ਚੰਡੀਗੜ੍ਹ: 'ਸੁੱਤਾ ਨਾਗ', 'ਜ਼ੋਰਾ ਦਸ ਨੰਬਰੀਆਂ' ਅਤੇ 'ਜ਼ੋਰਾ ਚੈਪਟਰ 2' ਵਰਗੀਆਂ ਸ਼ਾਨਦਾਰ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਇਸ ਸਮੇਂ ਆਪਣੀ ਇੱਕ ਸ਼ੋਸਲ ਮੀਡੀਆ ਪੋਸਟ ਕਾਰਨ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਜੀ ਹਾਂ...ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੁਆਰਾ ਸਾਂਝੀ ਕੀਤੀ ਗਈ ਤਾਜ਼ਾ ਪੋਸਟ ਕਾਫੀ ਧਿਆਨ ਖਿੱਚ ਰਹੀ ਹੈ, ਇਹ ਪੋਸਟ ਗਿੱਲ ਨੇ ਸਾਊਥ ਦੀਆਂ ਫਿਲਮਾਂ ਅਤੇ ਪੰਜਾਬੀ ਸਿਨੇਮਾ ਉਤੇ ਲਿਖੀ ਹੈ, ਨਿਰਦੇਸ਼ਕ ਨੇ ਲਿਖਿਆ ਹੈ, 'ਸਾਊਥ ਦਾ ਸਿਨੇਮਾ/ਪੰਜਾਬੀ ਸਿਨੇਮਾ...ਕਦੇ "ਬਾਹੂਬਲੀ" ਕਦੇ "ਕੇਜੀਐਫ" ਕਦੇ "ਪੁਸ਼ਪਾ" ਸਾਊਥ ਵਾਲੇ ਅਜਿਹੀਆਂ ਫਿਲਮਾਂ ਨਾਲ ਦੁਨੀਆਂ ਲੁੱਟ ਕੇ ਲੈ ਗਏ, ਇਸਦੀ ਨਕਲ 'ਚ ਮੁੰਬਈ ਫਿਲਮ ਇੰਡਸਟਰੀ ਲਗਭਗ ਅਸਫਲ ਰਹੀ, "ਪ੍ਰਿਥਵੀਰਾਜ ਚੌਹਾਨ" ਅਤੇ "ਪਾਣੀਪਤ" ਵਰਗੀਆਂ ਫਿਲਮਾਂ ਬਣਾ ਕੇ।
ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਲਿਖਿਆ, 'ਪੰਜਾਬੀ 'ਚ "ਮਸਤਾਨੇ" ਅਤੇ "ਰਜਨੀ" ਸਫ਼ਲ ਰਹੀਆਂ ਪਰ ਸਾਊਥ ਦਾ ਮੁਕਾਬਲਾ ਕਰਨ ਲਈ ਹਿੰਦੀ ਜਾਂ ਪੰਜਾਬੀ ਫਿਲਮਾਂ ਵਾਲਿਆਂ ਨੂੰ ਵੱਡੇ ਬਜਟ ਦੀਆਂ ਫਿਲਮਾਂ ਨਹੀਂ ਬਣਾਉਣੀਆਂ ਚਾਹੀਦੀਆਂ ਬਲਕਿ ਛੋਟੇ ਅਤੇ ਮੀਡੀਅਮ ਬਜਟ ਦੀਆਂ ਫਿਲਮਾਂ ਬਣਾਉਣੀਆਂ ਚਾਹੀਦੀਆਂ ਹਨ, ਜਿੰਨ੍ਹਾਂ ਦੀ ਕਹਾਣੀ 'ਚ ਦਮ ਹੋਵੇ, ਜਿੰਨ੍ਹਾਂ ਦਾ ਕੰਟੈਟ ਸਟਰੌਂਗ ਹੋਵੇ।
ਪਾਲੀਵੁੱਡ ਨੂੰ ਸਲਾਹ ਦਿੰਦੇ ਹੋਏ ਗਿੱਲ ਨੇ ਅੱਗੇ ਲਿਖਿਆ, 'ਪੰਜਾਬੀ ਫਿਲਮਾਂ ਵਾਲਿਆਂ ਨੂੰ ਪੰਜਾਬੀ ਸਾਹਿਤ ਵੱਲ ਧਿਆਨ ਦੇਣਾ ਚਾਹੀਦਾ ਹੈ, ਬਹੁਤ ਕੁੱਝ ਪਿਆ ਹੈ ਪੰਜਾਬੀ ਸਾਹਿਤ 'ਚ ਜਿਸ ਉਤੇ ਫਿਲਮਾਂ ਬਣ ਸਕਦੀਆਂ ਹਨ ਅਤੇ ਕਾਮਯਾਬ ਵੀ ਹੋ ਸਕਦੀਆਂ ਹਨ।'
1100 ਕਰੋੜ ਦੀ ਕਮਾਈ ਕਰ ਚੁੱਕੀ ਫਿਲਮ 'ਪੁਸ਼ਪਾ 2' ਬਾਰੇ ਗੱਲ ਕਰਦੇ ਹੋਏ ਨਿਰਦੇਸ਼ਕ ਨੇ ਲਿਖਿਆ, 'ਕੱਲ੍ਹ ਮੈਂ "ਪੁਸ਼ਪਾ 2" ਦੇਖੀ, ਨਿਰਸੰਦੇਹ ਬਹੁਤ ਵੱਡੇ ਪੱਧਰ 'ਤੇ ਬਣੀ ਜ਼ਬਰਦਸਤ ਫਿਲਮ ਹੈ ਪਰ ਕਹਾਣੀ ਤਾਂ ਅੱਸੀ ਦੇ ਦਹਾਕੇ ਦੀਆਂ ਅਮਿਤਾਬ ਬੱਚਨ ਦੀਆਂ ਹਿੰਦੀ ਫਿਲਮਾਂ ਦੀ ਹੀ ਨਕਲ, ਬੱਸ ਤਕਨੀਕ ਵੱਧ ਗਈ, ਪੈਸਾ ਵੱਧ ਖਰਚ ਕਰ ਦਿੱਤਾ। ਮੁੰਬਈ ਵਾਲੇ ਕਮਲੇ ਆਪਣਾ ਅਸਲ ਖਾਸਾ ਛੱਡ ਕੇ ਸਾਊਥ ਦੀ ਨਕਲ ਕਰਨ ਲੱਗ ਪਏ, ਹੋਇਆ ਇਹ ਕਿ ਅੱਜ ਬਾਲੀਵੁੱਡ ਬਹੁਤ ਬੁਰੇ ਦੌਰ 'ਚ ਦਾਖਿਲ ਹੋ ਚੁੱਕਾ ਹੈ।'
ਆਪਣੀ ਗੱਲਬਾਤ ਦੌਰਾਨ ਨਿਰਦੇਸ਼ਕ ਨੇ ਅੱਗੇ ਲਿਖਿਆ, 'ਪੰਜਾਬੀ 'ਚ ਅੱਜ ਫਿਲਮ ਬਣਾਉਣੀ ਬਹੁਤ ਔਖੀ ਹੈ, ਜੋ ਸਫਲ ਹਨ ਉਹ ਗਰੁੱਪ ਬਣਾ ਕੇ ਬੈਠੇ ਹਨ, ਕੋਈ ਨਵਾਂ ਬੰਦਾ ਅੰਦਰ ਨਹੀਂ ਵੜ ਸਕਦਾ, ਕੋਈ ਸਫਲ "ਹੀਰੋ" ਕਿਸੇ ਨਵੇਂ ਲੇਖਕ ਡਾਇਰੈਕਟਰ ਦਾ ਫੋਨ ਨਹੀਂ ਚੱਕਦਾ, ਫੇਰ ਭਲਾ ਸੋਚੋ ਕਿ ਪੰਜਾਬੀ ਸਿਨੇਮਾ ਲਈ ਨਵੇਂ ਰਾਹ ਕਿਵੇਂ ਖੁੱਲਣਗੇ? ਪੰਜਾਬੀ ਇੰਡਸਟਰੀ ਵਾਲੇ ਕਦੇ ਤਾਂ ਸੋਚਣ।' ਹੁਣ ਨਿਰਦੇਸ਼ਕ ਦੀ ਇਸ ਪੋਸਟ ਉਤੇ ਦਰਸ਼ਕ ਕਾਫੀ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਕਈ ਨਿਰਦੇਸ਼ਕ ਦੀਆਂ ਗੱਲਾਂ ਨਾਲ ਸਹਿਮਤੀ ਬਣਾ ਰਹੇ ਹਨ।
ਇਸ ਦੌਰਾਨ ਜੇਕਰ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਨਿਰਦੇਸ਼ਕ ਇਸ ਸਮੇਂ ਕਾਫੀ ਸਾਰੀਆਂ ਫਿਲਮਾਂ ਨੂੰ ਲੈ ਕੇ ਚਰਚਾ ਬਟੋਰ ਰਹੇ ਹਨ, ਜਿਸ ਵਿੱਚ 'ਦਾਰੋ', 'ਗਲੀ ਨੰਬਰ ਕੋਈ ਨਹੀਂ ਵਰਗੀਆਂ' ਸ਼ਾਨਦਾਰ ਫਿਲਮਾਂ ਸ਼ਾਮਿਲ ਹਨ।
ਇਹ ਵੀ ਪੜ੍ਹੋ: