ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਮੁੱਖ ਮੰਤਰੀ ਸਹਾਇਤਾ ਕੇਂਦਰ ਦਾ ਦੌਰਾ - Chief Minister Support Center
Published : Jul 14, 2024, 7:14 AM IST
ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਣੇ ਮੁੱਖ ਮੰਤਰੀ ਸਹਾਇਤਾ ਕੇਂਦਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਨਾਲ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੀ ਹਾਜ਼ਰ ਸਨ। ਇਸ ਮੌਕੇ ਵਿਧਾਇਕ ਪੰਡੋਰੀ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੇ ਦਿਸ਼ਾ - ਨਿਰਦੇਸ਼ਾਂ 'ਤੇ ਪ੍ਰਸ਼ਾਸਨ ਵਲੋਂ ਇਹ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਹਾਇਤਾ ਕੇਂਦਰ ਦੇ ਬਣਨ ਨਾਲ ਲੋਕਾਂ ਦੀ ਸੁਣਵਾਈ ਵਧੇਗੀ ਅਤੇ ਖੱਜਲ-ਖੁਆਰੀ ਘਟੇਗੀ ਤੇ ਲੋਕਾਂ ਦੇ ਚੰਡੀਗੜ੍ਹ ਪੱਧਰ ਦੇ ਕੰਮ ਵੀ ਇਥੇ ਹੀ ਹੋ ਸਕਣਗੇ। ਇਸ ਮੌਕੇ ਉਨ੍ਹਾਂ ਸਹਾਇਤਾ ਕੇਂਦਰ 'ਤੇ ਆਪਣੇ ਕੰਮਾਂ ਬਾਬਤ ਪੁੱਜੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਜਿਨ੍ਹਾਂ ਸਰਕਾਰ ਦੇ ਉੱਦਮ ਦੀ ਸ਼ਲਾਘਾ ਕੀਤੀ। ਇਸ ਮੌਕੇ ਡੀਸੀ ਬਰਨਾਲਾ ਪੂਨਮਦੀਪ ਕੌਰ ਨੇ ਦੱਸਿਆ ਕਿ ਜਿਹੜੇ ਲੋਕਾਂ ਨੂੰ ਆਪਣੇ ਕੰਮਾਂ ਦੇ ਸਬੰਧ ਵਿੱਚ ਮੁੱਖ ਮੰਤਰੀ ਦਫ਼ਤਰ ਜਾਂ ਵੱਖ-ਵੱਖ ਵਿਭਾਗਾਂ ਦੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਕੰਮ ਵਾਸਤੇ ਗੇੜੇ ਮਾਰਨ ਪੈਂਦੇ ਸਨ, ਉਨ੍ਹਾਂ ਲਈ 'ਮੁੱਖ ਮੰਤਰੀ ਸਹਾਇਤਾ ਕੇਂਦਰ' ਵਰਦਾਨ ਸਾਬਿਤ ਹੋਵੇਗਾ। ਇਸ ਮੌਕੇ ਗੁਰਮੁੱਖ ਸਿੰਘ ਸਰਪੰਚ ਭੈਣੀ ਜੱਸਾ ਨੇ ਕਿਹਾ ਕਿ ਉਹ ਆਪਣੇ ਕੰਮ ਲਈ ਡੀ ਸੀ ਦਫ਼ਤਰ ਆਏ ਸੀ ਤੇ ਸਹਾਇਤਾ ਕੇਂਦਰ ਤੋਂ ਟੋਕਣ ਲੈ ਕੇ ਡਿਪਟੀ ਕਮਿਸ਼ਨਰ ਨੂੰ ਮਿਲੇ ਤੇ ਉਨ੍ਹਾਂ ਦੀ ਵਧੀਆ ਸੁਣਵਾਈ ਹੋਈ ਹੈ।