਕਰਵਾਉਣਗੇ।
ਫਿਲਮੀ ਅਤੇ ਗੈਰ-ਫਿਲਮੀ ਦੋਨੋਂ ਹੀ ਪੈਟਰਨ ਨੂੰ ਬਰਾਬਰਤਾ ਨਾਲ ਅੰਜ਼ਾਮ ਦੇ ਰਹੇ ਹਨ ਇਹ ਅਜ਼ੀਮ ਗਾਇਕ, ਜਿੰਨ੍ਹਾਂ ਦੀ ਮਿਆਰੀ ਅਤੇ ਪੁਰਾਤਨ ਵੰਨਗੀਆਂ ਦੀ ਤਰਜ਼ਮਾਨੀ ਕਰਦੀ ਗਾਇਕੀ ਦਾ ਅਸਰ ਸਾਲਾਂ ਬਾਅਦ ਵੀ ਲੋਕਮਨਾਂ ਵਿੱਚ ਬਰਕਰਾਰ ਹੈ, ਜੋ ਦਿਨ-ਬ-ਦਿਨ ਹੋਰ ਵਿਸ਼ਾਲਤਾ ਅਖ਼ਤਿਆਰ ਕਰਦਾ ਜਾ ਰਿਹਾ ਹੈ।