ਫਰੀਦਕੋਟ: ਸੰਗੀਤ ਜਗਤ ਵਿੱਚ ਵਿਲੱਖਣ ਅਤੇ ਸ਼ਾਨਦਾਰ ਪਹਿਚਾਣ ਸਥਾਪਿਤ ਕਰ ਚੁੱਕੇ ਪਲੇਬੈਕ ਗਾਇਕ ਕੁਮਾਰ ਸ਼ਾਨੂੰ ਆਪਣਾ ਨਵਾਂ ਅਤੇ ਗੈਰ ਫਿਲਮੀ ਗਾਣਾ 'ਚਾਂਦਨੀ' ਲੈ ਕੇ ਜਲਦ ਹੀ ਆਪਣੇ ਚਾਹੁਣ ਵਾਲਿਆਂ ਸਨਮੁੱਖ ਹੋਣ ਜਾ ਰਹੇ ਹਨ। ਇਸ ਗਾਣੇ ਦੀ ਰਿਕਾਰਡਿੰਗ ਉਨ੍ਹਾਂ ਵੱਲੋ ਮੁੰਬਈ ਵਿਖੇ ਪੂਰੀ ਕਰ ਲਈ ਗਈ ਹੈ। 'ਵਾਈ ਐਨ ਆਰ ਮਿਊਜ਼ਿਕ ਕੰਪਨੀ, ਯੋਲੋ ਅਤੇ ਰੈਡ ਮਿਊਜ਼ਿਕ ਦੇ ਲੇਬਲ ਅਧੀਨ ਸੰਗੀਤ ਨਿਰਮਾਤਾ ਸਾਹਬ ਅਲਾਹਾਬਾਦੀ ਵੱਲੋਂ ਪ੍ਰਸਤੁਤ ਕੀਤੇ ਜਾ ਰਹੇ ਇਸ ਗਾਣੇ ਨੂੰ ਕੁਮਾਰ ਸ਼ਾਨੂੰ ਅਤੇ ਕਮਲ ਚੋਪੜਾ ਦੁਆਰਾ ਆਵਾਜਾਂ ਦਿੱਤੀਆ ਗਈਆ ਹਨ, ਜਦਕਿ ਇਸ ਟਰੈਕ ਦਾ ਸੰਗੀਤ ਅਰਵਿੰਦਰ ਰੈਨਾ ਵੱਲੋ ਸੰਗੀਤਬਧ ਕੀਤਾ ਗਿਆ ਹੈ ਅਤੇ ਗਾਣੇ ਦੇ ਬੋਲ ਸਾਹਬ ਅਲਾਹਾਬਾਦੀ ਨੇ ਰਚੇ ਹਨ।
ਸਾਹਬ ਅਲਾਹਾਬਾਦੀ ਅਨੁਸਾਰ, ਦਿਲ ਨੂੰ ਛੂਹ ਲੈਣ ਵਾਲੇ ਅਲਫਾਜ਼ਾਂ ਨਾਲ ਸੰਜੋਏ ਗਏ ਇਸ ਗਾਣੇ ਦਾ ਗਾਇਕ ਕੁਮਾਰ ਸ਼ਾਨੂੰ ਵੱਲੋਂ ਬੇਹੱਦ ਖੂਬਸੂਰਤ ਅੰਦਾਜ਼ ਵਿੱਚ ਗਾਇਨ ਕੀਤਾ ਗਿਆ ਹੈ, ਜੋ ਇਸ ਬੇਹਤਰੀਣ ਗਾਇਕ ਨਾਲ ਉਨ੍ਹਾਂ ਦਾ ਪਹਿਲਾ ਕਲੋਬਰੇਟ ਗਾਣਾ ਹੈ। ਬਾਲੀਵੁੱਡ ਫਿਲਮ ਅਤੇ ਸੰਗੀਤ ਇੰਡਸਟਰੀ ਵਿੱਚ ਬਤੌਰ ਨਿਰਮਾਤਾ ਮਜਬੂਤ ਪੈੜਾ ਸਿਰਜਦੇ ਜਾ ਰਹੇ ਸਾਹਬ ਅਲਾਹਾਬਾਦੀ ਵੱਲੋਂ ਅਪਣੇ ਇਸ ਸੰਗੀਤਕ ਪਲੇਟਫ਼ਾਰਮ ਅਧੀਨ ਹਾਲ ਹੀ ਵਿੱਚ ਜਾਰੀ ਕੀਤੇ ਗਏ ਰਾਹਤ ਫਤਿਹ ਅਲੀ ਖਾਨ ਦੇ ਗਾਣੇ 'ਇਸ਼ਕੇ ਏ ਜਾਨ' ਨੂੰ ਵੀ ਪ੍ਰੇਮੀਆਂ ਵੱਲੋਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜਲਦ ਹੀ ਰਾਹਤ ਨਾਲ ਉਹ ਇਕ ਹੋਰ ਮੋਲੋਡੀਅਸ ਟਰੈਕ ਵੀ ਕਰਨ ਜਾ ਰਹੇ ਹਨ, ਜਿਸ ਦੀ ਰਿਕਾਰਡਿੰਗ ਦਾ ਸਿਲਸਿਲਾ ਅਗਲੇ ਦਿਨੀ ਸ਼ੁਰੂ ਕੀਤਾ ਜਾ ਰਿਹਾ ਹੈ।
ਓਧਰ ਇਸ ਗਾਣੇ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਗਾਇਕ ਕੁਮਾਰ ਸ਼ਾਨੂੰ ਦੇ ਮੌਜੂਦਾ ਵਰਕ ਬਾਰੇ ਗੱਲ ਕਰੀਏ, ਤਾਂ ਇੰਨੀ ਦਿਨੀ ਉਹ ਜਿਆਦਾਤਰ ਗੈਰ ਫਿਲਮੀ ਗਾਣਿਆਂ ਅਤੇ ਦੇਸ਼ ਵਿਦੇਸ਼ 'ਚ ਹੋ ਰਹੇ ਸ਼ੋਅਜ ਨੂੰ ਹੀ ਅਹਿਮੀਅਤ ਦਿੰਦੇ ਨਜ਼ਰੀ ਆ ਰਹੇ ਹਨ। ਇਸਦਾ ਇਜ਼ਹਾਰ ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਸਮੇਤ ਕਈ ਵਿਦੇਸ਼ੀ ਖਿੱਤਿਆਂ ਵਿੱਚ ਬੀਤੇ ਦਿਨਾਂ ਦੌਰਾਨ ਆਯੋਜਿਤ ਹੋਏ ਉਨਾਂ ਦੇ ਗ੍ਰੈਂਡ ਕਾਂਸਰਟ ਵੀ ਭਲੀਭਾਂਤ ਕਰਵਾ ਚੁੱਕੇ ਹਨ, ਜਿੰਨਾਂ ਨੂੰ ਦਰਸ਼ਕਾਂ ਵੱਲੋ ਭਰਪੂਰ ਅਤੇ ਭਰਵਾਂ ਹੁੰਗਾਰਾਂ ਦਿੱਤਾ ਗਿਆ ਹੈ ।