ਮੁੰਬਈ (ਬਿਊਰੋ): ਉਹ ਸਾਰੇ ਲੋਕ ਜਿਨ੍ਹਾਂ ਦਾ ਦਿਲ ਪੂਨਮ ਪਾਂਡੇ ਦੀ ਮੌਤ ਦੀ ਖਬਰ ਨਾਲ ਟੁੱਟ ਗਿਆ ਸੀ ਅਤੇ ਜੋ ਅਦਾਕਾਰਾ ਦੀ ਮੌਤ ਤੋਂ ਸਦਮੇ 'ਚ ਸਨ, ਉਹ ਹੁਣ ਇਸ ਗੱਲ ਨੂੰ ਲੈ ਕੇ ਗੁੱਸੇ 'ਚ ਹਨ ਕਿ ਪੂਨਮ ਪਾਂਡੇ ਜ਼ਿੰਦਾ ਹੈ। ਦਰਅਸਲ, 2 ਫਰਵਰੀ ਨੂੰ ਪੂਨਮ ਪਾਂਡੇ ਦੀ ਟੀਮ ਨੇ ਸੋਸ਼ਲ ਮੀਡੀਆ 'ਤੇ ਇਹ ਕਹਿ ਕੇ ਅਦਾਕਾਰਾ ਦੀ ਮੌਤ ਦਾ ਐਲਾਨ ਕੀਤਾ ਸੀ ਕਿ ਉਹ ਸਰਵਾਈਕਲ ਕੈਂਸਰ ਤੋਂ ਪੀੜਤ ਹੈ ਅਤੇ ਅੱਜ 3 ਫਰਵਰੀ ਨੂੰ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆ ਕੇ ਕਿਹਾ ਕਿ ਉਹ ਜ਼ਿੰਦਾ ਹੈ।
ਪੂਨਮ ਨੇ ਦੱਸਿਆ ਕਿ ਉਸ ਨੇ ਇਹ ਸਭ ਕੁਝ ਕੈਂਸਰ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਕੀਤਾ ਸੀ। ਉੱਥੇ ਹੀ ਸੋਸ਼ਲ ਮੀਡੀਆ 'ਤੇ ਪੂਨਮ ਪਾਂਡੇ ਦੇ ਭੱਦੇ ਮਜ਼ਾਕ ਕਾਰਨ ਪ੍ਰਸ਼ੰਸਕਾਂ ਅਤੇ ਸੈਲੇਬਸ 'ਚ ਕਾਫੀ ਗੁੱਸਾ ਹੈ ਅਤੇ ਉਹ ਅਦਾਕਾਰਾ ਦੀ ਆਲੋਚਨਾ ਕਰ ਰਹੇ ਹਨ। ਕੀ ਮੌਤ ਦੀ ਝੂਠੀ ਖਬਰ ਫੈਲਾਉਣ ਵਾਲੀ ਪੂਨਮ ਪਾਂਡੇ ਜਾਵੇਗੀ ਜੇਲ੍ਹ?
ਪੂਨਮ ਪਾਂਡੇ ਨੂੰ ਹੋ ਸਕਦੀ ਹੈ ਜੇਲ੍ਹ?: ਤੁਹਾਨੂੰ ਦੱਸ ਦੇਈਏ ਕਿ ਮੌਤ ਦੀ ਝੂਠੀ ਖ਼ਬਰ ਫੈਲਾਉਣ ਦੇ ਮਾਮਲੇ ਵਿੱਚ ਅਦਾਕਾਰਾ ਨੂੰ ਜੇਲ੍ਹ ਹੋ ਸਕਦੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੂੰ ਭਾਰੀ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਆਈਟੀ ਐਕਟ 2000 ਦੀ ਧਾਰਾ 67 ਤਹਿਤ ਜੇਕਰ ਕੋਈ ਵਿਅਕਤੀ ਮੌਤ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਫੈਲਾਉਣ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਇਸ ਮਾਮਲੇ 'ਚ ਉਕਤ ਦੋਸ਼ੀ ਨੂੰ 3 ਸਾਲ ਦੀ ਕੈਦ ਅਤੇ 5 ਲੱਖ ਰੁਪਏ ਤੱਕ ਦਾ ਭਾਰੀ ਜੁਰਮਾਨਾ ਹੋ ਸਕਦਾ ਹੈ। ਇਸ ਅਪਰਾਧ ਨੂੰ ਦੁਹਰਾਉਣ 'ਤੇ 5 ਸਾਲ ਦੀ ਕੈਦ ਅਤੇ 10 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਅੱਜ 3 ਫਰਵਰੀ ਨੂੰ ਪੂਨਮ ਪਾਂਡੇ ਨੇ ਸੋਸ਼ਲ ਮੀਡੀਆ 'ਤੇ ਆ ਕੇ ਕਿਹਾ, 'ਹੈਲੋ, ਮੈਂ ਪੂਨਮ ਹਾਂ, ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਚਾਹੁੰਦੀ ਹਾਂ, ਮੈਂ ਤੁਹਾਡੇ ਦਿਲ ਨੂੰ ਠੇਸ ਪਹੁੰਚਾਈ ਹੈ, ਪਰ ਮੇਰਾ ਇਹ ਇਰਾਦਾ ਨਹੀਂ ਹੈ। ਮੇਰਾ ਮਤਲਬ ਇਸ ਨੂੰ ਫੈਲਾਉਣਾ ਨਹੀਂ ਸੀ, ਮੈਂ ਸਿਰਫ ਸਰਵਾਈਕਲ ਕੈਂਸਰ ਬਾਰੇ ਗੱਲ ਕਰਨਾ ਚਾਹੁੰਦੀ ਸੀ, ਜਿਸ ਬਾਰੇ ਅਸੀਂ ਜ਼ਿਆਦਾ ਚਰਚਾ ਨਹੀਂ ਕਰਦੇ ਹਾਂ, ਮੈਂ ਸਵੀਕਾਰ ਕਰਦੀ ਹਾਂ ਕਿ ਮੈਂ ਆਪਣੀ ਮੌਤ ਦੀ ਝੂਠੀ ਖਬਰ ਫੈਲਾਈ ਹੈ, ਮੈਂ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਇਸ ਤਰੀਕੇ ਨਾਲੋਂ ਕੈਂਸਰ ਦੀ ਚਰਚਾ ਕਰੋ।'