ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਦਿੱਲੀ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ 'ਤੇ 5 ਫਰਵਰੀ ਨੂੰ ਵੋਟਿੰਗ ਹੋਵੇਗੀ ਅਤੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਦਿੱਲੀ ਵਿਧਾਨ ਸਭਾ ਚੋਣਾਂ 2025 ਦੇ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਮਹਾਰਾਸ਼ਟਰ ਚੋਣਾਂ ਦੀ ਤਰ੍ਹਾਂ ਦਿੱਲੀ 'ਚ ਵੀ ਬੁੱਧਵਾਰ ਨੂੰ ਵੋਟਿੰਗ ਹੋਵੇਗੀ।
ਸੀਈਸੀ ਨੇ ਕਿਹਾ, 'ਵੋਟਿੰਗ ਦੀ ਮਿਤੀ 5 ਫਰਵਰੀ ਹੈ ਅਤੇ ਵੋਟਾਂ ਦੀ ਗਿਣਤੀ 8 ਤਰੀਕ ਨੂੰ ਹੋਵੇਗੀ। ਅਸੀਂ ਜਾਣਬੁੱਝ ਕੇ ਬੁੱਧਵਾਰ ਨੂੰ ਵੋਟਿੰਗ ਰੱਖੀ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਦਿੱਲੀ ਦੇ ਸਾਰੇ ਵੋਟਰਾਂ ਨੂੰ ਆਪਣੀ ਵੋਟ ਪਾਉਣੀ ਚਾਹੀਦੀ ਹੈ। ਮਹਾਰਾਸ਼ਟਰ ਦੀ ਤਰ੍ਹਾਂ ਹੀ ਅਸੀਂ ਦਿੱਲੀ 'ਚ ਵੀ ਬੁੱਧਵਾਰ ਨੂੰ ਹੀ ਵੋਟਿੰਗ ਤੈਅ ਕੀਤੀ ਹੈ। ਵੋਟਾਂ ਦੀ ਗਿਣਤੀ ਤੋਂ ਬਾਅਦ 10 ਫਰਵਰੀ ਤੱਕ ਸਾਰੀ ਚੋਣ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ'।
ਨਾਮਜ਼ਦਗੀ ਭਰਨ ਦੀ ਆਖਰੀ ਮਿਤੀ
ਚੋਣ ਕਮਿਸ਼ਨ ਅਨੁਸਾਰ 10 ਜਨਵਰੀ ਨੂੰ ਚੋਣ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਅਤੇ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 17 ਜਨਵਰੀ ਹੈ। ਨਾਮਜ਼ਦਗੀਆਂ ਦੀ ਪੜਤਾਲ ਦੀ ਤਰੀਕ 18 ਜਨਵਰੀ ਹੈ, ਜਦਕਿ ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ 20 ਜਨਵਰੀ ਹੈ।
ਉਨ੍ਹਾਂ ਦੱਸਿਆ ਕਿ ਦਿੱਲੀ ਵਿੱਚ ਕੁੱਲ 70 ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ਵਿੱਚੋਂ 12 ਵਿਧਾਨ ਸਭਾ ਸੀਟਾਂ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹਨ। ਸੀਈਸੀ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੇ 2,697 ਸਥਾਨਾਂ 'ਤੇ ਫੈਲੇ 13,033 ਪੋਲਿੰਗ ਸਟੇਸ਼ਨਾਂ 'ਤੇ ਕੁੱਲ 1.55 ਕਰੋੜ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਯੋਗ ਹਨ।
VIDEO | Delhi Assembly Election 2025 Schedule: " it's a single-phase election. date of notification will be january 10. last date of making nomination will be january 17, scrutiny on january 18 and withdrawal of nomination on january 20. date of poll is february 5 and counting… pic.twitter.com/IQroK4ijz6
— Press Trust of India (@PTI_News) January 7, 2025
ਸੀਈਸੀ ਰਾਜੀਵ ਕੁਮਾਰ ਨੇ ਦੱਸਿਆ ਕਿ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਦੀ ਕੁੱਲ ਗਿਣਤੀ 2.08 ਲੱਖ ਹੈ। ਉਨ੍ਹਾਂ ਕਿਹਾ ਕਿ 2025 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ 6 ਜਨਵਰੀ, 2025 ਨੂੰ ਪ੍ਰਕਾਸ਼ਿਤ ਅੰਤਿਮ ਵੋਟਰ ਸੂਚੀ ਵਿੱਚ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਟੀ) ਦਿੱਲੀ ਵਿੱਚ ਕੁੱਲ 1,55,24,858 ਰਜਿਸਟਰਡ ਵੋਟਰ ਦਰਜ ਕੀਤੇ ਗਏ ਸਨ, ਜੋ ਕਿ 1.09 ਪ੍ਰਤੀਸ਼ਤ ਦਾ ਸ਼ੁੱਧ ਵਾਧਾ ਦਰਸਾਉਂਦਾ ਹੈ।
'ਭਾਰਤੀ ਚੋਣਾਂ ਦਾ ਸੁਨਹਿਰੀ ਮਿਆਰ'
ਸੀਈਸੀ ਨੇ ਕਿਹਾ, "ਭਾਰਤ ਚੋਣਾਂ ਦਾ ਸੁਨਹਿਰੀ ਮਿਆਰ ਹੈ। ਇਹ ਸਾਡੀ ਸਾਂਝੀ ਵਿਰਾਸਤ ਹੈ... ਕਮਿਸ਼ਨ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਦੀ ਕੋਈ ਗੁੰਜਾਇਸ਼ ਨਹੀਂ ਹੈ, ਪ੍ਰਕਿਰਿਆਵਾਂ ਬਹੁਤ ਵਿਸਤ੍ਰਿਤ ਹਨ। ਜੇਕਰ ਕੋਈ ਗਲਤੀ ਹੁੰਦੀ ਹੈ, ਤਾਂ ਅਸੀਂ ਨਿੱਜੀ ਤੌਰ 'ਤੇ ਸਜ਼ਾ ਲਈ ਤਿਆਰ ਹਾਂ, ਅਸੀਂ ਸਜ਼ਾ ਭੁਗਤਣ ਲਈ ਵੀ ਤਿਆਰ ਹਾਂ।"
ਬੁੱਧਵਾਰ ਨੂੰ ਵੋਟਿੰਗ ਕਿਉਂ?
