ਗੁਜਰਾਤ/ਕੱਛ: ਅਕਸਰ ਹੀ ਅਸੀਂ ਮੋਬਾਇਲ ਫੋਨਾਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਦੇਖਦੇ ਰਹਿੰਦੇ ਹਾਂ, ਇਸੇ ਸੰਬੰਧੀ ਇੱਕ ਘਟਨਾ ਗੁਜਰਾਤ ਤੋਂ ਸਾਹਮਣੇ ਆਈ ਹੈ। ਗੁਜਰਾਤ ਦੇ ਭੁਜ ਸ਼ਹਿਰ 'ਚ ਦੰਤੇਸ਼ਵਰ ਮਹਾਦੇਵ ਮੰਦਰ ਦੇ ਪਿੱਛੇ ਇਕ ਖੁੱਲ੍ਹੇ ਖੂਹ 'ਚੋਂ ਇਕ ਲੜਕੀ ਦੀ ਲਾਸ਼ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਜਿਸ ਤੋਂ ਬਾਅਦ ਭੁਜ ਫਾਇਰ ਵਿਭਾਗ ਨੇ ਬੱਚੀ ਦੀ ਲਾਸ਼ ਨੂੰ ਖੂਹ 'ਚੋਂ ਬਾਹਰ ਕੱਢਿਆ। ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ।
ਇਲਾਕੇ 'ਚ ਕੂੜਾ ਇਕੱਠਾ ਕਰਨ ਦਾ ਕੰਮ ਕਰਦੀ ਸੀ 22 ਸਾਲਾ ਲੜਕੀ
ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਮ੍ਰਿਤਕ 22 ਸਾਲਾ ਲੜਕੀ ਇਲਾਕੇ 'ਚ ਕੂੜਾ ਇਕੱਠਾ ਕਰਨ ਦਾ ਕੰਮ ਕਰਦੀ ਸੀ। ਉਹ ਆਪਣੇ ਮੋਬਾਈਲ 'ਤੇ ਕਿਸੇ ਨਾਲ ਗੱਲ ਕਰ ਰਹੀ ਸੀ ਜਦੋਂ ਅਚਾਨਕ ਖੂਹ 'ਚ ਡਿੱਗ ਕੇ ਉਸ ਦੀ ਮੌਤ ਹੋ ਗਈ। ਉਸ ਨੂੰ ਡਿੱਗਦਾ ਦੇਖ ਪਰਿਵਾਰ ਵਾਲਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਝੁੱਗੀ-ਝੌਂਪੜੀ ਵਾਲੇ ਇਲਾਕੇ 'ਚ ਰਹਿੰਦੀ ਸੀ ਲੜਕੀ
ਜਦੋਂ ਤੱਕ ਹੋਰ ਲੋਕ ਕੁਝ ਸਮਝ ਪਾਉਂਦੇ, ਉਦੋਂ ਤੱਕ ਲੜਕੀ ਦੀ ਖੂਹ 'ਚ ਡੁੱਬਣ ਕਾਰਨ ਮੌਤ ਹੋ ਚੁੱਕੀ ਸੀ। ਜਿਸ ਕਾਰਨ ਪਰਿਵਾਰ ਸਦਮੇ ਵਿੱਚ ਹੈ। ਖਬਰਾਂ ਮੁਤਾਬਿਕ ਉਹ ਭੁਜ ਦੇ ਝੁੱਗੀ-ਝੌਂਪੜੀ ਵਾਲੇ ਇਲਾਕੇ 'ਚ ਰਹਿੰਦੀ ਸੀ। ਉਸ ਦਾ ਪਰਿਵਾਰ ਵੱਖ-ਵੱਖ ਖੇਤਰਾਂ ਵਿੱਚ ਕੂੜਾ ਇਕੱਠਾ ਕਰਕੇ ਆਪਣਾ ਗੁਜ਼ਾਰਾ ਚਲਾ ਰਹ ਹਨ।
ਲੜਕੀ ਦੀ ਲਾਸ਼ ਬਰਾਮਦ
ਭੁਜ ਫਾਇਰ ਸਟੇਸ਼ਨ ਦੇ ਕੰਟਰੋਲ ਰੂਮ ਨੂੰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਟੀਮ ਆਪਣੀ ਤੇਜ਼ ਰਫਤਾਰ ਗੱਡੀ ਨਾਲ ਮੌਕੇ 'ਤੇ ਪਹੁੰਚੀ ਅਤੇ ਲੜਕੀ ਦੀ ਲਾਸ਼ ਨੂੰ ਰੱਸੀ ਦੀ ਮਦਦ ਨਾਲ ਬਾਹਰ ਕੱਢਿਆ। ਇਸ ਦੇ ਨਾਲ ਹੀ ਲੜਕੀ ਦੀ ਮੌਤ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।