ਨਵੀਂ ਦਿੱਲੀ: 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਪੁਲਬੰਗਸ਼ ਗੁਰਦੁਆਰਾ ਹਿੰਸਾ ਮਾਮਲੇ ਦੇ ਦੋਸ਼ੀ ਜਗਦੀਸ਼ ਟਾਈਟਲਰ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਟਾਈਟਲਰ ਨੇ ਅਦਾਲਤ ਨੂੰ ਕਿਹਾ ਕਿ ਉਹ ਮੁਕੱਦਮੇ ਦਾ ਸਾਹਮਣਾ ਕਰੇਗਾ। ਇਸ ਤੋਂ ਬਾਅਦ ਰੌਜ਼ ਐਵੇਨਿਊ ਅਦਾਲਤ ਦੇ ਵਿਸ਼ੇਸ਼ ਜੱਜ ਰਾਕੇਸ਼ ਸਿਆਲ ਨੇ ਗਵਾਹਾਂ ਦੇ ਬਿਆਨ ਦਰਜ ਕਰਨ ਦੇ ਹੁਕਮ ਦਿੱਤੇ।
ਅਦਾਲਤ ਨੇ 20 ਅਗਸਤ ਨੂੰ ਟਾਈਟਲਰ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 147, 149, 153ਏ, 188, 109, 295, 380, 302 ਤਹਿਤ ਦੋਸ਼ ਆਇਦ ਕਰਨ ਦਾ ਹੁਕਮ ਦਿੱਤਾ ਸੀ। ਸੁਣਵਾਈ ਦੌਰਾਨ ਜਗਦੀਸ਼ ਟਾਈਟਲਰ ਵੱਲੋਂ ਪੇਸ਼ ਹੋਏ ਵਕੀਲ ਮਨੂ ਸ਼ਰਮਾ ਨੇ ਕਿਹਾ ਸੀ ਕਿ ਸੀਬੀਆਈ ਨੇ ਇਸ ਮਾਮਲੇ ਵਿੱਚ ਦੋ ਕਲੋਜ਼ਰ ਰਿਪੋਰਟਾਂ ਦਾਇਰ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ 2009 ਵਿੱਚ ਸਹਿ ਮੁਲਜ਼ਮ ਸੁਰੇਸ਼ ਕੁਮਾਰ ਪੰਨੇਵਾਲਾ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਸੀ, ਜਿਸ ਨੂੰ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਸੀ। ਮਨੂ ਸ਼ਰਮਾ ਨੇ ਕਿਹਾ ਕਿ ਇਸ ਕੇਸ ਵਿੱਚ 1984 ਤੋਂ 2022-23 ਤੱਕ ਕੋਈ ਗਵਾਹ ਨਹੀਂ ਸੀ। ਇੰਨੇ ਲੰਬੇ ਸਮੇਂ ਬਾਅਦ ਪੇਸ਼ ਹੋਏ ਗਵਾਹਾਂ 'ਤੇ ਭਰੋਸਾ ਕਿਵੇਂ ਕੀਤਾ ਜਾ ਸਕਦਾ ਹੈ?
ਗਵਾਹਾਂ ਦਾ ਵਕੀਲ ਅੱਤਵਾਦੀ ਐਲਾਨਿਆ
ਇਸ ਤੋਂ ਪਹਿਲਾਂ ਮਨੂ ਸ਼ਰਮਾ ਨੇ ਇਸ ਮਾਮਲੇ ਵਿੱਚ ਜਗਦੀਸ਼ ਟਾਈਟਲਰ ਨੂੰ ਬਰੀ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਗੁਰਪਤਵੰਤ ਪੰਨੂ ਦਾ ਨਾਂ ਲੈਂਦਿਆਂ ਟਾਈਟਲਰ ਦੀ ਤਰਫੋਂ ਕਿਹਾ ਗਿਆ ਸੀ ਕਿ ਕਿਉਂਕਿ ਪੰਨੂ ਗਵਾਹਾਂ ਦਾ ਵਕੀਲ ਸੀ ਅਤੇ ਉਸ ਨੂੰ ਭਾਰਤ ਨੇ ਅੱਤਵਾਦੀ ਐਲਾਨਿਆ ਹੋਇਆ ਸੀ। ਅਜਿਹੇ ਵਿੱਚ ਜਗਦੀਸ਼ ਟਾਈਟਲਰ ਖ਼ਿਲਾਫ਼ ਕੇਸ ਚਲਾਉਣ ਦੀ ਕੋਈ ਤੁਕ ਨਹੀਂ ਬਣਦੀ ਅਤੇ ਉਸ ਨੂੰ ਇਸ ਕੇਸ ਵਿੱਚੋਂ ਬਰੀ ਕਰ ਦੇਣਾ ਚਾਹੀਦਾ ਹੈ।
ਦੋਸ਼ ਤੈਅ ਲਈ ਬਹਿਸ ਪੂਰੀ
ਇਸ ਮਾਮਲੇ 'ਚ ਸੀਬੀਆਈ ਨੇ 16 ਅਪ੍ਰੈਲ ਨੂੰ ਦੋਸ਼ ਤੈਅ ਕਰਨ 'ਤੇ ਬਹਿਸ ਪੂਰੀ ਕਰ ਲਈ ਸੀ। 4 ਅਗਸਤ 2023 ਨੂੰ ਰੌਜ਼ ਐਵੇਨਿਊ ਦੀ ਸੈਸ਼ਨ ਅਦਾਲਤ ਨੇ ਜਗਦੀਸ਼ ਟਾਈਟਲਰ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਸੀ। ਅਦਾਲਤ ਨੇ 26 ਜੁਲਾਈ 2023 ਨੂੰ ਜਗਦੀਸ਼ ਟਾਈਟਲਰ ਵਿਰੁੱਧ ਦਾਇਰ ਚਾਰਜਸ਼ੀਟ ਦਾ ਨੋਟਿਸ ਲਿਆ ਸੀ। ਸੀਬੀਆਈ ਨੇ ਇਸ ਮਾਮਲੇ ਵਿੱਚ ਟਾਈਟਲਰ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 147, 109 ਅਤੇ 302 ਤਹਿਤ ਕੇਸ ਦਰਜ ਕੀਤਾ ਹੈ। ਸੀਬੀਆਈ ਮੁਤਾਬਕ ਟਾਈਟਲਰ ਨੇ ਭੀੜ ਨੂੰ ਭੜਕਾਇਆ ਸੀ। ਇਸ ਤੋਂ ਬਾਅਦ ਭੀੜ ਨੇ ਪੁਲਬੰਗਸ਼ ਦੇ ਗੁਰਦੁਆਰੇ ਨੂੰ ਅੱਗ ਲਗਾ ਦਿੱਤੀ।