ਚੰਡੀਗੜ੍ਹ: ਟੈਲੀਵਿਜ਼ਨ ਦੀ ਦੁਨੀਆਂ ਵਿੱਚ ਵਿਲੱਖਣ ਅਤੇ ਸਫ਼ਲ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਸਟੈਂਡ-ਅੱਪ ਕਾਮੇਡੀਅਨ ਚੰਦਨ ਪ੍ਰਭਾਕਰ, ਜੋ ਜਲਦ ਅਪਣੀ ਇੱਕ ਹੋਰ ਪ੍ਰਭਾਵੀ ਟੀਵੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ, ਜਿੰਨ੍ਹਾਂ ਦੇ ਅੱਗੇ ਵਧਾਏ ਜਾ ਚੁੱਕੇ ਇੰਨ੍ਹਾਂ ਕਦਮਾਂ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਸ਼ੋਅ 'ਮਾਸਟਰਸ਼ੈੱਫ ਇੰਡੀਆ', ਜਿਸ ਦੀ ਸ਼ੂਟਿੰਗ ਉਨ੍ਹਾਂ ਵੱਲੋਂ ਅੱਜ ਸ਼ੁਰੂ ਕਰ ਦਿੱਤੀ ਗਈ ਹੈ।
ਸੋਨੀ ਟੀਵੀ ਦੇ ਵੱਡੇ ਰਿਐਲਟੀ ਸ਼ੋਅ ਦੇ ਤੌਰ ਉਤੇ ਸਾਹਮਣੇ ਆਉਣ ਜਾ ਰਹੇ ਇਸ ਸੀਜ਼ਨ ਦੀ ਮੇਜ਼ਬਾਨੀ ਫਰਾਹ ਖਾਨ ਕਰੇਗੀ। ਕਪਿਲ ਸ਼ਰਮਾ ਸ਼ੋਅ ਤੋਂ ਬਾਅਦ ਇੱਕ ਵਾਰ ਫਿਰ ਅਪਣੀ ਨਾਯਾਬ ਕਲਾ ਸਮਰੱਥਾ ਦਾ ਇਜ਼ਹਾਰ ਕਰਵਾਉਣ ਜਾ ਰਹੇ ਚੰਦਨ ਪ੍ਰਭਾਕਰ ਅਪਣੇ ਇਸ ਨਵੇਂ ਸ਼ੋਅ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜੋ ਛੋਟੇ ਪਰਦੇ ਦੇ ਮੰਨੇ ਪ੍ਰਮੰਨੇ ਸਿਤਾਰਿਆਂ ਨਾਲ ਉਕਤ ਸ਼ੋਅ 'ਚ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੇ ਹਨ, ਜਿੰਨ੍ਹਾਂ ਦੇ ਸਹਿ ਕਲਾਕਾਰਾਂ ਵਿੱਚ ਤੇਜਸਵੀ ਪ੍ਰਕਾਸ਼, ਗੌਰਵ ਖੰਨਾ, ਦੀਪਿਕਾ ਕੱਕੜ, ਰਾਜੀਵ ਅਤੇ ਊਸ਼ਾ ਨਾਡਕਰਨੀ ਆਦਿ ਵੀ ਸ਼ਾਮਿਲ ਹਨ।
ਸਾਲ 2025 ਦੇ ਟੀਵੀ ਦੇ ਅਪਣੇ ਸਫ਼ਰ ਨੂੰ ਹੋਰ ਸੋਹਣੇ ਰੰਗ ਦੇਣ ਜਾ ਰਹੇ ਚੰਦਨ ਪ੍ਰਭਾਕਰ ਦੇ ਉਕਤ ਸ਼ੋਅ ਵਿੱਚ ਚੀਫ਼ ਸ਼ੈੱਫ ਵਿਕਾਸ ਖੰਨਾ ਅਤੇ ਰਣਵੀਰ ਬਰਾੜ ਵੀ ਜੱਜਾਂ ਵਜੋਂ ਵਾਪਸੀ ਲਈ ਤਿਆਰ ਹਨ। ਕਪਿਲ ਸ਼ਰਮਾ ਸ਼ੋਅ ਦੇ ਹਾਲੀਆਂ ਨਵੇਂ ਸੀਜ਼ਨ ਤੋਂ ਦੂਰੀ ਬਣਾਉਣ ਵਾਲੇ ਚੰਦਨ ਪ੍ਰਭਾਕਰ ਦੀ ਅਣਹੋਂਦ ਦਰਸ਼ਕਾਂ ਨੂੰ ਹੁਣ ਤੱਕ ਕਾਫ਼ੀ ਰੜਕ ਰਹੀ ਹੈ, ਜਿੰਨ੍ਹਾਂ ਵੱਲੋਂ ਉਕਤ ਕਾਮੇਡੀ ਸ਼ੋਅ 'ਚ "ਚੰਦੂ ਚਾਹਵਾਲਾ" ਦੀ ਨਿਭਾਈ ਭੂਮਿਕਾ ਅਮਿੱਟ ਛਾਪ ਛੱਡਣ ਵਿੱਚ ਸਫ਼ਲ ਰਹੀ।
ਮੂਲ ਰੂਪ ਵਿੱਚ ਪੰਜਾਬ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਨਾਲ ਸੰਬੰਧਤ ਚੰਦਨ ਪ੍ਰਭਾਕਰ ਕਪਿਲ ਸ਼ਰਮਾ ਸ਼ੋਅ ਦਾ ਇਸਦੇ ਸ਼ੁਰੂਆਤੀ ਚਰਨ ਤੋਂ ਹੀ ਪ੍ਰਭਾਵੀ ਹਿੱਸਾ ਰਹੇ ਹਨ, ਜੋ ਕਾਮੇਡੀਅਨ ਕਪਿਲ ਸ਼ਰਮਾ ਦੇ ਜਿਗਰੀ ਦੋਸਤ ਮੰਨੇ ਜਾਂਦੇ ਰਹੇ ਹਨ, ਜਿੰਨ੍ਹਾਂ ਦੋਹਾਂ ਦਾ ਸਾਥ ਕਈ ਦਹਾਕਿਆ ਤੱਕ ਟੀਵੀ ਖੇਤਰ ਵਿੱਚ ਨਵੇਂ ਅਯਾਮ ਕਾਇਮ ਕਰਨ ਵਿੱਚ ਵੀ ਸਫ਼ਲ ਰਿਹਾ, ਪਰ ਕੁਝ ਕਾਰਨਾਂ ਦੇ ਮੱਦੇਨਜ਼ਰ ਦੋਹਾਂ ਦੇ ਰਿਸ਼ਤਿਆਂ 'ਚ ਆਈ ਖਟਾਸ ਹੁਣ ਜੱਗ ਜ਼ਾਹਿਰ ਹੋ ਚੁੱਕੀ ਹੈ, ਜਿਸ ਉਪਰੰਤ ਵੱਖਰੇ ਰਾਹਾਂ ਦਾ ਪਾਂਧੀ ਬਣੇ ਚੰਦਨ ਪ੍ਰਭਾਕਰ ਹੁਣ ਅਪਣੇ ਨਵੇਂ ਸਫ਼ਰ ਦਾ ਆਨੰਦ ਮਾਣਨ ਲਈ ਪੂਰੀ ਤਰ੍ਹਾਂ ਤਿਆਰ ਹਨ, ਜਿੰਨ੍ਹਾਂ ਦੀ ਇਸੇ ਨਵੀਂ ਜਰਨੀ ਦਾ ਅਹਿਸਾਸ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਉਕਤ ਸ਼ੋਅ, ਜਿਸ ਦੀ ਸ਼ੁਰੂਆਤ ਵੀ ਉਸੇ ਸੋਨੀ ਚੈੱਨਲ ਉਤੇ ਹੋਣ ਜਾ ਰਹੀ ਹੈ, ਜਿਸ ਨੇ ਕਪਿਲ ਸ਼ਰਮਾ ਨੂੰ ਸ਼ੁਰੂਆਤੀ ਪਹਿਚਾਣ ਅਤੇ ਮੁਕਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ।
ਇਹ ਵੀ ਪੜ੍ਹੋ: