ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਬਣੀਆਂ ਕਈ ਚਰਚਿਤ ਅਤੇ ਸਫਲ ਫਿਲਮਾਂ ਦਾ ਹਿੱਸਾ ਰਹੇ ਦਿੱਗਜ ਅਦਾਕਾਰ ਗੁੱਗੂ ਗਿੱਲ ਅਤੇ ਮੁਹੰਮਦ ਸਦੀਕ ਇੱਕ ਵਾਰ ਫਿਰ ਮੁੜ ਇਕੱਠੇ ਹੋਣ ਜਾ ਰਹੇ ਹਨ, ਜੋ ਸ਼ੁਰੂ ਹੋਣ ਜਾ ਰਹੀ ਪੰਜਾਬੀ ਫਿਲਮ 'ਟਰੈਵਲ ਏਜੰਟ' ਵਿੱਚ ਮਹੱਤਵਪੂਰਨ ਕਿਰਦਾਰ ਨਿਭਾਉਂਦੇ ਨਜ਼ਰੀ ਆਉਣਗੇ।
'ਗੋਬਿੰਦ ਫਿਲਮ ਕ੍ਰਿਏਸ਼ਨਜ ਪ੍ਰਾਈ.ਲਿਮਿ' ਦੇ ਬੈਨਰ ਅਤੇ 'ਯੂਬੀਐਸ ਪ੍ਰੋਡੋਕਸ਼ਨ' ਦੇ ਸੰਯੁਕਤ ਸਹਿ ਨਿਰਮਾਣ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦਾ ਨਿਰਮਾਣ ਸਤਵਿੰਦਰ ਸਿੰਘ ਮਠਾੜੂ, ਜਦਕਿ ਨਿਰਦੇਸ਼ਨ ਬਾਲੀਵੁੱਡ ਅਤੇ ਪਾਲੀਵੁੱਡ ਦੇ ਮੰਝੇ ਹੋਏ ਫਿਲਮਕਾਰ ਬਲਜਿੰਦਰ ਸਿੰਘ ਸਿੱਧੂ ਕਰਨਗੇ, ਜੋ ਇਸ ਤੋਂ ਪਹਿਲਾਂ ਕਈ ਬਿਹਤਰੀਨ ਪ੍ਰੋਜੈਕਟਸ ਸਾਹਮਣੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਪਾਲੀਵੁੱਡ ਦੀਆਂ ਮੇਨ ਸਟਰੀਮ ਅਤੇ ਫਾਰਮੂਲਾ ਫਿਲਮਾਂ ਤੋਂ ਬਿਲਕੁੱਲ ਅਲਹਦਾ ਹੱਟ ਕੇ ਬਣਾਈ ਜਾ ਰਹੀ ਇਸ ਪੰਜਾਬੀ ਫਿਲਮ ਵਿੱਚ ਨਵਾਂ ਚਿਹਰਾ ਸੋਨੂੰ ਬੱਗੜ ਅਤੇ ਖੂਬਸੂਰਤ ਅਦਾਕਾਰਾ ਪ੍ਰਭ ਗਰੇਵਾਲ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨਾਂ ਤੋਂ ਇਲਾਵਾ ਰਾਣਾ ਜੰਗ ਬਹਾਦਰ, ਐਸਆਰਪੀ ਸਿੰਘ, ਰਣਜੀਤ ਰਿਆਜ਼, ਰਾਕੇਸ਼ ਗੋਇਲ, ਪੂਨਮ ਸੂਦ ਆਦਿ ਜਿਹੇ ਕਈ ਮੰਨੇ ਪ੍ਰਮੰਨੇ ਕਲਾਕਾਰ ਵੀ ਇਸ ਫਿਲਮ ਵਿੱਚ ਮਹੱਤਵਪੂਰਨ ਕਿਰਦਾਰ ਅਦਾ ਕਰਨ ਜਾ ਰਹੇ ਹਨ।
ਪੰਜਾਬ ਅਤੇ ਵਿਦੇਸ਼ੀ ਹਿੱਸਿਆਂ ਵਿੱਚ ਫਿਲਮਾਈ ਜਾਣ ਵਾਲੀ ਉਕਤ ਅਰਥ-ਭਰਪੂਰ ਫਿਲਮ ਦਾ ਖਾਸ ਆਕਰਸ਼ਨ ਰਹੇਗੀ ਗੁੱਗੂ ਗਿੱਲ ਅਤੇ ਮੁਹੰਮਦ ਸਦੀਕ ਦੀ ਜੋੜੀ, ਜੋ ਪਹਿਲੀ ਵਾਰ ਸਾਲ 1983 ਵਿੱਚ ਰਿਲੀਜ਼ ਹੋਈ ਬਲਾਕ ਬਸਟਰ ਅਤੇ ਬਹੁ-ਚਰਚਿਤ ਪੰਜਾਬੀ ਫਿਲਮ 'ਪੁੱਤ ਜੱਟਾਂ ਦੇ' ਦਾ ਹਿੱਸਾ ਬਣੇ ਸਨ, ਪਰ ਉਨਾਂ ਦੀ ਅਸਲ ਅਤੇ ਸ਼ਾਨਦਾਰ ਕੈਮਿਸਟਰੀ ਸਾਲ 1992 ਵਿੱਚ ਆਈ ਅਤੇ ਸੁਪਰ ਡੁਪਰ ਹਿੱਟ ਰਹੀ 'ਜੱਟ ਜਿਉਣਾ ਮੌੜ' ਵਿੱਚ ਵੇਖਣ ਨੂੰ ਮਿਲੀ, ਜਿਸ ਵਿੱਚ ਜਿਉਣੇ ਅਤੇ ਚਤਰੇ ਦੇ ਇੰਨਾਂ ਦੋਹਾਂ ਵੱਲੋ ਅਦਾ ਕੀਤੇ ਵੱਖ ਵੱਖ ਕਿਰਦਾਰਾਂ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਅਜਿਹੀ ਛਾਪ ਛੱਡੀ ਕਿ ਅੱਜ ਸਾਲਾਂ ਬਾਅਦ ਵੀ ਲੋਕ-ਮਨਾਂ ਉਕਤ ਫਿਲਮ ਅਤੇ ਕਿਰਦਾਰਾਂ ਦਾ ਅਸਰ ਜਿਓ ਦਾ ਤਿਓ ਕਾਇਮ ਹੈ।
ਪੰਜਾਬ ਦੇ ਕਰੰਟ ਮੁੱਦਿਆਂ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਦੇ ਕਹਾਣੀ ਸਾਰ ਅਤੇ ਹੋਰਨਾਂ ਅਹਿਮ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਇਸ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਬਲਜਿੰਦਰ ਸਿੰਘ ਸਿੱਧੂ ਨੇ ਦੱਸਿਆ ਫਿਲਮ ਦਾ ਥੀਮ ਵਿਦੇਸ਼ ਜਾਣ ਦੀ ਹੋੜ ਵਿੱਚ ਲੱਗੀ ਨੌਜਵਾਨ ਪੀੜੀ ਅਤੇ ਇੰਨਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕਰ ਰਹੇ ਟਰੈਵਲ ਏਜੰਟਾਂ ਦੁਆਲੇ ਕੇਂਦਰਿਤ ਹੈ, ਜਿਸ ਦੁਆਰਾ ਨੌਜਵਾਨ ਪੀੜੀ ਨੂੰ ਸੁਚੇਤ ਹੋ ਕੇ ਚੱਲਣ ਅਤੇ ਆਪਣੀਆਂ ਜੜਾਂ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਵੀ ਦਿੱਤੀ ਗਈ ਹੈ।
ਬਾਲੀਵੁੱਡ ਦੇ ਬਿਹਤਰੀਨ ਅਤੇ ਉੱਚ-ਕੋਟੀ ਫਿਲਮਕਾਰ ਰਹੇ ਸਵਰਗੀ ਰਾਜ ਕੁਮਾਰ ਕੋਹਲੀ ਨਾਲ ਕਈ ਫਿਲਮਾਂ ਬਤੌਰ ਸਹਾਇਕ ਨਿਰਦੇਸ਼ਕ ਕਰਨ ਦਾ ਮਾਣ ਹਾਸਿਲ ਕਰ ਚੁੱਕੇ ਨਿਰਦੇਸ਼ਕ ਬਲਜਿੰਦਰ ਸਿੰਘ ਸਿੱਧੂ 'ਹਸਤਕਸ਼ਰ ਥੀਏਟਰ ਗਰੁੱਪ' (ਅਲੂਮਨੀ ਨੈਸ਼ਨਲ ਸਕੂਲ ਆਫ਼ ਡਰਾਮਾ) ਦਾ ਵੀ ਮਾਣਮੱਤਾ ਹਿੱਸਾ ਰਹੇ ਹਨ, ਜਿਸ ਦੌਰਾਨ ਉਸਤਾਦ ਸ਼ਸ਼ੇਕਰ ਵੈਸ਼ਨਵੀ ਜੀ ਦੀ ਸੁਚੱਜੀ ਰਹਿਨੁਮਾਈ ਹੇਠ ਐਕਟਿੰਗ ਵਰਕਸ਼ਾਪ ਕਰਨ ਦੇ ਨਾਲ ਨਾਲ ਹਿੰਦੀ ਨਾਟਕਾਂ ਦਾ ਵੀ ਅਹਿਮ ਹਿੱਸਾ ਰਹੇ, ਜਿੰਨਾਂ ਅਨੁਸਾਰ ਨਿਰਦੇਸ਼ਕ ਦੇ ਰੂਪ ਵਿੱਚ ਉਨਾਂ ਦੀ ਤਰਜ਼ੀਹ ਅਜਿਹੀਆਂ ਫਿਲਮਾਂ ਬਣਾਉਣ ਦੀ ਵੀ ਰਹੇਗੀ, ਜਿਸ ਦੁਆਰਾ ਸਮਾਜਿਕ ਸਰੋਕਾਰਾਂ ਨੂੰ ਵੀ ਪ੍ਰਮੁੱਖਤਾ ਦਿੱਤੀ ਜਾ ਸਕੇ।
ਪੜਾਅ ਦਰ ਪੜਾਅ ਹੋਰ ਮਾਣਮੱਤੀਆਂ ਪ੍ਰਾਪਤੀਆਂ ਹਾਸਿਲ ਕਰਨ ਵੱਲ ਵੱਧ ਰਹੇ ਲੇਖਕ ਅਤੇ ਨਿਰਦੇਸ਼ਕ ਬਲਜਿੰਦਰ ਸਿੰਘ ਸਿੱਧੂ ਨੇ ਆਪਣੀ ਉਕਤ ਹੋਰਨਾਂ ਖਾਸ ਪਹਿਲੂਆਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਫਿਲਮ ਦਾ ਸੰਗੀਤ ਗੁਰਮੀਤ ਸਿੰਘ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ ਜਦਕਿ ਇਸ ਦੇ ਫਾਈਟ ਮਾਸਟਰ ਦੇ ਤੌਰ 'ਤੇ ਮੋਹਨ ਬੱਗੜ ਜਿੰਮੇਵਾਰੀ ਨਿਭਾਉਣਗੇ, ਜੋ ਬੇਸ਼ੁਮਾਰ ਹਿੰਦੀ ਫਿਲਮਾਂ ਦਾ ਐਕਸ਼ਨ ਕੋਰਿਓਗ੍ਰਾਫ਼ ਕਰ ਚੁੱਕੇ ਹਨ।