ਚੰਡੀਗੜ੍ਹ: ਦੁਨੀਆਂ ਭਰ 'ਚ ਅਪਣੀ ਨਾਯਾਬ ਗਾਇਕੀ ਦਾ ਲੋਹਾ ਮੰਨਵਾ ਰਹੇ ਸਟਾਰ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਜਲਦ ਹੀ ਅਪਣੀ ਸ਼ੁਰੂ ਹੋਣ ਜਾ ਰਹੀ ਨਵੀਂ ਹਿੰਦੀ ਫਿਲਮ 'ਬਾਰਡਰ 2' ਦੀ ਸ਼ੂਟਿੰਗ ਦਾ ਹਿੱਸਾ ਬਣਨ ਜਾ ਰਹੇ ਹਨ, ਜਿੰਨ੍ਹਾਂ ਦੀ ਇਸ ਬਹੁ-ਚਰਚਿਤ ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰਨਗੇ, ਜੋ ਇਸ ਤੋਂ ਪਹਿਲਾਂ 'ਕੇਸਰੀ' ਜਿਹੀ ਸੁਪਰ ਡੁਪਰ ਹਿੱਟ ਫਿਲਮ ਨਿਰਦੇਸ਼ਿਤ ਕਰਨ ਦਾ ਵੀ ਮਾਣ ਅਪਣੀ ਝੋਲੀ ਪਾ ਚੁੱਕੇ ਹਨ।
'ਟੀ-ਸੀਰੀਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ ਵੱਡੇ ਬਜਟ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਪਹਿਲੇ ਪੜ੍ਹਾਅ ਅਧੀਨ ਉੱਤਰਾਖੰਡ ਦੇ ਦੇਹਰਾਦੂਨ ਹਿੱਸਿਆਂ ਵਿੱਚ ਫਿਲਮਾਈ ਜਾਵੇਗੀ, ਜਿਸ ਲਈ ਪ੍ਰੀ-ਪ੍ਰੋਡੋਕਸ਼ਨ ਤਿਆਰੀਆਂ ਨੂੰ ਤੇਜ਼ੀ ਨਾਲ ਅਤੇ ਵੱਡੇ ਪੱਧਰ ਉੱਪਰ ਅੰਜ਼ਾਮ ਦਿੱਤਾ ਜਾ ਰਿਹਾ ਹੈ।
ਪੰਜਾਬੀ ਸਿਨੇਮਾ ਦੀ ਹਿੱਟ ਨਿਰਦੇਸ਼ਕ-ਅਦਾਕਾਰ ਜੋੜੀ ਵਜੋਂ ਮੰਨੇ ਜਾਂਦੇ ਅਨੁਰਾਗ ਸਿੰਘ ਅਤੇ ਦਿਲਜੀਤ ਦੁਸਾਂਝ ਦੀ ਇਕੱਠਿਆਂ ਇਹ ਛੇਵੀਂ ਫਿਲਮ ਹੋਵੇਗੀ, ਜੋ ਇਸ ਤੋਂ ਪਹਿਲਾਂ 'ਜੱਟ ਐਂਡ ਜੂਲੀਅਟ', 'ਜੱਟ ਐਂਡ ਜੂਲੀਅਟ 2', 'ਡਿਸਕੋ ਸਿੰਘ', 'ਸੁਪਰ ਸਿੰਘ', 'ਪੰਜਾਬ 1984' 'ਚ ਵੀ ਅਪਣੀ ਸ਼ਾਨਦਾਰ ਕੈਮਿਸਟਰੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾ ਚੁੱਕੇ ਹਨ।
ਬਾਲੀਵੁੱਡ ਦੀ ਵੱਡੀ ਫਿਲਮ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਉਕਤ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਰੋਲ ਅਦਾ ਕਰਨ ਜਾ ਰਹੇ ਹਨ ਦਿਲਜੀਤ ਦੁਸਾਂਝ, ਜੋ ਸੰਨੀ ਦਿਓਲ, ਵਰੁਣ ਧਵਨ ਅਤੇ ਅਹਾਨ ਸ਼ੈੱਟੀ ਵਰਗੇ ਹਿੰਦੀ ਸਿਨੇਮਾ ਸਟਾਰਜ਼ ਨਾਲ ਵੀ ਪਹਿਲੀ ਵਾਰ ਅਪਣੀ ਪ੍ਰਭਾਵੀ ਸਕ੍ਰੀਨ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੇ ਹਨ।
ਸਾਲ 1997 ਵਿੱਚ ਰਿਲੀਜ਼ ਹੋਈ ਅਤੇ ਅਜ਼ੀਮ ਨਿਰਦੇਸ਼ਕ ਜੇਪੀ ਦੱਤਾ ਵੱਲੋਂ ਨਿਰਦੇਸ਼ਿਤ ਕੀਤੀ ਸਫਲਤਮ 'ਬਾਰਡਰ' ਦੇ ਸੀਕਵਲ ਦੇ ਰੂਪ ਵਿੱਚ ਬਣਾਈ ਜਾ ਰਹੀ ਉਕਤ ਫਿਲਮ 23 ਜਨਵਰੀ 2026 ਨੂੰ ਗਣਤੰਤਰ ਦਿਵਸ ਦੇ ਮੌਕੇ 'ਤੇ ਵਰਲਡ-ਵਾਈਡ ਰਿਲੀਜ਼ ਕੀਤੀ ਜਾਵੇਗੀ।
ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਅਪਾਰ ਕਾਮਯਾਬੀ ਹਾਸਿਲ ਕਰਨ ਵਾਲੀ 'ਜੱਟ ਐਂਡ ਜੂਲੀਅਟ 3' ਤੋਂ ਬਾਅਦ ਸੈੱਟ ਤੋਂ ਜਾ ਰਹੀ ਦਿਲਜੀਤ ਦੁਸਾਂਝ ਦੀ ਉਕਤ ਪਹਿਲੀ ਨਵੀਂ ਫਿਲਮ ਹੋਵੇਗੀ, ਜੋ 'ਦਿਲ ਲੂਮਿਨਾਟੀ' ਟੂਰ ਪੜਾਵਾਂ ਦੇ ਦਰਮਿਆਨ ਹੀ ਉਨ੍ਹਾਂ ਵੱਲੋਂ ਸ਼ੂਟ ਕੀਤੀ ਜਾਵੇਗੀ।
ਇਹ ਵੀ ਪੜ੍ਹੋ: