ਕਿਸਾਨ ਹਰਿਆਣਾ ਦੇ ਡੱਬਵਾਲੀ ਬਾਰਡਰ ਰਾਹੀਂ ਦਿੱਲੀ ਪਹੁੰਚਣ ਲਈ ਰਵਾਨਾ - ਐਮਐਸਪੀ ਕਾਨੂੰਨੀ ਗਰੰਟੀ
Published : Feb 20, 2024, 9:03 PM IST
ਬਠਿੰਡਾ: ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਜਿੱਥੇ ਇੱਕ ਪਾਸੇ ਪੰਜਾਬ ਹਰਿਆਣਾ ਬਾਰਡਰ 'ਤੇ ਕਿਸਾਨਾਂ ਵੱਲੋਂ ਮੋਰਚੇ ਲਗਾਏ ਹੋਏ ਹਨ। ਉਥੇ ਹੀ ਹੁਣ ਜ਼ਿਲ੍ਹਾ ਬਠਿੰਡਾ ਦੇ ਕਿਸਾਨਾਂ ਨੇ ਵੀ ਦਿੱਲੀ ਜਾਣ ਦੀ ਤਿਆਰੀ ਖਿੱਚ ਲਈ ਹੈ। ਅੱਜ ਜ਼ਿਲ੍ਹਾ ਬਠਿੰਡਾ ਦੇ ਪਿੰਡ ਪਥਰਾਲਾ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਝੰਡੇ ਹੇਠ ਹਰਿਆਣਾ ਦੇ ਡੱਬਵਾਲੀ ਬਾਰਡਰ ਰਾਹੀਂ ਦਿੱਲੀ ਪਹੁੰਚਣ ਲਈ ਰਵਾਨਾ ਹੋ ਰਹੇ ਹਨ। ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਬਾਰਡਰ ਤੋੜ ਕੇ ਦਿੱਲੀ ਵੱਲ ਰਵਾਨਾ ਹੋਣਗੇ। ਉਨਾਂ ਕਿਹਾ ਕਿ ਜਿੰਨਾ ਸਮਾਂ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ, ਉਨਾਂ ਸਮਾਂ ਸੰਘਰਸ਼ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ 'ਤੇ ਵੀ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਦੇ ਇੱਕ ਮੰਤਰੀ ਨੇ ਵੀ ਐੱਮਐੱਸਪੀ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਹੁਣ ਕਿਸਾਨਾਂ 'ਤੇ ਹਰਿਆਣਾ ਸਰਕਾਰ ਲਗਾਤਾਰ ਤਸ਼ੱਦਦ ਕਰ ਰਹੀ ਹੈ ਪਰ ਉਹਨਾਂ 'ਤੇ ਪੰਜਾਬ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ। ਜਦੋਂ ਕਿ ਹਰਿਆਣਾ ਸਰਕਾਰ ਪੰਜਾਬ ਵਿੱਚ ਦਾਖਲ ਹੋ ਕੇ ਕਿਸਾਨਾਂ 'ਤੇ ਗੋਲੀਆਂ ਤੇ ਹੰਝੂ ਗੈਸ ਦੇ ਗੋਲੇ ਵਰਾ ਕੇ ਉਹਨਾਂ ਨੂੰ ਜ਼ਖ਼ਮੀ ਕਰ ਰਹੀ ਹੈ।