ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਸੰਗੀਤ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਅਤੇ ਸਫ਼ਲ ਮੁਕਾਮ ਸਥਾਪਿਤ ਕਰ ਚੁੱਕੇ ਹਨ ਅਦਾਕਾਰ ਅਤੇ ਗਾਇਕ ਰੌਸ਼ਨ ਪ੍ਰਿੰਸ, ਜੋ ਅੱਜਕੱਲ੍ਹ ਪੂਰੀ ਤਰ੍ਹਾਂ ਰੂਹਾਨੀਅਤ ਦੇ ਰੰਗਾਂ ਵਿੱਚ ਰੰਗੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਦੀ ਇਸੇ ਧਾਰਮਿਕ ਬਿਰਤੀ ਦਾ ਅਹਿਸਾਸ ਕਰਵਾ ਰਿਹਾ ਹੈ ਉਨ੍ਹਾਂ ਦੁਆਰਾ ਆਰੰਭਿਆ ਗਿਆ ਉੱਤਰਾਖੰਡ ਦੌਰਾ, ਜਿਸ ਦੌਰਾਨ ਉਹ ਰਿਸ਼ੀਕੇਸ਼ ਦੇ ਗੰਗਾਘਾਟ ਵਿਖੇ ਵੀ ਉਚੇਚੇ ਤੌਰ ਉਤੇ ਨਤਮਸਤਕ ਹੋਏ ਅਤੇ ਇੱਥੋਂ ਦੇ ਪਾਣੀਆਂ ਨੂੰ ਪ੍ਰਣਾਮ ਕਰਦਿਆਂ ਅਪਣੀ ਇਸ ਧਾਰਮਿਕ ਆਸਥਾ ਦਾ ਪ੍ਰਗਟਾਵਾ ਕੀਤਾ।
ਦਿੱਲੀ ਵਿਖੇ ਹਾਲ ਹੀ ਵਿੱਚ ਸੰਪੰਨ ਹੋਏ ਸ਼੍ਰੀ ਬਾਲਾਜੀ ਮਹੋਤਸਵ ਦਾ ਬਤੌਰ ਗਾਇਕ ਅਹਿਮ ਹਿੱਸਾ ਰਹੇ ਰੌਸ਼ਨ ਪ੍ਰਿੰਸ ਦੀ ਧਾਰਮਿਕ ਗਾਇਕੀ ਖਾਸ ਕਰ ਭਜਨਾਂ ਦੀ ਦੁਨੀਆਂ ਵਿੱਚ ਅੱਜਕੱਲ੍ਹ ਪੂਰੀ ਤੂਤੀ ਬੋਲ ਰਹੀ ਹੈ, ਜੋ ਸ਼੍ਰੀ ਖਾਟੂ ਸ਼ਿਆਮ ਦੇ ਦੁਆਰਿਆਂ ਅਤੇ ਗਲਿਆਰਿਆਂ ਵਿੱਚ ਵੀ ਅਪਣਾ ਅਧਾਰ ਦਾਇਰਾ ਕਾਫ਼ੀ ਵਿਸ਼ਾਲ ਕਰਦੇ ਜਾ ਰਹੇ ਹਨ, ਜਿੰਨ੍ਹਾਂ ਦੀ ਭਜਨ ਸ਼ੈਲੀ ਨੂੰ ਭਗਤਜਨਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਦਾ ਇਜ਼ਹਾਰ ਉਨ੍ਹਾਂ ਵੱਲੋਂ ਲਗਾਤਾਰਤਾ ਨਾਲ ਜਾਰੀ ਕੀਤੇ ਜਾ ਰਹੇ ਭਜਨ ਐਲਬਮ ਵੀ ਕਰਵਾ ਰਹੇ ਹਨ।
ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਦੇ ਤੌਰ ਉਤੇ ਸਾਲ 2023 ਦੀ ਤਰ੍ਹਾਂ 2024 ਵੀ ਉਨ੍ਹਾਂ ਲਈ ਕੋਈ ਬਹੁਤਾ ਵਧੀਆ ਸਾਬਿਤ ਨਹੀਂ ਹੋਇਆ, ਜਿੰਨ੍ਹਾਂ ਦੀ ਇਸ ਖਿੱਤੇ ਵਿੱਚ ਘੱਟ ਰਹੀ ਦਰਸ਼ਕ ਪ੍ਰਵਾਨਤਾ ਦਾ ਪ੍ਰਗਟਾਵਾ ਬੈਕ-ਟੂ-ਬੈਕ ਅਸਫ਼ਲ ਰਹੀਆਂ ਉਨ੍ਹਾਂ ਦੀਆਂ ਕਈ ਪੰਜਾਬੀ ਫਿਲਮਾਂ ਕਰਵਾ ਚੁੱਕੀਆਂ ਹਨ, ਜਿਸ ਵਿੱਚ 'ਸਰਦਾਰਾ ਐਂਡ ਸੰਨਜ਼', 'ਜੀ ਵਾਈਫ ਜੀ', 'ਬੂ ਮੈਂ ਡਰ ਗਈ', 'ਬਿਨ੍ਹਾਂ ਬੈਂਡ ਚੱਲ ਇੰਗਲੈਂਡ' ਆਦਿ ਸ਼ੁਮਾਰ ਰਹੀਆਂ ਹਨ।
ਸਦਾ ਬਹਾਰ ਗਾਇਕੀ ਦੀ ਤਰਜ਼ਮਾਨੀ ਕਰਦੇ ਬੇਸ਼ੁਮਾਰ ਦਿਲ ਟੁੰਬਵੇਂ ਗਾਣਿਆ ਨੂੰ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰ ਚੁੱਕੇ ਗਾਇਕ ਰੌਸ਼ਨ ਪ੍ਰਿੰਸ ਇੰਨੀ ਦਿਨੀਂ ਕਮਰਸ਼ਿਅਲ ਗਾਇਕੀ ਨੂੰ ਸਾਈਡ ਲਾਈਨ ਕਰਦੇ ਜਾ ਰਹੇ ਹਨ, ਜਿੰਨ੍ਹਾਂ ਦੀ ਇਸ ਪਾਸੇ ਘੱਟ ਰਹੀ ਸਰਗਰਮੀ ਦਾ ਕਾਰਨ ਧਾਰਮਿਕ ਖੇਤਰ ਵਿੱਚ ਉਨ੍ਹਾਂ ਦੀ ਵੱਧ ਰਹੀ ਮਸ਼ਰੂਫੀਅਤ ਅਤੇ ਵਿਸ਼ਾਲ ਰੂਪ ਅਤੇ ਰੁਖ ਅਖ਼ਤਿਆਰ ਕਰ ਚੁੱਕੀ ਭਜਨ ਗਾਇਕੀ ਲੋਕਪ੍ਰਿਯਤਾ ਨੂੰ ਵੀ ਮੰਨਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: