ਚੰਡੀਗੜ੍ਹ: ਹਾਲ ਹੀ ਦੇ ਦਿਨਾਂ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਸੁੱਚਾ ਸੂਰਮਾ' ਦੀ ਅਪਾਰ ਸਫਲਤਾ ਨੇ ਅਦਾਕਾਰ ਅਤੇ ਗਾਇਕ ਬੱਬੂ ਮਾਨ ਦੇ ਉਤਸ਼ਾਹ ਅਤੇ ਆਤਮ ਵਿਸ਼ਵਾਸ ਵਿੱਚ ਕਾਫ਼ੀ ਇਜ਼ਾਫਾ ਕਰ ਦਿੱਤਾ ਹੈ, ਜਿੰਨ੍ਹਾਂ ਆਪਣੀ ਇੱਕ ਹੋਰ ਹਿੱਟ ਰਹੀ ਫਿਲਮ 'ਹਸ਼ਰ 2' ਦੇ ਸੀਕਵਲ ਨੂੰ ਸਾਹਮਣੇ ਲਿਆਉਣ ਦਾ ਇਸ਼ਾਰਾ ਕਰ ਦਿੱਤਾ ਹੈ, ਜਿਸ ਦਾ ਜਲਦ ਹੀ ਐਲਾਨ ਹੋ ਜਾਵੇਗਾ।
'ਸਾਗਾ ਸਟੂਡੀਓਜ਼' ਦੁਆਰਾ ਨਿਰਮਿਤ ਅਤੇ ਅਮਿਤੋਜ਼ ਮਾਨ ਦੁਆਰਾ ਨਿਰਦੇਸ਼ਤ ਪੰਜਾਬੀ ਫਿਲਮ 'ਸੁੱਚਾ ਸੂਰਮਾ' ਆਲਮੀ ਪੱਧਰ ਉੱਪਰ ਵਧੀਆ ਪ੍ਰਦਰਸ਼ਨ ਕਰਦੇ ਹੋਏ ਅਪਣੇ ਤੀਜੇ ਸ਼ਾਨਦਾਰ ਹਫ਼ਤੇ ਵਿੱਚ ਦਾਖਲ ਹੋ ਗਈ ਹੈ।
ਦੁਨੀਆ ਭਰ ਦੇ ਲਗਭਗ 450 ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਅਤੇ ਲਗਭਗ 12 ਕਰੋੜ ਦੇ ਬਜਟ ਵਿੱਚ ਬਣੀ ਇਹ ਫਿਲਮ 20 ਕਰੋੜ ਦਾ ਅੰਕੜਾ ਪਾਰ ਕਰਨ ਵੱਲ ਵੱਧ ਚੁੱਕੀ ਹੈ, ਜਿਸ ਦੀ ਅਪਾਰ ਕਾਮਯਾਬੀ ਨੇ ਅਮਿਤੋਜ਼ ਮਾਨ, ਬੱਬੂ ਮਾਨ ਅਤੇ 'ਸਾਗਾ ਸਟੂਡੀਓਜ਼' ਨੂੰ ਕ੍ਰਮਵਾਰ ਪ੍ਰਮੁੱਖ ਨਿਰਦੇਸ਼ਕਾਂ, ਸਿਨੇਮਾ ਸਿਤਾਰਿਆਂ ਅਤੇ ਫਿਲਮ ਸਟੂਡੀਓਜ਼ ਦੀ ਕਤਾਰ ਵਿੱਚ ਲਾ ਖੜ੍ਹਾ ਕੀਤਾ ਹੈ।
ਹਾਲੀਆ ਸਮੇਂ ਦੇ ਦੌਰਾਨ ਰਿਲੀਜ਼ ਹੋਈ ਅਪਣੀ ਫਿਲਮ 'ਵਣਜ਼ਾਰਾ: ਦਾ ਟਰੱਕ ਡਰਾਈਵਰ' ਦੀ ਨਾਕਾਮਯਾਬੀ ਨਾਲ ਨਿਰਾਸ਼ ਰਹੇ ਅਦਾਕਾਰ ਅਤੇ ਗਾਇਕ ਬੱਬੂ ਮਾਨ ਨੂੰ ਉਕਤ ਫਿਲਮ ਦੀ ਕਾਮਯਾਬੀ ਨੇ ਨਵੇਂ ਜੋਸ਼ ਨਾਲ ਲਬਰੇਜ਼ ਕਰ ਦਿੱਤਾ ਹੈ, ਜੋ ਅਪਣੀਆਂ ਅਗਲੀਆਂ ਫਿਲਮਾਂ ਦੀ ਚੋਣ ਪ੍ਰਤੀ ਵੀ ਗੰਭੀਰਤਾ ਭਰਿਆ ਰੁਖ਼ ਅਖ਼ਤਿਆਰ ਕਰਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਵੱਲੋਂ ਇਸ ਦਿਸ਼ਾ ਵਿੱਚ ਪਿਛਲੀਆਂ ਸਿਨੇਮਾ ਗਲਤੀਆਂ ਨੂੰ ਨਾ ਦੁਹਰਾਉਣ ਦੀ ਅਪਣਾਈ ਜਾ ਰਹੀ ਪਰਪੱਕਤਾ ਭਰੀ ਸੋਚ ਦਾ ਇਜ਼ਹਾਰ ਕਰਵਾ ਰਹੀ ਹੈ, ਉਨ੍ਹਾਂ ਦੀ ਨਵੀਂ ਅਤੇ ਆਨ ਫਲੌਰ ਪੜਾਅ ਦਾ ਹਿੱਸਾ ਬਣੀ ਸ਼ੌਂਕੀ ਸਰਦਾਰ ਵੀ ਕਰਵਾ ਰਹੀ ਹੈ, ਜਿਸ ਨੂੰ ਬੇਹੱਦ ਨਿਵੇਕਲੇ ਸੈਟਅੱਪ ਅਤੇ ਕਹਾਣੀ ਸਾਰ ਅਧੀਨ ਬਣਾਇਆ ਜਾ ਰਿਹਾ ਹੈ।
ਓਧਰ ਜੇਕਰ ਸਾਲ 2008 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਹਸ਼ਰ' ਦੀ ਗੱਲ ਕੀਤੀ ਜਾਵੇ ਤਾਂ ਇਸ ਰੁਮਾਂਟਿਕ ਡਰਾਮਾ ਅਤੇ ਐਕਸ਼ਨ ਫਿਲਮ ਦਾ ਨਿਰਦੇਸ਼ਨ ਗੌਰਵ ਤ੍ਰੇਹਨ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਦੁਆਰਾ ਆਹਲਾ ਸਿਨੇਮਾ ਮਾਪਦੰਡਾਂ ਅਧੀਨ ਬਣਾਈ ਗਈ ਇਸ ਫਿਲਮ ਵਿੱਚ ਬੱਬੂ ਮਾਨ ਅਤੇ ਗੁਰਲੀਨ ਚੋਪੜਾ ਲੀਡ ਜੋੜੀ ਵਜੋਂ ਨਜ਼ਰ ਆਏ, ਜਿੰਨ੍ਹਾਂ ਤੋਂ ਇਲਾਵਾ ਮਹਿਮਾ ਮਹਿਤਾ, ਸਤਵੰਤ ਕੌਰ, ਡੈਵੀ ਸਿੰਘ, ਰਾਣਾ ਰਣਬੀਰ, ਕਰਤਾਰ ਚੀਮਾ, ਵਿਕਟਰ ਜੌਹਨ ਦੁਆਰਾ ਵੀ ਲੀਡਿੰਗ ਕਿਰਦਾਰ ਅਦਾ ਕੀਤੇ ਗਏ ਸਨ।
ਸਾਲ 2003 ਵਿੱਚ ਸਾਹਮਣੇ ਆਈ ਅਪਣੀ ਪਹਿਲੀ ਫਿਲਮ 'ਹਵਾਏਂ' ਨਾਲ ਸਿਨੇਮਾ ਖੇਤਰ ਦਾ ਪ੍ਰਭਾਵੀ ਹਿੱਸਾ ਬਣੇ ਅਦਾਕਾਰ ਅਤੇ ਗਾਇਕ ਬੱਬੂ ਮਾਨ ਦੇ ਕਰੀਅਰ ਦੀ ਵੱਡੀ ਹਿੱਟ ਰਹੀ ਹੈ 'ਹਸ਼ਰ', ਜਿਸ ਤੋਂ ਬਾਅਦ ਹੁਣ 'ਸੁੱਚਾ ਸੂਰਮਾ' ਨੇ ਹੀ ਉਨ੍ਹਾਂ ਦੇ ਕਰੀਅਰ ਨੂੰ ਉੱਚ ਗ੍ਰਾਫ਼ ਦੇਣ ਵਿੱਚ ਸਫਲਤਾ ਹਾਸਲ ਕੀਤੀ ਹੈ, ਜਿਸ ਦੀ ਤਾਂਘ ਉਹ ਪਿਛਲੇ ਲੰਮੇਂ ਸਮੇਂ ਤੋਂ ਕਰਦੇ ਆ ਰਹੇ ਹਨ।
ਇਹ ਵੀ ਪੜ੍ਹੋ: