ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਕਵੀ ਰਾਜ ਦੁਆਰਾ ਨਿਰਦੇਸ਼ਿਤ 'ਸਰਾਭਾ' ਨਾਲ ਇੰਨੀਂ-ਦਿਨੀਂ ਮੁੜ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ ਅਦਾਕਾਰਾ ਜਸਪਿੰਦਰ ਚੀਮਾ, ਜੋ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਆਫ ਬੀਟ ਪ੍ਰੋਜੈਕਟਾਂ ਵਿੱਚ ਆਪਣੀ ਪ੍ਰਭਾਵੀ ਮੌਜੂਦਗੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਏਗੀ।
ਮਹਾਨ ਸੂਰਵੀਰ ਰਹੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ, ਸੰਘਰਸ਼ ਅਤੇ ਆਜ਼ਾਦੀ ਦੀ ਲੜਾਈ ਵਿੱਚ ਉਨ੍ਹਾਂ ਵੱਲੋਂ ਪਾਏ ਸੰਘਰਸ਼ ਨੂੰ ਪ੍ਰਤੀਬਿੰਬ ਕਰਦੀ ਉਕਤ ਫਿਲਮ ਵਿੱਚ ਗੁਲਾਬ ਕੌਰ ਦਾ ਕਿਰਦਾਰ ਨਿਭਾ ਫਿਲਮੀ ਗਲਿਆਰਿਆਂ ਵਿੱਚ ਮੁੜ ਆਪਣੀ ਚੌਖੀ ਭੱਲ ਸਥਾਪਿਤ ਕਰਨ ਵਿੱਚ ਸਫਲ ਰਹੀ ਹੈ ਬਿਹਤਰੀਨ ਅਦਾਕਾਰਾ ਜਸਪਿੰਦਰ ਚੀਮਾ, ਜਿੰਨ੍ਹਾਂ ਅਨੁਸਾਰ ਦੇਸ਼-ਪ੍ਰੇਮ ਜਜ਼ਬਾਤਾਂ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਦਾ ਹਿੱਸਾ ਬਣਨਾ ਅਤੇ ਇੱਕ ਮਹੱਤਵਪੂਰਨ ਰਹੀ ਸ਼ਖਸ਼ੀਅਤ ਦਾ ਕਿਰਦਾਰ ਅਦਾ ਕਰਨਾ ਉਨ੍ਹਾਂ ਦੇ ਲਈ ਬੇਹੱਦ ਮਾਣ ਵਾਲੀ ਗੱਲ ਰਹੀ ਹੈ, ਜਿਸ ਦੇ ਮੱਦੇਨਜ਼ਰ ਉਸ ਨੂੰ ਦਰਸ਼ਕਾਂ ਦਾ ਜੋ ਪਿਆਰ-ਸਨੇਹ ਮਿਲ ਰਿਹਾ ਹੈ, ਉਸ ਦੀ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਲਾਗਲੇ ਇਤਿਹਾਸਿਕ ਅਤੇ ਧਾਰਮਿਕ ਨਗਰ ਬਟਾਲਾ ਨਾਲ ਸੰਬੰਧਿਤ ਹੈ ਇਹ ਬਾਕਮਾਲ ਅਦਾਕਾਰਾ, ਜਿੰਨ੍ਹਾਂ ਆਪਣੇ ਅਦਾਕਾਰੀ ਸਫ਼ਰ ਦਾ ਆਗਾਜ਼ ਰੰਗਮੰਚ ਤੋਂ ਕੀਤਾ, ਜਿਸ ਦੌਰਾਨ ਉਨ੍ਹਾਂ ਥੀਏਟਰ ਜਗਤ ਦੀਆਂ ਕਈ ਮੰਨੀਆਂ ਪ੍ਰਮੰਨੀਆਂ ਸ਼ਖਸੀਅਤਾਂ ਦੀ ਰਹਿਨੁਮਾਈ ਅਤੇ ਨਿਰਦੇਸ਼ਨਾਂ ਹੇਠ ਅਦਾਕਾਰੀ ਕਰਨ ਦਾ ਅਨੁਭਵ ਹਾਸਲ ਕੀਤਾ, ਜਿਸ ਸੰਬੰਧੀ ਅਪਣੇ ਸੰਘਰਸ਼ੀ ਪੜਾਅ ਵੱਲ ਨਜ਼ਰਸਾਨੀ ਕਰਵਾਉਂਦਿਆਂ ਇਸ ਪ੍ਰਤਿਭਾਸ਼ਾਲੀ ਅਦਾਕਾਰਾ ਨੇ ਦੱਸਿਆ "ਅਦਾਕਾਰੀ ਦਾ ਸ਼ੌਂਕ ਬਚਪਨ ਤੋਂ ਹੀ ਸੀ, ਜਿਸ ਨੂੰ ਅਸਲ ਪ੍ਰਪੱਕਤਾ ਸਕੂਲ ਅਤੇ ਕਾਲਜ ਪੜਾਈ ਦੌਰਾਨ ਮਿਲੀ, ਜਿਸ ਦੌਰਾਨ ਯੂਥ ਫੈਸਟੀਵਲ, ਪਲੇਅ ਆਦਿ ਦਾ ਹਿੱਸਾ ਬਨਣਾ ਹਮੇਸ਼ਾ ਪਹਿਲੀ ਤਰਜ਼ੀਹ ਵਿੱਚ ਰਹਿੰਦਾ ਸੀ, ਹਾਲਾਂਕਿ ਇਸ ਦੇ ਨਾਲ-ਨਾਲ ਪੜਾਈ ਨੂੰ ਵੀ ਕਦੇ ਨਜ਼ਰ-ਅੰਦਾਜ਼ ਨਹੀਂ ਕੀਤਾ ਅਤੇ ਹਰ ਵਾਰ ਅੱਵਲ ਨਤੀਜਿਆਂ ਨਾਲ ਹੀ ਮਾਪਿਆਂ ਦਾ ਮਾਣ ਵੀ ਵਧਾਉਂਦੀ ਰਹੀ ਹਾਂ, ਜਿਸ ਦਾ ਨਤੀਜਾ ਇਹ ਰਿਹਾ ਕਿ ਮਾਤਾ ਪਿਤਾ ਨੇ ਵੀ ਮੇਰੀਆਂ ਕਲਾ ਖੇਤਰ ਵਿੱਚ ਕੁਝ ਕਰ ਗੁਜ਼ਰਣ ਦੀਆਂ ਆਸ਼ਾਵਾਂ ਨੂੰ ਕਦੇ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਹਰ ਕਦਮ 'ਤੇ ਭਰਪੂਰ ਹੌਂਸਲੇ ਨਾਲ ਨਿਵਾਜਿਆ, ਜਿਸ ਸਦਕਾ ਹੀ ਇਸ ਖਿੱਤੇ ਵਿੱਚ ਅਪਣੇ ਸੁਫਨਿਆਂ ਨੂੰ ਤਾਬੀਰ ਦੇ ਸਕੀ ਹਾਂ।"
'ਮਿਸ ਪੀਟੀਸੀ ਪੰਜਾਬਣ' 2008 ਦਾ ਖਿਤਾਬ ਅਪਣੀ ਝੋਲੀ ਪਾ ਚੁੱਕੀ ਇਸ ਬਿਹਤਰੀਨ ਅਦਾਕਾਰਾ ਨੇ ਸਾਲ 2010 ਵਿੱਚ ਰਿਲੀਜ਼ ਹੋਈ ਅਮਰਿੰਦਰ ਗਿੱਲ ਸਟਾਰਰ ਅਤੇ ਮਨਮੋਹਨ ਸਿੰਘ ਜਿਹੇ ਅਜ਼ੀਮ ਫਿਲਮਕਾਰ ਵੱਲੋਂ ਨਿਰਦੇਸ਼ਿਤ 'ਇੱਕ ਕੁੜੀ ਪੰਜਾਬ ਦੀ' ਨਾਲ ਪਾਲੀਵੁੱਡ 'ਚ ਪ੍ਰਭਾਵੀ ਦਸਤਕ ਦਿੱਤੀ, ਜਿਸ ਵਿੱਚ ਉਨ੍ਹਾਂ ਦੀ ਮਨ ਨੂੰ ਮੋਹ ਲੈਣ ਵਾਲੀ ਪ੍ਰਭਾਵੀ ਅਦਾਕਾਰੀ ਨੂੰ ਚਾਰੇ-ਪਾਸੇ ਤੋਂ ਭਰਵੀਂ ਸਲਾਹੁਤਾ ਮਿਲੀ, ਜਿਸ ਉਪਰੰਤ ਉਨ੍ਹਾਂ ਕਈ ਹੋਰ ਅਰਥ-ਭਰਪੂਰ ਪੰਜਾਬੀ ਫਿਲਮਾਂ ਵਿੱਚ ਵੀ ਅਪਣੀ ਆਹਲਾ ਅਦਾਕਾਰੀ ਕਲਾ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਇਆ, ਜਿੰਨ੍ਹਾਂ ਵਿੱਚ 'ਸਲੂਟ', 'ਸਾਵੀ' ਅਤੇ 'ਗੇਲੋ' ਸ਼ਾਮਿਲ ਰਹੀਆਂ ਹਨ।
- ਦਿਓਲ ਤੋਂ ਲੈ ਕੇ ਖਾਨ ਤੱਕ, ਬਾਲੀਵੁੱਡ ਵਿੱਚ ਹਿੱਟ ਹੈ ਇਹਨਾਂ ਭਰਾਵਾਂ ਦੀ ਜੋੜੀ - National Brothers Day 2024
- 17 ਸਾਲ ਬਾਅਦ ਪ੍ਰੀਟੀ ਜ਼ਿੰਟਾ ਨੇ ਕਾਨਸ 'ਚ ਬਿਖੇਰਿਆ ਜਲਵਾ, 'ਡਿੰਪਲ ਗਰਲ' ਦੇ ਲੁੱਕ ਨੂੰ ਦੇਖ ਕੇ ਫਿਦਾ ਹੋਏ ਫੈਨਜ਼ - Preity Zinta
- ਬੇਬੀ ਬੰਪ 'ਤੇ ਟ੍ਰੋਲਿੰਗ ਦਾ ਸਾਹਮਣਾ ਕਰਨ ਤੋਂ ਬਾਅਦ ਦੀਪਿਕਾ ਪਾਦੂਕੋਣ ਦੀ ਪਹਿਲੀ ਪੋਸਟ, ਬੋਲੀ-ਮੈਂ ਲਾਈਵ ਆ ਰਹੀ ਹਾਂ - Deepika Padukone
ਲਗਭਗ ਡੇਢ ਦਹਾਕੇ ਦੇ ਕਰੀਅਰ ਦੌਰਾਨ ਚੁਣਿੰਦਾ ਫਿਲਮਾਂ ਦਾ ਹੀ ਹਿੱਸਾ ਰਹੀ ਇਸ ਸ਼ਾਨਦਾਰ ਅਦਾਕਾਰਾ ਨੇ ਪਿਛਲੇ ਕਾਫ਼ੀ ਸਮੇਂ ਤੋਂ ਅਦਾਕਾਰੀ ਖਿੱਤੇ ਤੋਂ ਦੂਰੀ ਬਣਾਈ ਹੋਈ ਹੈ ਜਿਸ ਸੰਬੰਧੀ ਆਪਣੇ ਜਜ਼ਬਾਤ ਸਾਂਝੇ ਕਰਦਿਆਂ ਦੱਸਿਆ 'ਅਦਾਕਾਰੀ ਮੇਰਾ ਸ਼ੌਂਕ ਰਹੀ ਹੈ ਅਤੇ ਇਸ ਨੂੰ ਇਸੇ ਤੱਕ ਹੀ ਸੀਮਿਤ ਰੱਖਦੀ ਆ ਰਹੀ ਹਾਂ, ਜਿਸ ਤੋਂ ਇਲਾਵਾ ਮੇਨ ਸਟਰੀਮ ਸਿਨੇਮਾ ਕਦੇ ਵੀ ਮੇਰਾ ਪਸੰਦ ਦਾ ਜੌਨਰ ਨਹੀਂ ਰਿਹਾ ਅਤੇ ਇਸੇ ਕਾਰਨ ਜਦ ਕਦੇ ਮਨਮਾਫਿਕ ਪਰਪੋਜ਼ਲ ਸਾਹਮਣੇ ਆਉਂਦਾ ਹੈ, ਤਦ ਹੀ ਉਸ ਨੂੰ ਕਰਨਾ ਸਵੀਕਾਰ ਕਰਦੀ ਹਾਂ।'
ਪੁਰਾਤਨ ਰੀਤੀ ਰਿਵਾਜਾਂ ਅਤੇ ਕਦਰਾਂ ਕੀਮਤਾਂ ਨੂੰ ਅਪਣੇ ਜੀਵਨ ਦਾ ਅਟੁੱਟ ਹਿੱਸਾ ਮੰਨਣ ਵਾਲੀ ਇਸ ਅਜ਼ੀਮ ਅਦਾਕਾਰਾ ਨੇ ਅਪਣੀਆਂ ਅਗਾਮੀ ਯੋਜਨਾਵਾਂ ਸੰਬੰਧੀ ਚਰਚਾ ਕਰਦਿਆਂ ਦੱਸਿਆ "ਜਲਦ ਹੀ ਕੁਝ ਹੋਰ ਅਲਹਦਾ ਪ੍ਰੋਜੈਕਟਸ ਦਾ ਵੀ ਹਿੱਸਾ ਬਣਨ ਜਾ ਰਹੀ ਹਾਂ, ਜਿੰਨ੍ਹਾਂ ਵਿੱਚ ਵੀ ਪੰਜਾਬ ਦੇ ਅਸਲ ਅਤੇ ਠੇਠ ਪੇਂਡੂ ਜਨਜੀਵਨ ਅਤੇ ਸਮਾਜਿਕ ਸਰੋਕਾਰਾਂ ਦੀ ਤਰਜ਼ਮਾਨੀ ਕਰਦੇ ਕਿਰਦਾਰਾਂ ਦੁਆਰਾ ਹੀ ਦਰਸ਼ਕਾਂ ਦੇ ਸਨਮੁੱਖ ਹੋਵਾਂਗੀ।"