ਚੰਡੀਗੜ੍ਹ: ਪੰਜਾਬੀ ਸਿਨੇਮਾ ਵਿੱਚ ਕਈ ਅਜਿਹੀਆਂ ਅਦਾਕਾਰਾਂ ਹਨ, ਜਿਨ੍ਹਾਂ ਬਿਨ੍ਹਾਂ ਅਸੀਂ ਪੰਜਾਬੀ ਫਿਲਮ ਦੀ ਕਲਪਨਾ ਵੀ ਨਹੀਂ ਕਰ ਸਕਦੇ...ਜੀ ਹਾਂ, ਇਹ ਅਸੀਂ ਨਹੀਂ ਬਲਕਿ ਪਿਛੇ 4-5 ਦਹਾਕਿਆਂ ਦੀਆਂ ਪੰਜਾਬੀ ਫਿਲਮਾਂ ਕਹਿ ਰਹੀਆਂ ਹਨ।
ਸ਼ਾਇਦ ਹੀ ਕੋਈ ਅਜਿਹੀ ਫਿਲਮ ਹੋਵੇ, ਜਿਸ ਵਿੱਚ ਕਿ ਵਿੱਚ ਰੁਪਿੰਦਰ ਰੂਪੀ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਗੁਰਪ੍ਰੀਤ ਭੰਗੂ, ਅਨੀਤਾ ਦੇਵਗਨ, ਅਨੀਤਾ ਮੀਤ, ਅਨੀਤਾ ਸ਼ਬਦੀਸ਼, ਜਤਿੰਦਰ ਕੌਰ ਨਾ ਹੋਣ, ਕਿਉਂਕਿ ਇਨ੍ਹਾਂ ਅਦਾਕਾਰਾਂ ਦੀ ਅਵਾਜ਼ ਵਿੱਚ ਪੇਂਡੂ ਪੰਜਾਬ ਦੀ ਬਣਤਰ ਝਲਕਦੀ ਹੈ। ਇਨ੍ਹਾਂ ਨੇ ਫਿਲਮਾਂ 'ਤੇ ਅਜਿਹਾ ਦਬਦਬਾ ਬਣਾਇਆ ਹੋਇਆ ਹੈ ਕਿ ਇਨ੍ਹਾਂ ਤੋਂ ਬਿਨ੍ਹਾਂ ਫਿਲਮ ਅਧੂਰੀ ਹੈ। ਇਸ ਲਿਸਟ ਵਿੱਚ ਕਿਹੜੀਆਂ ਕਿਹੜੀਆਂ ਅਦਾਕਾਰਾਂ ਸ਼ਾਮਿਲ ਹਨ, ਆਓ ਸਰਸਰੀ ਨਜ਼ਰ ਮਾਰੀਏ...।
ਰੁਪਿੰਦਰ ਰੂਪੀ: ਰੁਪਿੰਦਰ ਰੂਪੀ ਪੰਜਾਬੀ ਸਿਨੇਮਾ ਦੀ ਅਜਿਹੀ ਅਦਾਕਾਰਾ ਹੈ, ਜੋ 'ਮੰਨਤ' (2006), 'ਬੈਂਡ ਵਾਜੇ', 'ਗੋਡੇ ਗੋਡੇ ਚਾਅ', 'ਬਾਜਰੇ ਦਾ ਸਿੱਟਾ', 'ਸੁਰਖ਼ੀ ਬਿੰਦੀ', 'ਮੁੰਡਾ ਹੀ ਚਾਹੀਦਾ', 'ਛੜਾ' ਵਰਗੀਆਂ ਸ਼ਾਨਦਾਰ ਫਿਲਮਾਂ ਲਈ ਜਾਣੀ ਜਾਂਦੀ ਹੈ। ਅਦਾਕਾਰਾਂ ਦਾ ਰੋਲ ਹਰ ਪੰਜਾਬੀ ਨੂੰ ਪਸੰਦ ਆਉਂਦਾ ਹੈ।
ਨਿਰਮਲ ਰਿਸ਼ੀ: ਨਿਰਮਲ ਰਿਸ਼ੀ ਪੰਜਾਬੀ ਫਿਲਮ ਅਤੇ ਟੈਲੀਵਿਜ਼ਨ ਦੀ ਸ਼ਾਨਦਾਰ ਅਦਾਕਾਰਾ ਹੈ। ਉਨ੍ਹਾਂ ਨੂੰ ਆਪਣੀ ਪਹਿਲੀ ਫਿਲਮ 'ਲੌਂਗ ਦਾ ਲਿਸ਼ਕਾਰਾ' ਵਿੱਚ ਗੁਲਾਬੋ ਮਾਸੀ ਦੀ ਭੂਮਿਕਾ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ 'ਨਿੱਕਾ ਜ਼ੈਲਦਾਰ' ਵਿੱਚ ਉਨ੍ਹਾਂ ਦਾ ਰੋਲ ਕਿਸੇ ਨੂੰ ਵੀ ਹੱਸਣ ਲਈ ਮਜ਼ਬੂਰ ਕਰ ਦੇਵੇਗਾ। ਇਸ ਤੋਂ ਇਲਾਵਾ ਉਹ 'ਨਿੱਕਾ ਜ਼ੈਲਦਾਰ 2', 'ਲੌਂਗ ਦਾ ਲਿਸ਼ਕਾਰਾ', 'ਗੋਡੇ ਗੋਡੇ ਚਾਅ', 'ਬੂਹੇ ਬਾਰੀਆਂ', 'ਮੁਕਲਾਵਾ', 'ਮਾਂ ਦਾ ਲਾਡਲਾ', 'ਹਨੀਮੂਨ' ਅਤੇ 'ਦਿ ਗ੍ਰੇਟ ਸਰਦਾਰ' ਵਰਗੀਆਂ ਪੰਜਾਬੀ ਫਿਲਮਾਂ ਵਿੱਚ ਦਿਖਾਈ ਦੇਣ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ। ਨਿਰਮਲ ਰਿਸ਼ੀ ਨੂੰ ਫਿਲਮਾਂ ਦੀ ਮਾਂ ਕਹਿਣਾ ਕੋਈ ਅਤਿ ਕਥਨੀ ਨਹੀਂ ਹੋਵੇਗਾ।
ਸੀਮਾ ਕੌਸ਼ਲ: ਸੀਮਾ ਕੌਸ਼ਲ ਪੰਜਾਬੀ ਸਿਨੇਮਾ ਦੀ ਅਜਿਹੀ ਅਦਾਕਾਰਾ ਹੈ, ਜੋ 'ਬੈਂਡ ਵਾਜੇ' (2019), 'ਹੈਟਰਜ਼' (2022) ਅਤੇ 'ਅੰਬਰਸਰੀਆ' ਵਰਗੀਆਂ ਅਨੇਕਾਂ ਫਿਲਮਾਂ ਲਈ ਜਾਣੀ ਜਾਂਦੀ ਹੈ। ਅਦਾਕਾਰਾ ਨੇ ਅਜਿਹੇ ਕਿਰਦਾਰ ਨਿਭਾਏ ਹਨ, ਜਿੰਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਇਮੋਸ਼ਨਲ ਹੋ ਜਾਵੋਗੇ।
ਗੁਰਪ੍ਰੀਤ ਕੌਰ ਭੰਗੂ: ਗੁਰਪ੍ਰੀਤ ਕੌਰ ਭੰਗੂ ਪੰਜਾਬੀ ਫਿਲਮ ਅਤੇ ਟੈਲੀਵਿਜ਼ਨ ਦੀ ਮੰਝੀ ਹੋਈ ਅਦਾਕਾਰਾ ਹੈ, ਜੋ ਪੰਜਾਬੀ ਅਤੇ ਹਿੰਦੀ ਸਿਨੇਮਾ ਵਿੱਚ ਕਾਫੀ ਜਿਆਦਾ ਸਰਗਰਮ ਹੈ। ਅਦਾਕਾਰਾ ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ 2' ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਅਦਾਕਾਰਾ ਦੇ ਕੰਮ ਦੀ ਗਿਣਤੀ ਕਰਨੀ ਬਹੁਤ ਹੀ ਮੁਸ਼ਕਲ ਹੈ, ਅਦਾਕਾਰਾ ਨੇ ਕਈ ਵਾਰ ਕੁਪੱਤੀ ਸੱਸ ਦਾ ਕਿਰਦਾਰ ਵੀ ਨਿਭਾਇਆ ਹੈ।
