ਪਟਿਆਲਾ :ਅੱਜ ਪਟਿਆਲਾ ਨਗਰ ਨਿਗਮ ਦੇ ਸੱਤ ਵਾਰਡਾਂ ਵਿੱਚ ਵੋਟਿੰਗ ਹੋ ਰਹੀ ਹੈ। ਇਨ੍ਹਾਂ ਵਾਰਡਾਂ ਵਿੱਚ ਵਾਰਡ ਨੰਬਰ 1, 32, 33, 36, 40, 48 ਅਤੇ 50 ਸ਼ਾਮਲ ਹਨ। ਉੱਥੇ ਹੀ ਵੋਟਿੰਗ ਦੌਰਾਨ ਇੱਥੇ ਕਾਫੀ ਹੰਗਾਮਾ ਹੋਇਆ। ਪਟਿਆਲਾ 'ਚ ਵਾਰਡ ਨੰਬਰ 40 'ਚ ਸ਼ਰੇਆਮ ਇੱਟਾਂ ਰੋੜੇ ਚੱਲੇ ਤਾਂ ਇਸ ਹੰਗਾਮ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਹਨ।
ਹਰਿਆਣਾ ਨੰਬਰ ਦੀਆਂ ਗੱਡੀਆਂ 'ਚ ਆਏ ਬਦਮਾਸ਼
ਹੰਗਾਮੇ ਤੋਂ ਬਾਅਦ ਪੁਲਿਸ ਨੇ ਮੌਕੇ ਤੋਂ ਬਦਮਾਸ਼ਾਂ ਨੂੰ ਭਜਾਇਆ, ਪਟਿਆਲਾ ਤੋਂ ਭਾਜਪਾ ਆਗੂ ਜੈਇੰਦਰ ਕੌਰ ਨੇ ਕਿਹਾ ਕਿ ਸਾਡੇ ਇੱਕ ਉਮੀਦਵਾਰ ਦਾ ਫੋਨ ਆਇਆ ਹੈ। ਜਿਸ ਨੇ ਦੱਸਿਆ ਕਿ ਲੋਕ ਬਾਹਰੋਂ ਇੱਟਾਂ ਅਤੇ ਤਲਵਾਰਾਂ ਲੈ ਕੇ ਆਏ ਸਨ। ਜਿੱਥੇ ਇੱਕ ਬੂਥ ਸੀ, ਉੱਥੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਬੀਐਸਐਫ ਦਾ ਇੱਕ ਜਵਾਨ ਅਤੇ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮੌਕੇ 'ਤੇ ਫੋਰਸ ਬੁਲਾ ਲਈ। ਹਰਿਆਣਾ ਨੰਬਰ ਦੀਆਂ ਗੱਡੀਆਂ ਵਿੱਚ ਹਮਲਾਵਰ ਆਏ ਹੋਏ ਸਨ।
ਆਪ ਨੇ ਭਾਜਪਾ ਦੇ ਇਲਜ਼ਾਮਾਂ ਨੂੰ ਨਕਾਰਿਆ
ਹਾਲਾਂਕਿ ਆਪ ਆਗੁ ਵੱਲੋਂ ਇਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦੇ ਹੋਏ ਇਸ ਪੂਰੇ ਮਾਮਲੇ 'ਚ ਆਮ ਆਦਮੀ ਪਾਰਟੀ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਾਂਚ ਕੀਤੀ ਜਾਵੇ ਤਾਂ ਜੋ ਪਤਾ ਚੱਲੇ ਕਿ ਇਹ ਬਦਮਾਸ਼ ਭਾਜਪਾ ਦੇ ਹੀ ਹਨ ਜਾਂ ਕਿਸੇ ਹੋਰ ਪਾਰਟੀ ਨਾਲ ਸਬੰਧਿਤ ਸਨ। ਆਪ ਆਗੂ ਅੰਮ੍ਰਿਤਪਾਲ ਸਿੰਘ ਨੇੇ ਕਿਹਾ ਕਿ ਵਿਰੋਧੀ ਪਾਰਟੀ ਹੈ ਉਹਨਾਂ ਨੇ ਇਲਜ਼ਾਮ ਲਗਾਉਣੇ ਹੀ ਹਨ ਪਰ ਲੋਕਾਂ ਦੀਆਂ ਵੋਟਾਂ ਇਹ ਫੈਸਲਾ ਕਰ ਦੇਣਗੀਆਂ ਕਿ ਲੋਕ ਕਿਹੜੀ ਪਾਰਟੀ ਨੂੰ ਪਿਆਰ ਕਰਦੇ ਹਨ।