ACCIDENT DURING GANPATI IMMERSION (ETV Bharat) ਲੁਧਿਆਣਾ:ਲੁਧਿਆਣਾ ਦੇ ਸਤਲੁਜ ਦਰਿਆ 'ਤੇ ਬੀਤੇ ਕੱਲ ਗਣਪਤੀ ਵਿਸਰਜਨ ਦੌਰਾਨ ਇੱਕ 27 ਸਾਲਾਂ ਨੌਜਵਾਨ ਡੂੰਘੇ ਦਰਿਆ ਦੇ ਪਾਣੀ ਦੇ ਤੇਜ਼ ਬਹਾਅ ਵਿੱਚ ਬਹਿ ਗਿਆ, ਜਿਸ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਬੀਤੇ ਕੱਲ ਕਈ ਨੌਜਵਾਨ ਸਤਲੁਜ ਦਰਿਆ ਉੱਪਰ ਗਣਪਤੀ ਦੀ ਮੂਰਤੀ ਵਿਸਰਜਨ ਕਰਨ ਗਏ ਸਨ, ਜਿੱਥੇ ਮੂਰਤੀ ਵਿਸਰਜਨ ਕਰਦਿਆਂ ਨੌਜਵਾਨ ਡੂੰਘੇ ਪਾਣੀ 'ਚ ਚਲਾ ਗਿਆ ਅਤੇ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ।
ਦੱਸ ਦਈਏ ਕਿ ਨੌਜਵਾਨਾਂ ਵੱਲੋਂ ਮੂਰਤੀ ਵਿਸਰਜਨ ਕਰਨ ਉਪਰੰਤ ਵਾਪਸ ਆਉਂਦੇ ਸਮੇਂ ਜਦੋਂ ਉਸ ਦੇ ਸਾਥੀਆਂ ਨੇ ਆਪਣੇ ਸਾਥੀ ਨੌਜਵਾਨ ਨੂੰ ਲਾਪਤਾ ਪਾਇਆ ਤਾਂ ਉਨ੍ਹਾਂ ਨੇ ਰੌਲਾ ਪਾਇਆ। ਇਸ ਦੌਰਾਨ ਉਸ ਨੂੰ ਸ਼ੱਕ ਹੋਇਆ ਕਿ ਉਸ ਦੇ ਨਾਲ ਆਇਆ ਨੌਜਵਾਨ ਦਰਿਆ ਵਿਚ ਰੁੜ੍ਹ ਗਿਆ ਹੈ। ਲੋਕਾਂ ਨੇ ਥਾਣਾ ਲਾਡੋਵਾਲ ਦੀ ਪੁਲਿਸ ਨੂੰ ਸੂਚਿਤ ਕੀਤਾ। ਗੋਤਾਖੋਰਾਂ ਦੀ ਮਦਦ ਨਾਲ ਨਦੀ 'ਚ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਪਰੰਤੂ ਕਾਫੀ ਹਨੇਰਾ ਹੋਣ ਕਾਰਨ ਰਾਤ ਦੇ ਸਮੇਂ 'ਚ ਗੋਤਾਖੋਰਾਂ ਵੱਲੋਂ ਭਾਲ ਜਾਰੀ ਨਾ ਰੱਖੀ ਗਈ। ਰਾਤ ਬੀਤਣ ਉਪਰੰਤ ਅੱਜ ਦੁਬਾਰਾ ਫਿਰ ਦਰਿਆ ਚ ਡੁੱਬੇ ਨੌਜਵਾਨ ਦੀ ਭਾਲ ਸ਼ੁਰੂ ਕੀਤੀ ਗਈ। ਗੋਤਾਖੋਰਾਂ ਦੀ ਮਦਦ ਦੇ ਨਾਲ ਅੱਜ ਉਸ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਹੈ।
ਇਸ ਮੌਕੇ ਪੁਲਿਸ ਨੇ ਦੱਸਦੀਏ ਕਿ ਮ੍ਰਿਤਕ ਦੀ ਪਹਿਚਾਣ ਹਰਸ਼ ਮਹਿਤਾ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ 174 ਦੀ ਕਾਰਵਾਈ ਤਹਿਤ ਮਾਮਲਾ ਦਰਜ ਕੀਤਾ ਹੈ।