ਅਨੀਤਾ ਦੇਵਗਨ: ਅਨੀਤਾ ਦੇਵਗਨ ਨੂੰ 'ਐਂਟਰਟੇਨਮੈਂਟ ਕੁਵੀਨ' ਵਜੋਂ ਵੀ ਜਾਣਿਆ ਜਾਂਦਾ ਹੈ। ਹੁਣ ਤੱਕ ਅਨੀਤਾ ਦੇਵਗਨ ਪਾਲੀਵੁੱਡ ਨੇ ਇੰਡਸਟਰੀ ਵਿੱਚ ਕਾਫੀ ਸ਼ਾਨਦਾਰ ਫਿਲਮਾਂ ਕੀਤੀਆਂ ਹਨ। ਅਦਾਕਾਰਾ ਦੀ ਖ਼ਾਸੀਅਤ ਇਹ ਹੈ ਕਿ ਅਦਾਕਾਰਾ ਉਤੇ ਬੁਰੇ ਅਤੇ ਚੰਗੇ ਦੋਵੇਂ ਕਿਰਦਾਰ ਢੁੱਕਦੇ ਹਨ।
ਅਨੀਤਾ ਮੀਤ: ਅਨੀਤਾ ਮੀਤ ਪੰਜਾਬੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਹੈ, ਜੋ 'ਜਬ ਵੀ ਮੇਟ' (2007), 'ਪਲੀਜ਼ ਕਿਲ ਮੀ' (2021) ਅਤੇ 'ਡਾਕੂਆਂ ਦਾ ਮੁੰਡਾ' (2018) ਲਈ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਅਦਾਕਾਰਾ ਨੇ ਅਨੇਕਾਂ ਟੀਵੀ ਸੀਰੀਅਲ ਕੀਤੇ ਹਨ।
ਅਨੀਤਾ ਸ਼ਬਦੀਸ਼: ਅਨੀਤਾ ਸ਼ਬਦੀਸ਼ ਪੰਜਾਬੀ ਅਤੇ ਹਿੰਦੀ ਸਿਨੇਮਾ ਦੀ ਬਿਹਤਰੀਨ ਅਦਾਕਾਰਾ ਹੈ, ਜੋ 'ਉੜਤਾ ਪੰਜਾਬ' (2016), 'ਏਕਮ: ਸਨ ਆਫ਼ ਸੋਇਲ' (2010) ਅਤੇ 'ਦਿ ਲੀਜੈਂਡ ਆਫ਼ ਭਗਤ ਸਿੰਘ' (2002) ਲਈ ਜਾਣੀ ਜਾਂਦੀ ਹੈ। ਇਨ੍ਹਾਂ ਤੋਂ ਇਲਾਵਾ ਅਦਾਕਾਰਾ ਨੇ ਕਾਫੀ ਟੀਵੀ ਸੀਰੀਅਲ ਵੀ ਕੀਤੇ ਹਨ।
ਜਤਿੰਦਰ ਕੌਰ: ਜਤਿੰਦਰ ਕੌਰ ਇੱਕ ਪ੍ਰਸਿੱਧ ਪਾਲੀਵੁੱਡ ਅਤੇ ਬਾਲੀਵੁੱਡ ਅਦਾਕਾਰਾ ਹੈ। ਹਿੰਦੀ ਸਿਨੇਮਾ ਅਤੇ ਪੰਜਾਬੀ ਸਿਨੇਮਾ ਵਿੱਚ ਇਸ ਮੰਝੀ ਹੋਈ ਅਦਾਕਾਰਾ ਨੇ ਅਨੇਕਾਂ ਫਿਲਮਾਂ ਦਿੱਤੀਆਂ ਹਨ। ਤੁਹਾਨੂੰ ਦੱਸ ਦਈਏ ਕਿ ਅਦਾਕਾਰਾਂ ਦਾ ਸੰਬੰਧ ਥੀਏਟਰ ਨਾਲ ਵੀ ਰਿਹਾ ਹੈ।