ਲੁਧਿਆਣਾ:ਇੱਕ ਪਾਸੇ ਜਿੱਥੇ ਪੂਰੇ ਵਿਸ਼ਵ ਦੇ ਵਿੱਚ ਗਲੋਬਲ ਵਾਰਮਿੰਗ ਦੇ ਕਰਕੇ ਮੌਸਮੀ ਤਬਦੀਲੀਆਂ ਵੱਧ ਰਹੀਆਂ ਹਨ। ਉੱਥੇ ਹੀ ਇਨ੍ਹਾਂ ਦਾ ਆਮ ਮਨੁੱਖੀ ਜਨ ਜੀਵਨ ਦੇ ਨਾਲ ਫਸਲਾਂ 'ਤੇ ਵੀ ਕਾਫੀ ਪ੍ਰਭਾਵ ਪੈ ਰਿਹਾ ਹੈ। ਫਸਲਾਂ ਮੌਸਮ ਦੇ ਅਨੁਕੂਲ ਹੁੰਦੀਆਂ ਹਨ ਅਤੇ ਮੌਸਮ ਦੇ ਵਿੱਚ ਤਬਦੀਲੀਆਂ ਦੇ ਕਾਰਨ ਫਸਲਾਂ ਦੇ ਅੰਦਰ ਵੀ ਤਬਦੀਲੀਆਂ ਵੇਖਣ ਨੂੰ ਮਿਲਦੀਆਂ ਹਨ। ਇਸ ਵਾਰ ਮੌਨਸੂਨ ਨੂੰ ਲੈ ਕੇ ਚੰਗੀ ਭਵਿੱਖਬਾਣੀ ਕੀਤੀ ਗਈ ਸੀ। ਪਰ ਮੌਜੂਦਾ ਹਾਲਾਤਾਂ ਦੇ ਵਿੱਚ ਪੀਏਯੂ ਮਾਹਿਰਾਂ ਦੇ ਮੁਤਾਬਿਕ ਹੁਣ ਤੱਕ 44 ਫੀਸਦੀ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਬਾਰਿਸ਼ ਵੇਖਣ ਨੂੰ ਮਿਲੀ ਹੈ। ਜਿਸ ਕਾਰਨ ਝੋਨੇ ਨੂੰ ਪਾਣੀ ਲਾਉਣ ਦੇ ਲਈ ਧਰਤੀ ਹੇਠਲਾ ਪਾਣੀ ਕੱਢਿਆ ਜਾ ਰਿਹਾ ਹੈ। ਮੋਟਰਾਂ ਚਲਾਉਣ ਕਰਕੇ ਬਿਜਲੀ ਦੀ ਵੀ ਖਪਤ ਵੱਧ ਹੋ ਰਹੀ ਹੈ।
ਪਿਛਲੇ ਸਾਲਾਂ ਦੇ ਅੰਕੜੇ: ਪਿਛਲੇ ਦੋ ਸਾਲਾਂ ਦੇ ਅੰਕੜਿਆਂ 'ਤੇ ਜ਼ਿਕਰ ਨਜ਼ਰ ਮਾਰੀ ਜਾਵੇ ਤਾਂ ਸਾਲ 2022 ਦੇ ਵਿੱਚ ਜੂਨ ਮਹੀਨੇ ਅੰਦਰ 70.6 MM ਬਾਰਿਸ਼ ਦਰਜ ਕੀਤੀ ਗਈ ਹੈ। ਜਦੋਂ ਕਿ 2023 ਜੂਨ ਮਹੀਨੇ ਦੇ ਵਿੱਚ 94 MM ਬਾਰਿਸ਼ ਹੋਈ, ਜੂਨ ਮਹੀਨੇ ਦੇ ਵਿੱਚ ਆਮ 82.8 MM ਮੀਂਹ ਪੈਂਦਾ ਹੈ। ਜੁਲਾਈ ਮਹੀਨੇ ਦੇ ਵਿੱਚ ਆਮ ਬਾਰਿਸ਼ 220.4 MM ਹੁੰਦੀ ਹੈ ਜਦੋਂ ਕਿ ਇਸ ਸਾਲ ਹੁਣ ਤੱਕ 110 MM ਹੀ ਹੋ ਸਕੀ ਹੈ। ਜੋ ਕਿ ਆਮ ਨਾਲੋਂ 50 ਫੀਸਦੀ ਲੁਧਿਆਣਾ ਦੇ ਵਿੱਚ ਘੱਟ ਹੈ। ਇਸੇ ਤਰ੍ਹਾਂ ਪਿਛਲੇ ਸਾਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਲ 2022 ਦੇ ਵਿੱਚ ਜੁਲਾਈ ਮਹੀਨੇ ਅੰਦਰ 323.8 MM ਬਾਰਿਸ਼ ਜਦੋਂ ਕਿ 2023 ਦੇ ਵਿੱਚ 212.4 MM ਬਾਰਿਸ਼ ਦਰਜ ਹੋਈ ਹੈ।
ਵਾਤਾਵਰਨ ਬਦਲਾਵ ਵਿਭਾਗ:ਅਗਸਤ ਮਹੀਨੇ ਦੇ ਵਿੱਚ ਆਮ ਤੌਰ ਤੇ 190.3 MM ਬਾਰਿਸ਼ ਹੁੰਦੀ ਹੈ, ਜਦਕਿ 2022 ਦੇ ਵਿੱਚ 59.3 MM ਅਤੇ 2023 ਦੇ ਵਿੱਚ 77 MM ਬਾਰਿਸ਼ ਲੁਧਿਆਣਾ ਦੇ ਵਿੱਚ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਸਤੰਬਰ ਮਹੀਨੇ ਦੇ ਵਿੱਚ ਆਮ ਬਾਰਿਸ਼ 106.2 MM ਸਤੰਬਰ 2022 ਦੇ ਵਿੱਚ 190 ਮਿਲੀਮੀਟਰ ਅਤੇ 2023 ਦੇ ਵਿੱਚ 55 MM ਹੀ ਦਰਜ ਕੀਤੀ ਗਈ ਹੈ। ਆਮ ਤੌਰ ਤੇ ਮੌਨਸੂਨ ਦੇ 177 ਦਿਨਾਂ ਦੇ ਵਿੱਚ 599.7 ਮਿਲੀਮੀਟਰ ਮੀਂਹ ਪੈਣਾ ਚਾਹੀਦਾ ਹੈ ਜਦੋਂ ਕਿ 2022 ਦੇ ਵਿੱਚ ਤਾਂ ਇਸ ਤੋਂ ਉੱਪਰ 643.7 ਮਿਲੀਮੀਟਰ ਮੀਂਹ ਪਿਆ ਸੀ। ਜਦਕਿ 2023 ਦੇ ਵਿੱਚ 438.4 ਮਿਲੀਮੀਟਰ ਬਾਰਿਸ਼ ਹੋਈ ਜੋ ਕਿ ਆਮ ਨਾਲੋਂ ਵੀ ਘੱਟ ਸੀ। ਇਹ ਸਾਰਾ ਡਾਟਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਤਾਵਰਨ ਬਦਲਾਵ ਵਿਭਾਗ ਵੱਲੋਂ ਦਰਜ ਕੀਤਾ ਗਿਆ ਹੈ।