ਡੂੰਘੇ ਪਾਣੀ ਵਿੱਚ ਨਾ ਜਾਣ ਦੀ ਅਪੀਲ - ਪੁਲਿਸ
ਇਸ ਦੌਰਾਨ ਥਾਣਾ ਮੁਖੀ ਨੇ ਦੱਸਿਆ ਕਿ ਬੀਤੇ ਕੱਲ ਗਣਪਤੀ ਵਿਸਰਜਨ ਦੌਰਾਨ ਇੱਕ 27 ਸਾਲਾਂ ਨੌਜਵਾਨ ਜੋ ਕਿਲੇ ਮੁਹੱਲੇ ਦਾ ਰਹਿਣ ਵਾਲਾ ਹੈ, ਉਹ ਡੂੰਘੇ ਪਾਣੀ ਦੇ ਤੇਜ਼ ਬਹਾਅ ਵਿੱਚ ਬਹਿ ਗਿਆ ਅਤੇ ਉਸ ਨੂੰ ਲੱਭਣ ਦੇ ਲਈ ਕੱਲ ਤੋਂ ਹੀ ਟੀਮਾਂ ਲਗਾਈਆਂ ਗਈਆਂ ਸੀ ਪਰ ਅੱਜ ਗੋਤਾਖੋਰਾਂ ਦੀ ਮਦਦ ਨਾਲ ਉਸ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਹੈ। ਉਹਨਾਂ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਪਹਿਚਾਨ ਹਰਸ਼ ਮਹਿਤਾ ਵਜੋਂ ਹੋਈ ਹੈ। ਇਸ ਦੌਰਾਨ ਉਹਨਾਂ ਕਿਹਾ ਕਿ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਅਜਿਹੇ ਡੂੰਘੇ ਪਾਣੀ ਦੇ ਵਿੱਚ ਨਾ ਜਾਇਆ ਜਾਵੇ ਅਤੇ ਬੰਨ੍ਹ ਤੋਂ ਦੂਰ ਹੀ ਰਿਹਾ ਜਾਵੇ ਤਾਂ ਕਿ ਅਜਿਹੇ ਹਾਦਸੇ ਨਾ ਹੋ ਸਕਣ।
14 ਦਿਨ ਪਹਿਲਾਂ ਪਹਿਲਾਂ ਵੀ ਮੂਰਤੀ ਵਿਸਰਜਨ ਦੌਰਾਨ ਨੌਜਵਾਨਾਂ ਦੀ ਹੋਈ ਸੀ ਮੌਤ
ਦੱਸ ਦਈਏ ਕਿ ਤਕਰੀਬਨ 14 ਦਿਨ ਪਹਿਲਾਂ ਅੰਮ੍ਰਿਤਸਰ ਦੇ ਬਿਆਸ ਦਰਿਆ ਵਿੱਚ ਜਲੰਧਰ ਤੋਂ ਕੁਝ ਸ਼ਰਧਾਲੂ ਮੂਰਤੀ ਵਿਸਰਜਨ ਕਰਨ ਬਿਆਸ ਦਰਿਆ 'ਤੇ ਪੁੱਜੇ ਸਨ। ਮੂਰਤੀ ਵਿਸਰਜਨ ਕਰਨ ਆਏ ਕੁਝ ਨੌਜਵਾਨਾਂ ਨੇ ਬਿਆਸ ਦਰਿਆ ਵਿੱਚ ਨਹਾਉਂਣ ਦੀ ਇੱਛਾ ਜਾਹਿਰ ਕੀਤੀ, ਜਿਸ ਦੇ ਚਲਦਿਆਂ 4 ਨੌਜਵਾਨ ਆਪਣੇ ਸਾਥੀਆਂ ਦੇ ਨਾਲੋਂ ਥੋੜੀ ਦੂਰ ਹੱਟ ਕੇ ਬਿਆਸ ਦਰਿਆ ਵਿੱਚ ਨਹਾਉਣ ਲੱਗ ਗਏ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਚਾਰੋਂ ਨੌਜਵਾਨ ਪਾਣੀ ਵਿੱਚ ਡੁੱਬ ਗਏ, ਜਿੰਨ੍ਹਾਂ ਦੀਆਂ ਲਾਸ਼ਾਂ ਤਕਰੀਬਨ 4 ਦਿਨਾਂ ਬਾਅਦ ਗੋਤਾਖੋਰਾਂ ਦੀ ਮਦਦ ਦੇ ਨਾਲ ਬਾਹਰ ਕੱਢੀਆਂ ਗਈਆਂ ਸਨ।