ਅਹਿਮਦਾਬਾਦ— ਗੁਜਰਾਤ ਦੇ ਅਹਿਮਦਾਬਾਦ 'ਚ ਇਕ ਵਪਾਰੀ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ 'ਚ ਗ੍ਰਿਫਤਾਰ 42 ਸਾਲਾ ਤਾਂਤਰਿਕ ਦੀ ਐਤਵਾਰ ਨੂੰ ਪੁਲਿਸ ਹਿਰਾਸਤ 'ਚ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਉਸ ਨੇ 12 ਲੋਕਾਂ ਨੂੰ ਕੈਮੀਕਲ ਨਾਲ ਭਰੀ ਸ਼ਰਾਬ ਪਿਲਾ ਕੇ ਕਤਲ ਕਰਨ ਦੀ ਗੱਲ ਕਬੂਲੀ ਹੈ।ਇਸ ਸਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ ਸਰਖੇਜ ਪੁਲਿਸ ਨੇ 3 ਦਸੰਬਰ ਨੂੰ ਕਰੀਬ 1 ਵਜੇ ਨਵਲ ਸਿੰਘ ਚਾਵੜਾ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਵਾਰਦਾਤ ਨੂੰ ਅੰਜਾਮ ਦੇਣ ਜਾ ਰਿਹਾ ਸੀ। ਉਸ ਦੇ ਟੈਕਸੀ ਕਾਰੋਬਾਰੀ ਭਾਈਵਾਲ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ। ਪੁਲਿਸ ਨੇ ਚਾਵੜਾ ਦੀਆਂ ਗੁਪਤ ਗਤੀਵਿਧੀਆਂ ਅਤੇ ਮਨੁੱਖੀ ਬਲੀ ਵਿਚ ਸੰਭਾਵਿਤ ਸ਼ਮੂਲੀਅਤ ਦੀ ਜਾਂਚ ਲਈ 10 ਦਸੰਬਰ ਨੂੰ ਦੁਪਹਿਰ 3 ਵਜੇ ਤੱਕ ਰਿਮਾਂਡ 'ਤੇ ਲਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਸਵੇਰੇ 10 ਵਜੇ ਦੇ ਕਰੀਬ ਚਾਵੜਾ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਐਂਬੂਲੈਂਸ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
12 ਕਤਲ ਕਰਨ ਦੀ ਗੱਲ ਕਬੂਲੀ
ਦਸ ਦਈਏ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ 12 ਕਤਲ ਕਰਨ ਦੀ ਗੱਲ ਕਬੂਲੀ ਅਤੇ ਸਾਰੀਆਂ ਮੌਤਾਂ ਸੋਡੀਅਮ ਨਾਈਟ੍ਰਾਈਟ ਦੇ ਸੇਵਨ ਕਾਰਨ ਹੋਈਆਂ ਹਨ। ਇਸੇ ਸਿਲਸਿਲੇ ਵਿੱਚ ਪੁਲਿਸ ਦੇ ਡਿਪਟੀ ਕਮਿਸ਼ਨਰ (ਡੀਸੀਪੀ) ਸ਼ਿਵਮ ਵਰਮਾ ਨੇ ਦੱਸਿਆ ਕਿ ਮੁਲਜ਼ਮ ਨੇ ਗੁਪਤ ਰਸਮਾਂ ਦੌਰਾਨ ਆਪਣੇ ਪੀੜਤਾਂ ਨੂੰ ਪਾਣੀ ਵਿੱਚ ਘੋਲਿਆ ਸੋਡੀਅਮ ਨਾਈਟ੍ਰਾਈਟ ਪਿਲਾ ਕੇ 12 ਕਤਲ ਕੀਤੇ। ਉਸਨੇ ਕਿਹਾ ਕਿ ਚਾਵੜਾ ਨੇ ਅਹਿਮਦਾਬਾਦ ਵਿੱਚ ਇੱਕ ਵਿਅਕਤੀ, ਸੁਰੇਂਦਰ ਨਗਰ ਵਿੱਚ ਉਸਦੇ ਪਰਿਵਾਰਕ ਮੈਂਬਰਾਂ ਸਮੇਤ ਛੇ ਲੋਕਾਂ, ਰਾਜਕੋਟ ਵਿੱਚ ਤਿੰਨ ਅਤੇ ਵਾਂਕਾਨੇਰ (ਮੋਰਬੀ ਜ਼ਿਲ੍ਹਾ) ਅਤੇ ਅੰਜਾਰ (ਕੱਛ ਜ਼ਿਲ੍ਹਾ) ਵਿੱਚ ਇੱਕ-ਇੱਕ ਵਿਅਕਤੀ ਦਾ ਕੀਤਾ।
ਕਾਲਾ ਜਾਦੂ
ਪੁਲਿਸ ਅਨੁਸਾਰ ਚਾਵੜਾ ਨੇ ਆਪਣੇ ਜੱਦੀ ਸ਼ਹਿਰ ਸੁਰੇਂਦਰਨਗਰ ਦੀ ਇੱਕ ਪ੍ਰਯੋਗਸ਼ਾਲਾ ਤੋਂ ਡਰਾਈ ਕਲੀਨਿੰਗ ਵਿੱਚ ਵਰਤਿਆ ਜਾਣ ਵਾਲਾ ਕੈਮੀਕਲ ਸੋਡੀਅਮ ਨਾਈਟ੍ਰਾਈਟ ਖਰੀਦਿਆ ਸੀ। ਕਿਹਾ ਜਾਂਦਾ ਹੈ ਕਿ ਉਸ ਦੇ ਕਈ ਪੀੜਤਾਂ ਦੀ ਜ਼ਹਿਰ ਕਾਰਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਦੋਂ ਕਿ ਕੁਝ ਹੋਰ ਪੀੜਤਾਂ ਦੀ ਮੌਤ ਦੀ ਜਾਂਚ ਚੱਲ ਰਹੀ ਹੈ। ਚਾਵੜਾ ਨੂੰ ਕੈਮੀਕਲ ਬਾਰੇ ਇਕ ਹੋਰ ਤਾਂਤਰਿਕ ਤੋਂ ਪਤਾ ਲੱਗਾ ਸੀ। ਉਨ੍ਹਾਂ ਦੱਸਿਆ ਕਿ ਇਹ ਪਦਾਰਥ ਖਾਣ ਤੋਂ 15 ਤੋਂ 20 ਮਿੰਟ ਬਾਅਦ ਅਸਰਦਾਰ ਹੋ ਜਾਂਦਾ ਸੀ ਅਤੇ ਹਾਰਟ ਅਟੈਕ ਆਦਿ ਦਾ ਕਾਰਨ ਬਣਦਾ ਅਤੇ ਵਿਅਕਤੀ ਦੀ ਮੌਤ ਹੋ ਜਾਂਦੀ ਸੀ। ਪੁਲਿਸ ਨੇ ਦੱਸਿਆ ਕਿ ਉਸਦਾ ਸੁਰੇਂਦਰਨਗਰ ਦੇ ਵਾਧਵਨ ਵਿੱਚ ਇੱਕ ਆਸ਼ਰਮ ਵੀ ਸੀ, ਜਿੱਥੇ ਉਹ ਕਾਲਾ ਜਾਦੂ ਕਰਦਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਪੀੜਤਾਂ ਦੀ ਦੌਲਤ ਵਧਾਉਣ ਜਾਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਪੇਸ਼ਕਸ਼ ਕਰਦਾ ਸੀ। ਪੁਲਿਸ ਨੇ ਚਾਵੜਾ ਦੀ ਗੱਡੀ ਤੋਂ ਕਈ ਸਬੂਤ ਬਰਾਮਦ ਕੀਤੇ ਹਨ, ਜਿਨ੍ਹਾਂ ਵਿਚ ਰਸਮਾਂ ਵਿਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਅਤੇ ਚਿੱਟਾ ਪਾਊਡਰ ਵੀ ਸ਼ਾਮਲ ਹੈ।