ਨਵੀਂ ਦਿੱਲੀ: L&T ਦੇ ਚੇਅਰਮੈਨ ਐਸਐਨ ਸੁਬਰਾਮਨੀਅਨ ਨੇ ਕਿਹਾ ਕਿ ਕਰਮਚਾਰੀਆਂ ਨੂੰ ਹਫ਼ਤੇ ਵਿੱਚ 90 ਘੰਟੇ ਕੰਮ ਕਰਨਾ ਚਾਹੀਦਾ ਹੈ ਅਤੇ ਐਤਵਾਰ ਨੂੰ ਵੀ ਕੰਮ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ। ਉਨ੍ਹਾਂ ਦੇ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ। ਸੁਬਰਾਮਣੀਅਨ ਨੂੰ ਕਥਿਤ ਵੀਡੀਓ ਵਿੱਚ ਆਪਣੇ ਕਰਮਚਾਰੀਆਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਤੁਸੀਂ ਆਪਣੀ ਪਤਨੀ ਨੂੰ ਕਿੰਨੀ ਦੇਰ ਤੱਕ ਦੇਖ ਸਕਦੇ ਹੋ। ਵੀਡੀਓ ਵਿੱਚ ਉਨ੍ਹਾਂ ਨੇ ਕਰਮਚਾਰੀਆਂ ਨੂੰ ਘਰ ਵਿੱਚ ਘੱਟ ਅਤੇ ਦਫਤਰ ਵਿੱਚ ਜ਼ਿਆਦਾ ਸਮਾਂ ਬਿਤਾਉਣ ਲਈ ਕਿਹਾ ਹੈ।
ਐਸਐਨ ਸੁਬਰਾਮਨੀਅਨ ਨੇ ਬਹਿਸ ਨੂੰ ਮੁੜ ਕੀਤਾ ਸੁਰਜੀਤ
ਉਨ੍ਹਾਂ ਦੇ ਸ਼ਬਦਾਂ ਨੇ ਕੰਮ-ਜੀਵਨ ਸੰਤੁਲਨ 'ਤੇ ਬਹਿਸ ਨੂੰ ਮੁੜ ਸੁਰਜੀਤ ਕੀਤਾ ਹੈ। ਇਹ ਬਹਿਸ ਸਭ ਤੋਂ ਪਹਿਲਾਂ ਇਨਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਦੇ 70 ਘੰਟੇ ਦੇ ਕੰਮ ਦੇ ਹਫ਼ਤੇ ਦੇ ਸੁਝਾਅ ਨਾਲ ਸ਼ੁਰੂ ਹੋਈ ਸੀ। ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਵੀਡੀਓ 'ਚ ਸੁਬਰਾਮਨੀਅਨ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਮੈਨੂੰ ਅਫਸੋਸ ਹੈ ਕਿ ਮੈਂ ਤੁਹਾਨੂੰ ਐਤਵਾਰ ਨੂੰ ਕੰਮ 'ਤੇ ਨਹੀਂ ਲਿਆ ਸਕਿਆ। ਜੇਕਰ ਮੈਂ ਤੁਹਾਨੂੰ ਐਤਵਾਰ ਨੂੰ ਕੰਮ 'ਤੇ ਲਿਆ ਸਕਦਾ ਹਾਂ ਤਾਂ ਮੈਨੂੰ ਜ਼ਿਆਦਾ ਖੁਸ਼ੀ ਹੋਵੇਗੀ, ਕਿਉਂਕਿ ਮੈਂ ਐਤਵਾਰ ਨੂੰ ਵੀ ਕੰਮ ਕਰਦਾ ਹਾਂ।
ਉਨ੍ਹਾਂ ਨੇ ਅੱਗੇ ਕਿਹਾ ਕਿ ਤੁਸੀਂ ਘਰ ਬੈਠੇ ਕੀ ਕਰਦੇ ਹੋ? ਤੁਸੀਂ ਆਪਣੀ ਪਤਨੀ ਨੂੰ ਕਿੰਨੀ ਦੇਰ ਤੱਕ ਦੇਖ ਸਕਦੇ ਹੋ? ਪਤਨੀਆਂ ਆਪਣੇ ਪਤੀਆਂ ਵੱਲ ਕਿੰਨਾ ਚਿਰ ਦੇਖ ਸਕਦੀਆਂ ਹਨ? ਇਹ ਸਭ ਛੱਡੋ, ਦਫ਼ਤਰ ਆ ਕੇ ਕੰਮ ਕਰੋ। ਸੁਬਰਾਮਣੀਅਨ ਦੀਆਂ ਟਿੱਪਣੀਆਂ ਦੀ ਸੋਸ਼ਲ ਮੀਡੀਆ 'ਤੇ ਤਿੱਖੀ ਆਲੋਚਨਾ ਹੋਈ ਹੈ। ਕੁਝ ਲੋਕਾਂ ਨੇ ਪੁੱਛਿਆ ਕਿ ਕਿੰਨਾ ਚਿਰ ਕਰਮਚਾਰੀ ਸਕ੍ਰੀਨਾਂ ਵੱਲ ਦੇਖਦੇ ਰਹਿਣਗੇ?
ਐਲਐਂਡਟੀ ਦੇ ਚੇਅਰਮੈਨ ਦਾ ਸਪੱਸ਼ਟੀਕਰਨ
ਇਸ ਤੋਂ ਤੁਰੰਤ ਬਾਅਦ ਐਲਐਂਡਟੀ ਨੇ ਸਪੱਸ਼ਟੀਕਰਨ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਚੇਅਰਮੈਨ ਦੀਆਂ ਟਿੱਪਣੀਆਂ ਦੇਸ਼ ਲਈ ਅਸਾਧਾਰਨ ਨਤੀਜੇ ਪ੍ਰਾਪਤ ਕਰਨ ਲਈ ਅਸਾਧਾਰਣ ਯਤਨ ਕਰਨ ਦੇ ਸੰਦਰਭ ਵਿੱਚ ਸਨ। ਕੰਪਨੀ ਦੇ ਬੁਲਾਰੇ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਹ ਭਾਰਤ ਦਾ ਦਹਾਕਾ ਹੈ। ਇਹ ਸਮਾਂ ਹੈ ਸਮੂਹਿਕ ਸਮਰਪਣ ਅਤੇ ਤਰੱਕੀ ਨੂੰ ਅੱਗੇ ਵਧਾਉਣ ਅਤੇ ਇੱਕ ਵਿਕਸਤ ਰਾਸ਼ਟਰ ਬਣਨ ਦੇ ਸਾਡੇ ਸਾਂਝੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਯਤਨ ਕਰਨ ਦਾ। ਉਨ੍ਹਾਂ ਨੇ ਕਿਹਾ ਕਿ L&T ਵਿਖੇ ਅਸੀਂ ਇੱਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਾਂ, ਜਿੱਥੇ ਜਨੂੰਨ, ਉਦੇਸ਼ ਅਤੇ ਪ੍ਰਦਰਸ਼ਨ ਸਾਨੂੰ ਅੱਗੇ ਲੈ ਜਾਂਦੇ ਹਨ।
Subramanian ਨੇ ਇੱਕ ਕਿੱਸਾ ਸਾਂਝਾ ਕੀਤਾ। ਉਨ੍ਹਾਂ ਨੇ ਇੱਕ ਚੀਨੀ ਵਿਅਕਤੀ ਨਾਲ ਹੋਈ ਗੱਲਬਾਤ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਮਜ਼ਬੂਤ ਕਾਰਜ ਨੈਤਿਕਤਾ ਕਾਰਨ ਚੀਨ ਅਮਰੀਕਾ ਨੂੰ ਪਛਾੜ ਸਕਦਾ ਹੈ। L&T ਦੇ ਚੇਅਰਮੈਨ ਮੁਤਾਬਕ ਚੀਨੀ ਵਿਅਕਤੀ ਨੇ ਕਿਹਾ ਕਿ ਅਸੀਂ ਹਫ਼ਤੇ ਵਿੱਚ 90 ਘੰਟੇ ਕੰਮ ਕਰਦੇ ਹਾਂ ਜਦਕਿ ਅਮਰੀਕੀ ਹਫ਼ਤੇ ਵਿੱਚ ਸਿਰਫ਼ 50 ਘੰਟੇ ਕੰਮ ਕਰਦੇ ਹਨ।
ਲੋਕਾਂ ਨੇ ਕੀਤੀਆਂ ਟਿੱਪਣੀਆਂ
ਸੁਬਰਾਮਨੀਅਨ ਨੇ ਕੰਪਨੀ ਦੇ ਕਰਮਚਾਰੀਆਂ ਨੂੰ ਇਸ ਕਾਰਜ ਵਿਵਸਥਾ ਦੀ ਪਾਲਣਾ ਕਰਨ ਲਈ ਕਿਹਾ। ਸੁਬਰਾਮਣੀਅਨ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਿਆ ਅਤੇ ਲੋਕਾਂ ਨੇ ਕੁਝ ਤਿੱਖੀਆਂ ਟਿੱਪਣੀਆਂ ਵੀ ਕੀਤੀਆਂ।
ਕਈਆਂ ਨੇ ਸਵਾਲ ਕੀਤਾ ਹੈ ਕਿ ਉੱਚ ਤਨਖਾਹ ਵਾਲੇ CEO ਵੱਖ-ਵੱਖ ਨੌਕਰੀ ਦੇ ਦਬਾਅ ਵਾਲੇ ਘੱਟ ਤਨਖਾਹ ਵਾਲੇ ਕਰਮਚਾਰੀਆਂ ਤੋਂ ਉਸੇ ਪੱਧਰ ਦੀ ਵਚਨਬੱਧਤਾ ਦੀ ਉਮੀਦ ਕਿਉਂ ਕਰਦੇ ਹਨ? ਸੁਬਰਾਮਨੀਅਨ ਦੀਆਂ ਟਿੱਪਣੀਆਂ ਨੇ ਕੰਮ-ਜੀਵਨ ਸੰਤੁਲਨ 'ਤੇ ਬਹਿਸ ਨੂੰ ਮੁੜ ਸੁਰਜੀਤ ਕੀਤਾ। ਇਹ ਮਾਮਲਾ ਪਿਛਲੇ ਸਾਲ ਜੁਲਾਈ ਵਿੱਚ ਇੱਕ 26 ਸਾਲਾ EY ਸਲਾਹਕਾਰ ਦੀ ਮੌਤ ਤੋਂ ਬਾਅਦ ਚਰਚਾ ਵਿੱਚ ਆਇਆ ਸੀ।
ਇੰਫੋਸਿਸ ਦੇ ਸਹਿ-ਸੰਸਥਾਪਕ ਮੂਰਤੀ ਨੇ ਵੀ ਕੁਝ ਮਹੀਨੇ ਪਹਿਲਾਂ ਹਫਤੇ 'ਚ 70 ਘੰਟੇ ਕੰਮ ਕਰਨ ਦੀ ਵਕਾਲਤ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਦੀ ਕੰਮ ਉਤਪਾਦਕਤਾ ਦੁਨੀਆ ਵਿੱਚ ਸਭ ਤੋਂ ਘੱਟ ਹੈ। ਮੇਰੀ ਬੇਨਤੀ ਹੈ ਕਿ ਸਾਡੇ ਨੌਜਵਾਨ ਕਹਿਣ ਇਹ ਮੇਰਾ ਦੇਸ਼ ਹੈ ਅਤੇ ਮੈਂ ਹਫ਼ਤੇ ਵਿੱਚ 70 ਘੰਟੇ ਕੰਮ ਕਰਨਾ ਚਾਹੁੰਦਾ ਹਾਂ। ਪਿਛਲੇ ਮਹੀਨੇ ਉਦਯੋਗਪਤੀ ਗੌਤਮ ਅਡਾਨੀ ਵੀ ਕੰਮ-ਜੀਵਨ ਸੰਤੁਲਨ ਬਹਿਸ ਵਿੱਚ ਸ਼ਾਮਲ ਹੋਏ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਕਿਸੇ ਨੂੰ ਪਰਿਵਾਰ ਨਾਲ ਅੱਠ ਘੰਟੇ ਬਿਤਾਉਣੇ ਪੈਣਗੇ ਤਾਂ ਜੀਵਨ ਸਾਥੀ ਛੱਡ ਜਾਵੇਗਾ।
ਉਨ੍ਹਾਂ ਨੇ ਕਥਿਤ ਤੌਰ 'ਤੇ ਕਿਹਾ ਸੀ ਕਿ ਕੰਮ-ਜੀਵਨ ਸੰਤੁਲਨ ਨਿੱਜੀ ਪਸੰਦ ਦਾ ਮਾਮਲਾ ਹੈ। ਤੁਹਾਡਾ ਕੰਮ-ਜੀਵਨ ਸੰਤੁਲਨ ਦਾ ਵਿਚਾਰ ਮੇਰੇ 'ਤੇ ਥੋਪਿਆ ਨਹੀਂ ਜਾਣਾ ਚਾਹੀਦਾ ਅਤੇ ਮੇਰਾ ਵਿਚਾਰ ਤੁਹਾਡੇ 'ਤੇ ਥੋਪਿਆ ਨਹੀਂ ਜਾਣਾ ਚਾਹੀਦਾ। ਮੰਨ ਲਓ ਕੋਈ ਪਰਿਵਾਰ ਨਾਲ ਚਾਰ ਘੰਟੇ ਬਿਤਾਉਂਦਾ ਹੈ ਅਤੇ ਇਸਦਾ ਅਨੰਦ ਲੈਂਦਾ ਹੈ ਜਾਂ ਕੋਈ ਅੱਠ ਘੰਟੇ ਬਿਤਾਉਂਦਾ ਹੈ ਅਤੇ ਇਸਦਾ ਅਨੰਦ ਲੈਂਦਾ ਹੈ। ਇਹ ਉਨ੍ਹਾਂ ਦਾ ਕੰਮ-ਜੀਵਨ ਦਾ ਸੰਤੁਲਨ ਹੈ।
ਇਹ ਵੀ ਪੜ੍ਹੋ:-