ਚੰਡੀਗੜ੍ਹ: ਪੰਜਾਬੀ ਸਿਨੇਮਾ ਖਿੱਤੇ ਵਿੱਚ ਐਕਸਪੈਰੀਮੈਂਟਲ ਫਿਲਮਾਂ ਬਣਾਉਣ ਅਤੇ ਇੰਨਾਂ ਨੂੰ ਤਰਜ਼ੀਹ ਦੇਣ ਅਤੇ ਗਲੋਬਲ ਮੁਕਾਮ ਦਿਵਾਉਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਲੇਖਕ ਅਤੇ ਨਿਰਦੇਸ਼ਕ ਤਾਜ, ਜਿੰਨਾਂ ਵੱਲੋਂ ਆਪਣੇ ਨਵੇਂ ਪ੍ਰੋਜੈਕਟ ਪੰਜਾਬੀ ਵੈੱਬ ਸੀਰੀਜ਼ 'ਸਾਈਕੋ' ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ, ਜੋ ਜਲਦ ਸ਼ੂਟਿੰਗ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
'ਐਚਐਫ ਪ੍ਰੋਡੋਕਸ਼ਨ' ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਇਸ ਫਿਲਮ ਵਿੱਚ ਦੋ ਨਵੇਂ ਚਿਹਰੇ ਮਹਿਰਾਜ ਸਿੰਘ ਅਤੇ ਮੁਸਕਾਨ ਗੁਪਤਾ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨਾਂ ਨਾਲ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਮੰਨੇ ਪ੍ਰਮੰਨੇ ਕਲਾਕਾਰ ਵੀ ਮਹੱਤਵਪੂਰਨ ਸਹਾਇਕ ਭੂਮਿਕਾਵਾਂ ਅਦਾ ਕਰ ਰਹੇ ਹਨ।
ਡਰਾਮਾ ਕਹਾਣੀਸਾਰ ਅਧੀਨ ਬਣਾਈ ਜਾ ਰਹੀ ਇਸ ਰੋਮਾਂਟਿਕ ਅਤੇ ਰੋਮਾਂਚਕ ਡਰਾਮਾ ਫਿਲਮ ਦਾ ਲੇਖਣ ਅਤੇ ਨਿਰਦੇਸ਼ਨ ਦੋਨੋ ਪੱਖ ਤਾਜ ਸੰਭਾਲ ਰਹੇ ਹਨ, ਜਿੰਨਾਂ ਦਾ ਇਹ ਇੱਕ ਹੋਰ ਬਿਹਤਰੀਨ ਪ੍ਰੋਜੈਕਟ ਪੰਜਾਬੀ ਸਿਨੇਮਾ ਖੇਤਰ ਵਿੱਚ ਹੋਰ ਨਵੀਆਂ ਕੰਟੈਂਟ ਸੰਭਾਵਨਾਵਾਂ ਜਗਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗਾ।
ਪੜਾਅ ਦਰ ਪੜਾਅ ਹੋਰ ਮਾਣਮੱਤੀ ਪਹਿਚਾਣ ਵੱਲ ਵੱਧ ਰਹੇ ਨਿਰਦੇਸ਼ਕ ਤਾਜ ਦੀਆਂ ਹਾਲੀਆਂ ਰਿਲੀਜ਼ ਫਿਲਮਾਂ ਨੇ ਉਨਾਂ ਦੀ ਪਹਿਚਾਣ ਨੂੰ ਹੋਰ ਪੁਖਤਗੀ ਦੇਣ ਅਤੇ ਉਨਾਂ ਦਾ ਸਿਨੇਮਾ ਦਾਇਰਾ ਹੋਰ ਵਿਸ਼ਾਲ ਕਰਨ 'ਚ ਅਹਿਮ ਯੋਗਦਾਨ ਪਾਇਆ ਹੈ, ਜਿੰਨਾਂ ਵਿੱਚ 'ਪੇਂਟਰ', 'ਲੰਬੜਾਂ ਦਾ ਲਾਣਾ', 'ਫਸਲ', 'ਪਿੰਡ ਵਾਲਾ ਸਕੂਲ', 'ਟੈਲੀਵਿਜ਼ਨ' ਆਦਿ ਸ਼ਾਮਿਲ ਰਹੀਆਂ ਹਨ, ਜਿੰਨਾਂ ਤੋਂ ਇਲਾਵਾ ਜੇਕਰ ਉਨਾਂ ਦੇ ਅਗਾਮੀ ਹੋਰਨਾਂ ਪ੍ਰੋਜੈਕਟਸ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨਾਂ ਵਿੱਚ 'ਮੇਰੀ ਪਿਆਰੀ ਦਾਦੀ' ਵੀ ਸ਼ੁਮਾਰ ਹਨ, ਜਿਸ ਵਿੱਚ ਸ਼ਬਦ, ਅਨੀਤਾ ਦੇਵਗਨ, ਨਿਸ਼ਾ ਬਾਨੋ ਲੀਡਿੰਗ ਕਿਰਦਾਰਾਂ ਵਿੱਚ ਹਨ।
ਪਾਲੀਵੁੱਡ ਦੇ ਬਿਹਤਰੀਨ ਅਤੇ ਉੱਚਕੋਟੀ ਨਿਰਦੇਸ਼ਕਾਂ ਵਿੱਚ ਆਪਣੀ ਮੌਜੂਦਗੀ ਦਰਜ ਕਰਵਾ ਰਹੇ ਇਸ ਉਮਦਾ ਲੇਖਕ ਅਤੇ ਨਿਰਦੇਸ਼ਕ ਅਨੁਸਾਰ ਕਮਰਸ਼ਿਅਲ ਸਿਨੇਮਾ ਨੂੰ ਉਨਾਂ ਅਪਣੀ ਕੁਝ ਅਲਹਦਾ ਅਤੇ ਕਲਾਤਮਕ ਕਰਨ ਦੀ ਸੋਚ 'ਤੇ ਕਦੀ ਹਾਵੀ ਨਹੀਂ ਹੋਣ ਦਿੱਤਾ ਅਤੇ ਇਹੀ ਕਾਰਨ ਹੈ ਕਿ ਆਪਣੇ ਹੁਣ ਤੱਕ ਦੇ ਕਰੀਅਰ ਦੌਰਾਨ ਹਮੇਸ਼ਾ ਅਜਿਹੀਆਂ ਅਰਥ-ਭਰਪੂਰ ਫਿਲਮਾਂ ਦੇ ਲੇਖਨ ਅਤੇ ਨਿਰਦੇਸ਼ਨ ਨੂੰ ਤਵੱਜੋ ਦਿੱਤੀ ਹੈ, ਜਿੰਨਾਂ ਦੁਆਰਾ ਅਤੀਤ ਦੀਆਂ ਗਹਿਰਾਈਆਂ ਵਿੱਚ ਗੁੰਮ ਹੁੰਦੇ ਜਾ ਰਹੇ ਪੰਜਾਬੀ ਵਿਰਸੇ ਅਤੇ ਵੰਨਗੀਆਂ ਨੂੰ ਜਿੱਥੇ ਮੁੜ ਸਹੇਜਿਆ ਜਾ ਸਕੇ, ਉਥੇ ਨਾਲ ਹੀ ਕਦਰਾਂ ਕੀਮਤਾਂ ਅਤੇ ਅਪਣਾ ਵਿਰਸਾ ਭੁੱਲਦੀ ਜਾ ਰਹੀ ਨੌਜਵਾਨ ਪੀੜੀ ਨੂੰ ਵੀ ਉਨਾਂ ਦੀਆਂ ਅਸਲ ਜੜਾਂ ਨਾਲ ਜੋੜਿਆ ਜਾ ਸਕੇ।