ਮਹੇਂਦਰਗੜ੍ਹ: ਪ੍ਰਸ਼ਾਸਨਿਕ ਲਾਪਰਵਾਹੀ ਅਤੇ ਸਿੱਖਿਆ ਅਧਿਕਾਰੀਆਂ ਦੀ ਗਲਤੀ ਕਾਰਨ ਵੀਰਵਾਰ ਨੂੰ ਹਰਿਆਣਾ ਦੇ 7 ਵਿਦਿਆਰਥੀਆਂ ਨੂੰ ਆਪਣੀ ਜਾਨ ਗਵਾਉਣੀ ਪਈ। ਮਹੇਂਦਰਗੜ੍ਹ ਦੇ ਕਨੀਨਾ ਵਿੱਚ ਜੀਐਲ ਪਬਲਿਕ ਸਕੂਲ ਦੀ ਬੱਸ ਪਲਟਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਦੋ ਦਰਜਨ ਦੇ ਕਰੀਬ ਬੱਚੇ ਵੀ ਜ਼ਖ਼ਮੀ ਹੋਏ ਹਨ। ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਹਾਦਸੇ 'ਚ 7 ਬੱਚਿਆਂ ਦੀ ਮੌਤ ਨਾਲ ਹਰ ਕੋਈ ਸਦਮੇ 'ਚ ਹੈ। ਚਾਰੇ ਪਾਸੇ ਮਾਹੌਲ ਗਮਗੀਨ ਬਣਿਆ ਹੋਇਆ ਹੈ।
ਮਰਨ ਵਾਲਿਆਂ ਵਿੱਚ ਇੱਕ ਪਿੰਡ ਦੇ 4 ਬੱਚੇ ਵੀ ਸ਼ਾਮਲ: ਕਨੀਨਾ ਸਕੂਲ ਬੱਸ ਹਾਦਸੇ ਵਿੱਚ ਮਰਨ ਵਾਲੇ ਛੇ ਬੱਚਿਆਂ ਵਿੱਚੋਂ ਚਾਰ ਬੱਚੇ ਇੱਕੋ ਪਿੰਡ ਝਾਡਲੀ ਦੇ ਵਸਨੀਕ ਸਨ। ਉਨ੍ਹਾਂ ਵਿੱਚੋਂ ਦੋ ਸਕੇ ਭਰਾ ਸਨ। ਝਾਡਲੀ ਦੇ ਰਹਿਣ ਵਾਲੇ ਸੰਦੀਪ ਕੁਮਾਰ ਦਾ 17 ਸਾਲਾ ਵੱਡਾ ਬੇਟਾ ਅੰਸ਼ੂ ਜੋ 10ਵੀਂ ਜਮਾਤ ਵਿੱਚ ਪੜ੍ਹਦਾ ਸੀ ਅਤੇ 14 ਸਾਲਾ ਛੋਟਾ ਬੇਟਾ ਅਕਸ਼ੂ ਜੋ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ। ਝਾਡਲੀ ਪਿੰਡ ਦਾ ਰਹਿਣ ਵਾਲਾ 15 ਸਾਲਾ ਯੁਵਰਾਜ 9ਵੀਂ ਜਮਾਤ ਦਾ ਵਿਦਿਆਰਥੀ ਸੀ ਤੇ ਸਤਿਅਮ ਸ਼ਰਮਾ 12ਵੀਂ ਜਮਾਤ ਦਾ ਵਿਦਿਆਰਥੀ ਸੀ। ਜਿਸ ਨੇ ਵੀ ਇੱਕੋ ਪਿੰਡ ਵਿੱਚ ਚਾਰ ਚਿਖਾਵਾਂ ਨੂੰ ਇੱਕੋ ਸਮੇਂ ਬਲਦੇ ਦੇਖਿਆ, ਉਹ ਚੀਕਾਂ ਮਾਰਦਾ ਰੋਇਆ।
ਮ੍ਰਿਤਕ ਦੋ ਬੱਚੇ ਧਨੌਦਾ ਪਿੰਡ ਦੇ ਰਹਿਣ ਵਾਲੇ: ਮਹੇਂਦਰਗੜ੍ਹ ਬੱਸ ਹਾਦਸੇ ਵਿੱਚ ਮਰਨ ਵਾਲੇ ਬਾਕੀ ਦੋ ਬੱਚੇ ਧਨੌਦਾ ਪਿੰਡ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿੱਚ ਵੰਸ਼ ਦੀ ਉਮਰ 14 ਸਾਲ ਸੀ, ਜੋ 9ਵੀਂ ਜਮਾਤ ਦਾ ਵਿਦਿਆਰਥੀ ਸੀ। ਜਦੋਂ ਕਿ 13 ਸਾਲਾ ਰਿੱਕੀ 8ਵੀਂ ਜਮਾਤ ਵਿੱਚ ਪੜ੍ਹਦਾ ਸੀ। ਹਰਿਆਣਾ ਦੀ ਸਿੱਖਿਆ ਮੰਤਰੀ ਸੀਮਾ ਤ੍ਰਿਖਾ ਅਤੇ ਸਾਬਕਾ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਬੱਚਿਆਂ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਮਹੇਂਦਰਗੜ੍ਹ ਦੇ ਪਿੰਡ ਝਾਡਲੀ ਦੇ ਸ਼ਮਸ਼ਾਨਘਾਟ ਵਿੱਚ ਪੁੱਜੇ।
ਈਦ ਦੀ ਛੁੱਟੀ 'ਤੇ ਵੀ ਖੋਲ੍ਹਿਆ ਗਿਆ ਸਕੂਲ: ਵੀਰਵਾਰ ਸਵੇਰੇ 8.30 ਵਜੇ ਦੇ ਕਰੀਬ ਜੀਐਲ ਪਬਲਿਕ ਸਕੂਲ ਦੀ ਬੱਸ ਕਨੀਨਾ ਦੇ ਉਨਹਾਨੀ ਪਿੰਡ ਨੇੜੇ ਪਲਟ ਗਈ। ਇਸ ਹਾਦਸੇ 'ਚ 7 ਬੱਚਿਆਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਸਕੂਲ ਆਪ੍ਰੇਟਰ ਅਤੇ ਬੱਸ ਡਰਾਈਵਰ ਦੀ ਘੋਰ ਲਾਪਰਵਾਹੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਇਸ ਤੋਂ ਇਲਾਵਾ ਬੱਸ ਦੇ ਕਾਗਜ਼ ਵੀ ਪੂਰੇ ਨਹੀਂ ਸਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਈਦ ਦੀ ਛੁੱਟੀ ਹੋਣ ਦੇ ਬਾਵਜੂਦ ਸਕੂਲ ਖੁੱਲ੍ਹਿਆ ਸੀ। ਇੰਨੀ ਵੱਡੀ ਲਾਪਰਵਾਹੀ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਆਪਣੀ ਨੀਂਦ ਤੋਂ ਜਾਗਿਆ ਅਤੇ ਕਾਰਵਾਈ ਕਰਦਿਆਂ ਇਸ 'ਤੇ ਪਰਦਾ ਪਾਉਣਾ ਸ਼ੁਰੂ ਕਰ ਦਿੱਤਾ।
ਮਾਰਚ ਵਿੱਚ ਹੋਇਆ ਸੀ ਬੱਸ ਦਾ ਚਾਲਾਨ: ਜਿਸ ਬੱਸ ਵਿੱਚ ਇਹ ਹਾਦਸਾ ਹੋਇਆ, ਉਸ ਦਾ ਮਾਰਚ ਵਿੱਚ ਵੀ ਚਾਲਾਨ ਕੀਤਾ ਗਿਆ ਸੀ। ਲਾਪ੍ਰਵਾਹੀ ਸਾਹਮਣੇ ਆਉਣ ਤੋਂ ਬਾਅਦ ਆਰਟੀਏ ਦੇ ਸਹਾਇਕ ਸਕੱਤਰ ਪ੍ਰਦੀਪ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਕੂਲ ਦੀ ਪ੍ਰਿੰਸੀਪਲ ਸਵਾਤੀ ਰਾਓ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪਰਿਵਾਰਕ ਮੈਂਬਰ ਅਤੇ ਸਥਾਨਕ ਲੋਕ ਵੀ ਸਕੂਲ ਦੇ ਡਾਇਰੈਕਟਰ ਅਤੇ ਸਿੱਖਿਆ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।
ਪੀਐਮ ਮੋਦੀ ਨੇ ਵੀ ਜਤਾਇਆ ਦੁੱਖ: ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਨਾਇਬ ਸੈਣੀ ਸਮੇਤ ਕਈ ਵੱਡੇ ਨੇਤਾਵਾਂ ਨੇ ਮਹੇਂਦਰਗੜ੍ਹ 'ਚ ਬੱਚਿਆਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਹਰਿਆਣਾ ਦੀ ਸਿੱਖਿਆ ਮੰਤਰੀ ਸੀਮਾ ਤ੍ਰਿਖਾ ਅਤੇ ਟਰਾਂਸਪੋਰਟ ਰਾਜ ਮੰਤਰੀ ਅਸੀਮ ਗੋਇਲ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਅਸੀਮ ਗੋਇਲ ਨੇ ਤੁਰੰਤ ਸਾਰੀਆਂ ਸਕੂਲੀ ਬੱਸਾਂ ਦੀ ਚੈਕਿੰਗ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਛੁੱਟੀ ਵਾਲੇ ਦਿਨ ਸਕੂਲ ਖੋਲ੍ਹਣ ਸਮੇਤ ਹਰ ਤਰ੍ਹਾਂ ਦੀ ਲਾਪ੍ਰਵਾਹੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।