ਰਾਜ ਲਈ ਚੋਣ ਪ੍ਰੋਗਰਾਮ ਦੀ ਘੋਸ਼ਣਾ ਕਰਦੇ ਹੋਏ ਸੀਈਸੀ ਰਾਜੀਵ ਕੁਮਾਰ ਨੇ ਕਿਹਾ, ਮਹਾਰਾਸ਼ਟਰ ਵਿੱਚ ਬੁੱਧਵਾਰ ਨੂੰ ਚੋਣਾਂ ਹੋਈਆਂ। ਪਿਛਲੇ ਸਾਲ 20 ਨਵੰਬਰ ਨੂੰ ਮਹਾਰਾਸ਼ਟਰ ਦੇ ਸਾਰੇ 288 ਵਿਧਾਨ ਸਭਾ ਹਲਕਿਆਂ ਵਿੱਚ ਇੱਕ ਪੜਾਅ ਵਿੱਚ ਵੋਟਿੰਗ ਹੋਈ ਸੀ ਅਤੇ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਈ ਸੀ। ਤੁਸੀਂ ਦੇਖੋਗੇ ਕਿ ਵੋਟਿੰਗ ਦੀ ਮਿਤੀ ਬੁੱਧਵਾਰ ਹੈ। ਅਜਿਹਾ ਜਾਣਬੁੱਝ ਕੇ ਕੀਤਾ ਗਿਆ ਹੈ ਅਤੇ ਅਸੀਂ ਹਫ਼ਤੇ ਦੇ ਅੱਧ ਵਿੱਚ ਚੋਣਾਂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਸ਼ਹਿਰੀ ਬੇਰੁਖ਼ੀ ਦੇ ਮੁੱਦੇ ਨੂੰ ਨਜਿੱਠਿਆ ਜਾ ਸਕੇ।
'ਚੋਣ ਕਮਿਸ਼ਨ ਨਿਰਪੱਖ ਚੋਣਾਂ ਕਰਵਾਉਣ ਲਈ ਵਚਨਬੱਧ'
ਰਾਜੀਵ ਕੁਮਾਰ ਨੇ ਦੁਹਰਾਇਆ ਕਿ ਚੋਣ ਕਮਿਸ਼ਨ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਵਚਨਬੱਧ ਹੈ। ਸੀਈਸੀ ਨੇ ਦਿੱਲੀ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਘਰਾਂ ਤੋਂ ਬਾਹਰ ਨਿਕਲਣ ਅਤੇ ਆਪਣੀ ਵੋਟ ਦਾ ਇਸਤੇਮਾਲ ਕਰਨ। ਮਨੀ ਪਾਵਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਂਝੀਆਂ ਟੀਮਾਂ, ਸਾਂਝੀ ਖੁਫੀਆ ਜਾਣਕਾਰੀ, ਨਿਰੰਤਰ ਨਿਗਰਾਨੀ ਅਤੇ ਤੁਰੰਤ ਕਾਰਵਾਈ ਕਰਨ ਨਾਲ ਧਨ ਸ਼ਕਤੀ ਦੀ ਵਰਤੋਂ 'ਤੇ ਰੋਕ ਲੱਗੇਗੀ।
ਕੁਮਾਰ ਨੇ ਕਿਹਾ ਕਿ 85 ਸਾਲ ਤੋਂ ਵੱਧ ਉਮਰ ਦੇ ਅਤੇ ਵਿਕਲਾਂਗ ਵੋਟਰਾਂ ਨੂੰ 2025 ਦੀਆਂ ਦਿੱਲੀ ਚੋਣਾਂ ਵਿੱਚ ਘਰ-ਘਰ ਜਾ ਕੇ ਵੋਟ ਪਾਉਣ ਦੀ ਸਹੂਲਤ ਦਿੱਤੀ ਜਾਵੇਗੀ। ਵੋਟਿੰਗ ਦੀ ਸੌਖ ਲਈ ਪੋਲਿੰਗ ਸਟੇਸ਼ਨਾਂ 'ਤੇ ਵਾਲੰਟੀਅਰਾਂ, ਵ੍ਹੀਲਚੇਅਰਾਂ ਅਤੇ ਰੈਂਪ ਦਾ ਪ੍ਰਬੰਧ ਕੀਤਾ ਜਾਵੇਗਾ।